ਬਿਨਾਂ ਵੀਜ਼ਾ ਬਾਲੀਵੁੱਡ 'ਚ ਕੰਮ ਕਰਨ ਦੇ ਦੋਸ਼ ਹੇਠ 17 ਵਿਦੇਸ਼ੀਆਂ ਖ਼ਿਲਾਫ਼ ਮਾਮਲਾ ਦਰਜ

ਏਜੰਸੀ

ਮਨੋਰੰਜਨ, ਬਾਲੀਵੁੱਡ

ਵਿਦੇਸ਼ੀ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਮਾਮਲਾ

Representational Image

 

ਮੁੰਬਈ - ਮੁੰਬਈ ਪੁਲਿਸ ਨੇ 10 ਔਰਤਾਂ ਸਮੇਤ 17 ਵਿਦੇਸ਼ੀ ਨਾਗਰਿਕਾਂ 'ਤੇ ਮਾਮਲਾ ਦਰਜ ਕੀਤਾ ਹੈ, ਜੋ ਬਿਨਾਂ 'ਵਰਕ ਵੀਜ਼ਾ' ਦੇ ਉਪਨਗਰ ਦਹਿਸਰ ਵਿਖੇ ਬਾਲੀਵੁੱਡ ਫਿਲਮ ਦੀ ਸ਼ੂਟਿੰਗ 'ਚ ਹਿੱਸਾ ਲੈ ਰਹੇ ਸਨ। 

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਸ਼ੁੱਕਰਵਾਰ ਦੇਰ ਰਾਤ ਦਰਜ ਕੀਤਾ ਗਿਆ ਸੀ।

ਦਹਿਸਰ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਪ੍ਰਵੀਨ ਪਾਟਿਲ ਨੇ ਕਿਹਾ, “ਸ਼ਿਕਾਇਤ ਮਿਲਣ ਤੋਂ ਬਾਅਦ, ਅਸੀਂ ਦਹਿਸਰ ਦੇ ਕੋਂਕਣੀ ਪਾੜਾ ਇਲਾਕੇ 'ਚ ਇੱਕ ਟੀਮ ਭੇਜੀ, ਜਿੱਥੇ ਪਤਾ ਲੱਗਿਆ ਕਿ ਬਹੁਤ ਸਾਰੇ ਵਿਦੇਸ਼ੀ ਇੱਕ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਸਨ। ਅਸੀਂ ਉਨ੍ਹਾਂ ਸਭ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਉਨ੍ਹਾਂ ਵਿੱਚੋਂ ਕੁਝ ਬਿਨਾਂ ਵੀਜ਼ੇ ਦੇ ਗ਼ੈਰ-ਕਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 17 ਜਣੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਹਨ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ, “ਇਨ੍ਹਾਂ ਵਿਦੇਸ਼ੀਆਂ ਨੂੰ ਕਥਿਤ ਤੌਰ 'ਤੇ ਇੱਕ ਵਿਅਕਤੀ ਗੋਆ ਲਿਆਇਆ ਸੀ, ਜਿਸ ਦੀ ਹਾਲੇ ਜਾਂਚ ਜਾਰੀ ਹੈ। ਬਾਲੀਵੁੱਡ ਦੇ ਇੱਕ ਉੱਘੇ ਨਿਰਮਾਤਾ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ 'ਚ ਕੰਮ ਕਰਨ ਲਈ ਰੱਖਿਆ, ਜਿਸ ਦੀ ਸ਼ੂਟਿੰਗ ਦਹਿਸਰ ਵਿੱਚ ਹੋ ਰਹੀ ਸੀ।

ਇਨ੍ਹਾਂ ਵਿਦੇਸ਼ੀ ਕਲਾਕਾਰਾਂ ਖ਼ਿਲਾਫ਼ ਵਿਦੇਸ਼ੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ, ਅਤੇ ਜਾਂਚ ਚੱਲ ਰਹੀ ਹੈ।

ਇਹ ਕਾਰਵਾਈ ਮੁੰਬਈ ਕਾਂਗਰਸ ਦੀ ਮਨੋਰੰਜਨ ਉਦਯੋਗ ਸ਼ਾਖਾ ਦੇ ਅਹੁਦੇਦਾਰ ਸ਼੍ਰੀ ਨਾਇਕ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ।

ਨਾਇਕ ਨੇ ਕਿਹਾ, “ਸਾਨੂੰ ਪਤਾ ਲੱਗਿਆ ਸੀ ਕਿ ਗੋਆ ਤੋਂ ਲਿਆਂਦੇ ਗਏ ਬਹੁਤ ਸਾਰੇ ਵਿਦੇਸ਼ੀ ਦਹਿਸਰ ਦੇ ਐਲ.ਪੀ. ਸ਼ਿੰਗਟੇ ਫ਼ਿਲਮ ਸਟੂਡੀਓ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਨ੍ਹਾਂ ਲੋਕਾਂ ਕੋਲ ਸਹੀ ‘ਵਰਕ ਵੀਜ਼ਾ’ ਨਹੀਂ ਸੀ। ਇਸ ਲਈ ਅਸੀਂ ਪੁਲਿਸ ਕੋਲ ਪਹੁੰਚ ਕੀਤੀ।"