Aamir Khan: ਆਮਿਰ ਖ਼ਾਨ ਨੇ ਕਿਉਂ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਤੋਂ ਕੀਤਾ ਸੀ ਇਨਕਾਰ? ਪੰਜਾਬੀਆਂ ਦੀ ਵੀ ਕੀਤੀ ਤਾਰੀਫ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ‘ਸਤਿ ਸ੍ਰੀ ਅਕਾਲ’ ਦੀ ਤਾਕਤ ਉਦੋਂ ਸਿੱਖੀ, ਜਦੋਂ ਉਹ ਉਥੋਂ ਦੇ ਇਕ ਪਿੰਡ 'ਚ 'ਦੰਗਲ' ਫਿਲਮ ਦੀ ਸ਼ੂਟਿੰਗ ਕਰਨ ਗਏ ਸਨ

Aamir Khan told why he refused the role of Shaheed Bhagat Singh

Aamir Khan: ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਤਾਜ਼ਾ ਐਪੀਸੋਡ 'ਚ ਅਪਣੇ ਕਰੀਅਰ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ। ਹਰ ਕੋਈ ਜਾਣਦਾ ਹੈ ਕਿ ਆਮਿਰ ਨੇ ਅਪਣੇ ਫਿਲਮੀ ਸਫ਼ਰ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਉਨ੍ਹਾਂ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਅਪਣੇ ਵਲੋਂ ਨਿਭਾਏ ਗਏ ਸੱਭ ਤੋਂ ਅਹਿਮ ਕਿਰਦਾਰ ਬਾਰੇ ਗੱਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀਆਂ ਦੇ ਨਿਮਰ ਸੁਭਾਅ ਦੀ ਸ਼ਲਾਘਾ ਕੀਤੀ। ਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ‘ਸਤਿ ਸ੍ਰੀ ਅਕਾਲ’ ਦੀ ਤਾਕਤ ਉਦੋਂ ਸਿੱਖੀ, ਜਦੋਂ ਉਹ ਉਥੋਂ ਦੇ ਇਕ ਪਿੰਡ 'ਚ 'ਦੰਗਲ' (2016) ਫਿਲਮ ਦੀ ਸ਼ੂਟਿੰਗ ਕਰਨ ਗਏ ਸਨ।

ਕਪਿਲ ਸ਼ਰਮਾ ਨੇ ਆਮਿਰ ਖਾਨ ਨਾਲ ਗੱਲ ਕਰਦੇ ਹੋਏ ਪੁੱਛਿਆ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਿਉਂ ਕੀਤਾ ਸੀ। ਇਸ ਦੇ ਜਵਾਬ ਵਿਚ ਆਮਿਰ ਖਾਨ ਨੇ ਕਿਹਾ, ‘ਭਗਤ ਸਿੰਘ ਜੀ ਇਕ ਇਤਿਹਾਸਕ ਸ਼ਖਸੀਅਤ ਹਨ ਅਤੇ ਉਹ ਸਾਡੇ ਲਈ ਬਹੁਤ ਮਹੱਤਵਪੂਰਨ ਵਿਅਕਤੀ ਹਨ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ 23 ਸਾਲ ਦੀ ਉਮਰ ਵਿਚ ਕੀ ਕੀਤਾ ਹੈ। ਉਨ੍ਹਾਂ ਦੀ ਖ਼ੂਬਸੂਰਤੀ ਸੀ ਕਿ 22-23 ਸਾਲ ਦਾ ਨੌਜਵਾਨ ਮੁੰਡਾ ਕਟਹਿੜੇ ਵਿਚ ਖੜ੍ਹਾ ਹੋ ਕੇ, ਜਿਸ ਦੇ ਅਜੇ ਮੁੱਛਾਂ ਵੀ ਨਹੀਂ ਆਈਆਂ, ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ। ਜੇਕਰ ਮੈਂ 40 ਸਾਲ ਦੇ ਕਰੀਬ ਦਾ ਵਿਅਕਤੀ ਇਹ ਕਿਰਦਾਰ ਨਿਭਾਉਂਦਾ ਤਾਂ ਮਜ਼ਾ ਨਹੀਂ ਆਉਣਾ ਸੀ’।

 

 

