ਜਾਣੋ ਸੰਨੀ ਦਿਓਲ ਬਾਰੇ ਕੁੱਝ ਖਾਸ ਗੱਲਾਂ!

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੰਨੀ ਦਿਓਲ ਬਾਰੇ ਕੁਝ ਉਹ ਗੱਲਾਂ ਜਿਨ੍ਹਾਂ ਬਾਰੇ ਹਰ ਕਿਸੇ ਨੂੰ ਨਹੀਂ ਪਤਾ

Sunny Deol

ਮੁੰਬਈ- ਬਾਲੀਵੁੱਡ ਫ਼ਿਲਮਾਂ ਤੋਂ ਬਾਅਦ ਸੰਨੀ ਦਿਓਲ ਸਿਆਸੀ ਪਾਰੀ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ। ਸੰਨੀ ਦਿਓਲ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਵਿਚੋਂ ਉਹਨਾਂ ਦੇ ਪਿਤਾ ਧਰਮਿੰਦਰ ਅਤੇ ਮਤਰੇਈ ਮਾਂ ਹੇਮਾ ਮਾਲਿਨੀ ਭਾਜਪਾ ਤੋਂ ਚੋਣ ਲੜ ਚੁੱਕੇ ਹਨ। ਸੰਨੀ ਦਾ ਜਨਮ 19 ਅਕਤੂਬਰ 1956 ਨੂੰ ਪੰਜਾਬ ਵਿਚ ਹੋਇਆ ਸੀ।

ਸੰਨੀ ਦਿਓਲ ਦਾ ਅਸਲੀ ਨਾਂ ਅਜੈ ਸਿੰਘ ਦਿਓਲ ਹੈ। ਛੋਟੇ ਹੁੰਦੇ ਅਜੈ ਸਿੰਘ ਦਿਓਲ ਨੂੰ ਸੰਨੀ ਦਿਓਲ ਕਿਹਾ ਜਾਂਦਾ ਸੀ ਇਸ ਲਈ ਫ਼ਿਲਮਾਂ ਵਿਚ ਵੀ ਉਹਨਾਂ ਦਾ ਨਾਂ ਸੰਨੀ ਦਿਓਲ ਮਸ਼ਹੂਰ ਹੋ ਗਿਆ।

ਸੰਨੀ ਦਿਓਲ ਪ੍ਰਕਾਸ਼ ਕੌਰ ਤੇ ਧਰਮਿੰਦਰ ਦਾ ਬੇਟਾ ਹੈ ਜਦੋਂ ਕਿ ਹੇਮਾ ਮਾਲਿਨੀ ਸੰਨੀ ਦੀ ਮਤਰੇਈ ਮਾਂ ਹੈ। ਸੰਨੀ ਨੇ ਬੇਤਾਬ ਫ਼ਿਲਮ ਨਾਲ 1982 ਵਿਚ ਬਾਲੀਵੁੱਡ ਵਿਚ ਕਦਮ ਰੱਖਿਆ ਸੀ। ਇਸ ਫ਼ਿਲਮ ਵਿਚ ਉਹਨਾਂ ਦੇ ਨਾਲ ਅੰਮ੍ਰਿਤਾ ਸਿੰਘ ਨੇ ਕੰਮ ਕੀਤਾ ਸੀ। ਸੰਨੀ ਦਿਓਲ ਦਾ ਬਾਲੀਵੁੱਡ ਵਿਚ ਸਿੱਕਾ ਚੱਲਦਾ ਹੈ।

ਉਹਨਾਂ ਨੂੰ ਦੋ ਵਾਰ ਕੌਮੀ ਅਵਾਰਡ ਮਿਲ ਚੁੱਕਿਆ ਹੈ। ਪਹਿਲਾ ਕੌਮੀ ਅਵਾਰਡ ਉਹਨਾਂ ਨੂੰ 1990 ਵਿਚ 'ਘਾਇਲ' ਫ਼ਿਲਮ ਲਈ ਮਿਲਿਆ ਸੀ ਜਦੋਂ ਕਿ ਦੂਜਾ ਅਵਾਰਡ ਉਹਨਾਂ ਨੂੰ 1993 ਵਿਚ 'ਦਾਮਿਨੀ' ਫ਼ਿਲਮ ਲਈ ਮਿਲਿਆ ਸੀ। ਸੰਨੀ ਦਿਓਲ ਦੀ ਸਭ ਤੋਂ ਹਿੱਟ ਫ਼ਿਲਮ 'ਗਦਰ ਏਕ ਪ੍ਰੇਮ ਕਥਾ' ਸੀ। ਇਸ ਫ਼ਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ।

ਦਰਸ਼ਕਾਂ ਦੀ ਭੀੜ ਨੂੰ ਦੇਖਦੇ ਹੋਏ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਨੇ ਸਵੇਰ ਦੇ 6ਵਜੇ ਦਾ ਸ਼ੋਅ ਵੀ ਸ਼ੁਰੂ ਕਰ ਦਿੱਤਾ ਸੀ। ਸੰਨੀ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੂਜਾ ਦਿਓਲ ਨਾਲ ਵਿਆਹ ਕਰਵਾਇਆ ਹੈ। ਉਹਨਾਂ ਦੇ ਦੋ ਬੇਟੇ ਕਰਨ ਤੇ ਰਾਜਵੀਰ ਹਨ।

ਸੰਨੀ ਦਿਓਲ ਦੀ ਫ਼ਿਲਮ 'ਦਾਮਿਨੀ' ਵੀ ਸੁਪਰ ਹਿੱਟ ਫ਼ਿਲਮ ਰਹੀ ਹੈ। ਇਸ ਫ਼ਿਲਮ ਦੇ ਡਾਈਲੌਗ ਏਨੇਂ ਮਕਬੂਲ ਹੋਏ ਸਨ ਕਿ ਹਰ ਇੱਕ ਦੀ ਜ਼ੁਬਾਨ ਤੇ ਚੜ੍ਹ ਗਏ ਸਨ। ਸੰਨੀ ਦਿਓਲ ਨੇ ਹੁਣ ਤੱਕ ਬਾਲੀਵੁੱਡ 'ਚ 1੦੦ ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਦੱਸ ਦਈਏ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਹਨ।