ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਾਮੇਡੀਅਨ ਭਾਰਤੀ ਸਿੰਘ ਨੂੰ ਵੱਡੀ ਰਾਹਤ
ਹਾਈਕੋਰਟ ਵੱਲੋਂ ਹਾਲ ਦੀ ਘੜੀ ਪੰਜਾਬ ਪੁਲੀਸ ਨੂੰ ਇਨ੍ਹਾਂ ਤਿੰਨਾਂ ਖਿਲਾਫ ਸਖ਼ਤ ਕਾਰਵਾਈ ਕਰਨ ਤੋਂ ਰੋਕਿਆ ਗਿਆ ਹੈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਕਾਮੇਡੀਅਨ ਭਾਰਤੀ ਸਿੰਘ ਵਿਰੁੱਧ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਰੋਕ ਦਿੱਤਾ ਹੈ। ਬਿਲਕੁਲ ਅਜਿਹਾ ਹੁਕਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਫ਼ਿਲਮਸਾਜ਼ ਫ਼ਰਾਹ ਖ਼ਾਨ ਅਤੇ ਅਦਾਕਾਰਾ ਰਵੀਨਾ ਟੰਡਨ ਲਈ ਵੀ ਜਾਰੀ ਕੀਤਾ ਸੀ।
ਭਾਰਤੀ ਸਿੰਘ ਨੇ ਵੀ ਹੁਣ ਅਦਾਲਤ ਤੱਕ ਪਹੁੰਚ ਕਰ ਕੇ ਮੰਗ ਕੀਤੀ ਸੀ ਕਿ ਉਸ ਵਿਰੁੱਧ ਪਿਛਲੇ ਵਰ੍ਹੇ 25 ਦਸੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰ ਅਜਨਾਲ਼ਾ ਦੀ ਪੁਲਿਸ ਵੱਲੋਂ ਦਰਜ ਕੀਤੀ ਐੱਫ਼ਆਈਆਰ ਰੱਦ ਕਰਵਾਈ ਜਾਵੇ। ਚੇਤੇ ਰਹੇ ਕਿ ਭਾਰਤੀ ਸਿੰਘ ਦੇ ਨਾਲ–ਨਾਲ ਫ਼ਰਾਹ ਖ਼ਾਨ ਤੇ ਰਵੀਨਾ ਟੰਡਨ ’ਤੇ ਦੋਸ਼ ਹੈ ਕਿ ਉਨ੍ਹਾਂ ਤਿੰਨਾਂ ਨੇ ਇੱਕ ਟੀਵੀ ਪ੍ਰੋਗਰਾਮ ਦੌਰਾਨ ਮਸੀਹੀ ਸ਼ਬਦ ‘ਹੈਲੀਲੂਈਆ’ ਦਾ ਅਸ਼ਲੀਲ ਤਰੀਕੇ ਨਾਲ ਮਜ਼ਾਕ ਉਡਾਇਆ ਸੀ।
ਇਨ੍ਹਾਂ ਤਿੰਨਾਂ ਵਿਰੁੱਧ ਅਜਨਾਲਾ ਦੇ ਨਾਲ–ਨਾਲ ਫ਼ਿਰੋਜ਼ਪੁਰ ਦੇ ਪੁਲਿਸ ਥਾਣੇ ’ਚ ਵੀ ਐੱਫ਼ਆਈਆਰ ਦਰਜ ਕਰਵਾਈ ਗਈ ਸੀ। ਉਸ ਟੀਵੀ ਪ੍ਰੋਗਰਾਮ ਦੀਆਂ ਟਿੱਪਣੀਆਂ ਕਾਰਨ ਸਮੂਹ ਮਸੀਹੀ ਭਾਈਚਾਰੇ ’ਚ ਹਾਲੇ ਵੀ ਸਖ਼ਤ ਰੋਹ ਤੇ ਰੋਸ ਹੈ।
ਭਾਰਤੀ ਸਿੰਘ ਦੇ ਵਕੀਲ ਅਭਿਨਵ ਸੁਦ ਨੇ ਕਿਹਾ ਕਿ ਟੀਵੀ ਪ੍ਰੋਗਰਾਮ ਵਿੱਚ ਫ਼ਰਾਹ ਖ਼ਾਨ ਮੇਜ਼ਬਾਨ ਸੀ ਤੇ ਉਸ ਨੇ ਭਾਰਤੀ ਸਿੰਘ ਤੇ ਅਦਾਕਾਰਾ ਨੂੰ ਮਸੀਹੀ ਸ਼ਬਦ ‘ਹੈਲੀਲੂਈਆ’ (Hallelujah) ਦੇ ਅੰਗਰੇਜ਼ੀ ਵਿੱਚ ਸ਼ਬਦ–ਜੋੜ ਬਲੈਕ–ਬੋਰਡ ’ਤੇ ਲਿਖਣ ਤੇ ਇਸ ਦਾ ਸ਼ਾਬਦਿਕ ਅਰਥ ਦੱਸਣ ਲਈ ਆਖਿਆ ਸੀ।
ਰਵੀਨਾ ਟੰਡਨ ਨੇ ਤਾਂ ਇਹ ਸ਼ਬਦ ਬਿਲਕੁਲ ਠੀਕ ਲਿਖਿਆ ਸੀ ਪਰ ਭਾਰਤੀ ਸਿੰਘ ਨੇ ਇਹ ਸ਼ਬਦ ਗ਼ਲਤ ਲਿਖਿਆ ਸੀ। ਵਕੀਲ ਨੇ ਉਹੀ ਨੁਕਤਾ ਫੜ ਲਿਆ ਕਿ ਭਾਰਤੀ ਨੂੰ ਤਾਂ ਇਸ ਸ਼ਬਦ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਤੇ ਉਹ ਤਾਂ ਹਿੰਦੀ ਦੇ ਕਿਸੇ ਹੋਰ ਸ਼ਬਦ ਦਾ ਜ਼ਿਕਰ ਕਰ ਰਹੀ ਸੀ।
ਇੰਝ ਵਕੀਲ ਨੇ ਅਦਾਲਤ ਸਾਹਵੇਂ ਦਲੀਲ ਰੱਖੀ ਕਿ ਮਸੀਹੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਜਾਣਬੁੱਝ ਕੇ ਨਹੀਂ ਪਹੁੰਚਾਈ ਗਈ; ਜੋ ਕੁਝ ਵੀ ਹੋਇਆ, ਉਹ ਅਣਜਾਣੇ ਵਿੱਚ ਹੋਇਆ ਹੈ।