ਪੰਜਾਬੀਆਂ ਦੀ ਵੀ ਕੀਤੀ ਤਾਰੀਫ਼

ਆਮਿਰ ਖਾਨ ਨੇ ਕਿਹਾ, ‘ਅਸੀਂ 'ਰੰਗ ਦੇ ਬਸੰਤੀ' ਦੀ ਸ਼ੂਟਿੰਗ ਪੰਜਾਬ 'ਚ ਕੀਤੀ ਅਤੇ ਮੈਨੂੰ ਪੰਜਾਬ ਬਹੁਤ ਪਸੰਦ ਆਇਆ। ਪੰਜਾਬੀ ਪਿਆਰ ਤੇ ਸੱਭਿਆਚਾਰ ਨਾਲ ਭਰਪੂਰ ਹਨ। ਜਦੋਂ ਅਸੀਂ 'ਦੰਗਲ' ਦੀ ਸ਼ੂਟਿੰਗ ਕਰਨ ਗਏ ਤਾਂ ਇਕ ਛੋਟਾ ਜਿਹਾ ਪਿੰਡ ਸੀ, ਜਿਥੇ ਅਸੀਂ ਸ਼ੂਟਿੰਗ ਕਰ ਰਹੇ ਸੀ। ਅਸੀਂ ਉਸ ਜਗ੍ਹਾ ਅਤੇ ਉਸ ਘਰ 'ਚ ਦੋ ਮਹੀਨਿਆਂ ਤੋਂ ਵੱਧ ਸਮੇਂ ਤਕ ਸ਼ੂਟਿੰਗ ਕੀਤੀ’।

ਉਨ੍ਹਾਂ ਅੱਗੇ ਕਿਹਾ, 'ਜਦੋਂ ਮੈਂ ਸਵੇਰੇ 5 ਜਾਂ 6 ਵਜੇ ਦੇ ਕਰੀਬ ਉਥੇ ਪਹੁੰਚਦਾ ਸੀ ਤਾਂ ਲੋਕ ਹੱਥ ਜੋੜ ਕੇ ਮੇਰਾ ਸਵਾਗਤ ਕਰਨ ਲਈ ਘਰ ਦੇ ਬਾਹਰ ਖੜ੍ਹੇ ਹੋ ਜਾਂਦੇ ਸਨ ਤੇ 'ਸਤਿ ਸ੍ਰੀ ਅਕਾਲ' ਬੁਲਾਉਂਦੇ ਸਨ। ਉਨ੍ਹਾਂ ਨੇ ਕਦੇ ਮੈਨੂੰ ਤੰਗ ਨਹੀਂ ਕੀਤਾ, ਕਦੇ ਮੇਰੀ ਕਾਰ ਨਹੀਂ ਰੋਕੀ, ਮੇਰੇ ਪੈਕ-ਅੱਪ ਤੋਂ ਬਾਅਦ, ਜਦੋਂ ਮੈਂ ਵਾਪਸ ਆਉਂਦਾ, ਤਾਂ ਉਹ ਦੁਬਾਰਾ ਘਰ ਦੇ ਬਾਹਰ ਖੜ੍ਹੇ ਹੋ ਜਾਂਦੇ ਅਤੇ ਮੈਨੂੰ ਗੁੱਡ ਨਾਈਟ ਬੋਲ ਕੇ ਜਾਂਦੇ’।

ਆਮਿਰ ਖ਼ਾਨ ਨੇ ਕਿਹਾ, 'ਮੈਂ ਇਕ ਮੁਸਲਿਮ ਪਰਿਵਾਰ ਤੋਂ ਹਾਂ, ਮੈਨੂੰ ਹੱਥ ਜੋੜਨ ਦੀ ਆਦਤ ਨਹੀਂ ਹੈ। ਮੈਨੂੰ ਹੱਥ ਚੁੱਕ ਕੇ ਆਦਾਬ ਕਰਨ ਦੀ ਆਦਤ ਹੈ (ਨਿਮਰਤਾ ਦਾ ਸੰਕੇਤ, ਜਿਸ ਤਰ੍ਹਾਂ ਮੁਸਲਮਾਨ ਇਕ ਦੂਜੇ ਨੂੰ ਨਮਸਕਾਰ ਕਰਦੇ ਹਨ)। ਢਾਈ ਮਹੀਨੇ ਪੰਜਾਬ ਵਿਚ ਬਿਤਾਉਣ ਤੋਂ ਬਾਅਦ ਮੈਨੂੰ ਹੱਥ ਜੋੜਨ ਦੀ ਤਾਕਤ ਦਾ ਅਹਿਸਾਸ ਹੋਇਆ। ਇਹ ਇਕ ਅਦਭੁਤ ਅਹਿਸਾਸ ਹੈ। ਪੰਜਾਬ ਦੇ ਲੋਕ ਸਾਰਿਆਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਕੱਦ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੇ।

 

 

