ਮਹਾਭਾਰਤ ਵਾਲੇ 'ਦੁਰਯੋਧਨ' ਦੀ ਈ-ਮੇਲ ਹੈਕ ਕਰਕੇ ਕੀਤੀ 13 ਲੱਖ ਤੋਂ ਵੱਧ ਦੀ ਠੱਗੀ, ਆਇਆ ਪੁਲਿਸ ਅੜਿੱਕੇ   

ਏਜੰਸੀ

ਮਨੋਰੰਜਨ, ਬਾਲੀਵੁੱਡ

ਅਭਿਨੇਤਾ ਪੁਨੀਤ ਇੱਸਰ ਨੇ ਓਸ਼ੀਵਾਰਾ ਥਾਣੇ 'ਚ ਦਿੱਤੀ ਸੀ ਸ਼ਿਕਾਇਤ

Photo

 

ਮੁੰਬਈ - ਅਭਿਨੇਤਾ ਪੁਨੀਤ ਇੱਸਰ ਦਾ ਈ-ਮੇਲ ਖਾਤਾ ਹੈਕ ਕਰਨ ਅਤੇ ਮੇਲ ਭੇਜ ਕੇ ਦੱਖਣ ਮੁੰਬਈ ਦੇ ਇੱਕ ਪ੍ਰਮੁੱਖ ਸਥਾਨ 'ਤੇ ਉਨ੍ਹਾਂ ਦੇ ਨਾਟਕ ਦਾ ਸ਼ੋਅ ਰੱਦ ਕਰਵਾ ਕੇ ਬੁਕਿੰਗ ਵਜੋਂ ਅਦਾ ਕੀਤੇ 13.76 ਲੱਖ ਰੁਪਏ ਹੜੱਪਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਇਹ ਘਟਨਾ ਮੰਗਲਵਾਰ ਨੂੰ ਉਦੋਂ ਸਾਹਮਣੇ ਆਈ ਜਦੋਂ ਇੱਸਰ ਨੇ ਆਪਣੀ ਈ-ਮੇਲ ਵਰਤਣ ਦੀ ਕੋਸ਼ਿਸ਼ ਕੀਤੀ, ਅਤੇ ਉਨ੍ਹਾਂ ਨੂੰ ਕੁਝ ਗੜਬੜੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਇੱਸਰ ਨੇ ਓਸ਼ੀਵਾਰਾ ਥਾਣੇ 'ਚ ਸ਼ਿਕਾਇਤ ਦਿੱਤੀ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਪੜਤਾਲ ਦੌਰਾਨ, ਅਸੀਂ ਇੱਸਰ ਦੇ ਸ਼ੋਅ ਜੈ ਸ਼੍ਰੀ ਰਾਮ-ਰਾਮਾਇਣ ਨੂੰ ਰੱਦ ਕਰਨ ਬਾਰੇ ਐੱਨ.ਸੀ.ਪੀ.ਏ. ਤੋਂ ਪੁੱਛਗਿੱਛ ਕੀਤੀ ਅਤੇ ਬੈਂਕ ਖਾਤੇ ਵਿੱਚ 13.76 ਲੱਖ ਰੁਪਏ ਟ੍ਰਾਂਸਫਰ ਕਰਨ ਦੇ ਵੇਰਵੇ ਪ੍ਰਾਪਤ ਕੀਤੇ।" ਇਸ ਵੇਰਵੇ ਦੇ ਆਧਾਰ 'ਤੇ ਅਸੀਂ ਮੁਲਜ਼ਮ ਨੂੰ ਉੱਤਰੀ ਮੁੰਬਈ ਦੇ ਮਾਲਵਾਨੀ ਇਲਾਕੇ ਤੋਂ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਅਤੇ ਅਦਾਲਤ ਨੇ ਉਸ ਨੂੰ 28 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।