ਥ੍ਰੀ ਇਡੀਅਟਸ ਵਿਚ 18 ਸਾਲਾ ਨੌਜਵਾਨ ਦੀ ਭੂਮਿਕਾ ਨਿਭਾਉਣ ਬਾਰੇ ਕੀ ਬੋਲੇ

ਆਮਿਰ ਖਾਨ ਨੇ ਉਮਰ ਦਾ ਹਵਾਲਾ ਦਿੰਦੇ ਹੋਏ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿਤਾ ਸੀ ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਫਿਲਮ 'ਥ੍ਰੀ ਇਡੀਅਟਸ' 'ਚ 18 ਸਾਲ ਦੇ ਲੜਕੇ ਦਾ ਕਿਰਦਾਰ ਨਿਭਾਇਆ ਹੈ। ਉਸ ਸਮੇਂ ਉਹ 40 ਤੋਂ ਵੱਧ ਸਨ। ਕਪਿਲ ਦੇ ਸ਼ੋਅ 'ਚ ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਆਮਿਰ ਖਾਨ ਨੇ ਕਿਹਾ ਕਿ ਉਹ ਇਹ ਫਿਲਮ ਵੀ ਨਹੀਂ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਲੱਗਦਾ ਸੀ ਕਿ ਲੋਕ ਹੱਸਣਗੇ, ਕਿਉਂਕਿ ਉਹ 44 ਸਾਲ ਦੇ ਸੀ ਅਤੇ ਉਨ੍ਹਾਂ ਨੇ 18 ਸਾਲ ਦੇ ਲੜਕੇ ਦਾ ਕਿਰਦਾਰ ਨਿਭਾਉਣਾ ਸੀ। ਆਮਿਰ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਰਾਜਕੁਮਾਰ ਹਿਰਾਨੀ ਨੂੰ ਤਿੰਨ ਨੌਜਵਾਨ ਕਲਾਕਾਰਾਂ ਨੂੰ ਚੁਣਨ ਲਈ ਕਿਹਾ ਸੀ, ਪਰ ਹਿਰਾਨੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਦੇ ਪਿੱਛੇ ਪੈ ਗਏ।

ਆਮਿਰ ਖਾਨ ਨੇ ਅੱਗੇ ਕਿਹਾ ਕਿ 'ਥ੍ਰੀ ਇਡੀਅਟਸ' 'ਚ ਉਨ੍ਹਾਂ ਦਾ ਇਕ ਡਾਇਲਾਗ ਹੈ- 'ਸਫਲਤਾ ਦੇ ਪਿੱਛੇ ਨਾ ਭੱਜੋ, ਉੱਤਮਤਾ ਦਾ ਪਿੱਛਾ ਕਰੋ, ਸਫਲਤਾ ਜਲਦੀ ਤੁਹਾਡੇ ਪਿੱਛੇ ਆਵੇਗੀ’। ਉਨ੍ਹਾਂ ਕਿਹਾ ਕਿ ਇਸ ਫਿਲਮ ਪਿੱਛੇ ਹਿਰਾਨੀ ਦਾ ਮੁੱਖ ਵਿਚਾਰ ਸੀ। ਉਸ ਦੌਰਾਨ ਰਾਜੂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਕਈ ਅਜਿਹੀਆਂ ਫਿਲਮਾਂ ਕੀਤੀਆਂ ਹਨ ਜੋ ਕਦੇ ਹਿੱਟ ਨਹੀਂ ਹੋ ਸਕਦੀਆਂ ਸਨ। ਫਿਰ ਤੁਸੀਂ ਉਨ੍ਹਾਂ ਫਿਲਮਾਂ ਵਿਚ ਕੰਮ ਕਿਉਂ ਕੀਤਾ? ਤੁਸੀਂ ਉਨ੍ਹਾਂ ਫ਼ਿਲਮਾਂ ਵਿਚ ਇਹ ਸੋਚ ਕੇ ਕੰਮ ਨਹੀਂ ਕੀਤਾ ਕਿ ਤੁਹਾਨੂੰ ਸਫ਼ਲਤਾ ਮਿਲੇਗੀ। ਇਹ ਤੁਹਾਡਾ ਜਨੂੰਨ ਸੀ। ਇਸ ਲਈ ਤੁਸੀਂ ਉਹ ਫਿਲਮਾਂ ਕੀਤੀਆਂ ਅਤੇ ਸਫਲਤਾ ਤੁਹਾਡੇ ਪਿੱਛੇ ਚਲੀ ਗਈ। ਤੁਹਾਡਾ ਪੂਰਾ ਫਿਲਮੀ ਕਰੀਅਰ ਇਸੇ ਬਾਰੇ ਰਿਹਾ ਹੈ ਅਤੇ ਜੇਕਰ ਤੁਸੀਂ ਡਾਇਲਾਗ ਬੋਲੋਗੇ ਤਾਂ ਲੋਕ ਇਸ 'ਤੇ ਵਿਸ਼ਵਾਸ ਕਰਨਗੇ।