ਇਜ਼ਰਾਈਲੀ ਫਿਲਮ ਨਿਰਮਾਤਾ ਦੇ ਬਿਆਨ ’ਤੇ ਵਿਵਾਦ: The Kashmir Files ਨੂੰ ਕਿਹਾ ‘ਪ੍ਰਾਪੋਗੰਡਾ’ ਅਤੇ ‘ਅਸ਼ਲੀਲ’ ਫ਼ਿਲਮ

ਏਜੰਸੀ

ਮਨੋਰੰਜਨ, ਬਾਲੀਵੁੱਡ

ਫ਼ਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਅਤੇ ਅਦਾਕਾਰ ਅਨੁਪਮ ਖੇਰ ਨੇ ਕੀਤੀ ਅਲੋਚਨਾ

IFFI Jury Head Criticises 'The Kashmir Files'

 

ਪਣਜੀ: ਭਾਰਤ ਦੇ 53ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ (IFFI) ਦੇ ਜਿਊਰੀ ਮੁਖੀ ਅਤੇ ਇਜ਼ਰਾਈਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਨੇ ਹਿੰਦੀ ਫਿਲਮ ''ਦਿ ਕਸ਼ਮੀਰ ਫਾਈਲਜ਼ '' ਨੂੰ ‘ਪ੍ਰਾਪੋਗੰਡਾ’ ਅਤੇ 'ਅਸ਼ਲੀਲ' ਕਰਾਰ ਦਿੱਤਾ ਹੈ। ਉਧਰ ਫਿਲਮ ਫੈਸਟੀਵਲ ਦੀ ਜਿਊਰੀ ਨੇ ਵੀ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ। ਉਹਨਾਂ ਕਿਹਾ ਕਿ ਇਹ ਲੈਪਿਡ ਦੀ ਨਿੱਜੀ ਰਾਇ ਹੈ।

ਫਿਲਮ ਫੈਸਟੀਵਲ 2022 ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਲੈਪਿਡ ਨੇ ਕਿਹਾ ਕਿ ਉਹ ਫੈਸਟੀਵਲ ਵਿਚ ਦਿਖਾਈ ਜਾ ਰਹੀ ਫਿਲਮ ਤੋਂ "ਪ੍ਰੇਸ਼ਾਨ ਅਤੇ ਹੈਰਾਨ" ਹਨ। ਉਹਨਾਂ  ਕਿਹਾ, ''ਫਿਲਮ 'ਦਿ ਕਸ਼ਮੀਰ ਫਾਈਲਜ਼ ' ਤੋਂ ਅਸੀਂ ਸਾਰੇ ਪਰੇਸ਼ਾਨ ਅਤੇ ਹੈਰਾਨ ਹਾਂ। ਇਹ ਸਾਨੂੰ ਇਕ ਪ੍ਰਾਪੋਗੰਡਾ ਅਤੇ ਭੱਦੀ ਫਿਲਮ ਦੀ ਤਰ੍ਹਾਂ ਲੱਗੀ, ਜੋ ਅਜਿਹੇ ਵੱਕਾਰੀ ਫਿਲਮ ਫੈਸਟੀਵਲ ਦੇ ਇਕ ਕਲਾਤਮਕ ਅਤੇ ਪ੍ਰਤੀਯੋਗੀ ਭਾਗ ਲਈ ਅਣਉਚਿਤ ਸੀ।"

ਲੈਪਿਡ ਨੇ ਕਿਹਾ, “ਮੈਂ ਤੁਹਾਡੇ ਨਾਲ ਇਸ ਭਾਵਨਾ ਨੂੰ ਸ਼ਰੇਆਮ ਸਾਂਝਾ ਕਰਨ ਵਿਚ ਆਰਾਮਦਾਇਕ ਮਹਿਸੂਸ ਕਰਦਾ ਹਾਂ ਕਿਉਂਕਿ ਫੈਸਟੀਵਲ ਦੀ ਭਾਵਨਾ ਅਸਲ ਵਿੱਚ ਉਸ ਆਲੋਚਨਾਤਮਕ ਚਰਚਾ ਨੂੰ ਗ੍ਰਹਿਣ ਕਰ ਸਕਦੀ ਹੈ ਜੋ ਕਲਾ ਅਤੇ ਜੀਵਨ ਲਈ ਬਹੁਤ ਜ਼ਰੂਰੀ ਹੈ”। ਇਸ ਤੋਂ ਇਕ ਦਿਨ ਬਾਅਦ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸੱਚਾਈ ਸਭ ਤੋਂ ਖਤਰਨਾਕ ਚੀਜ਼ ਹੈ ਕਿਉਂਕਿ ਇਹ ਲੋਕਾਂ ਨੂੰ ਝੂਠਾ ਬਣਾ ਸਕਦੀ ਹੈ। ਇਸ ਤੋਂ ਪਹਿਲਾਂ ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਝੂਠ 'ਤੇ ਜਿੱਤ ਹੁੰਦੀ ਹੈ।

'ਦਿ ਕਸ਼ਮੀਰ ਫਾਈਲਜ਼' ਇਸ ਸਾਲ 11 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ IFFI ਦੇ 'ਭਾਰਤੀ ਪੈਨੋਰਮਾ ਸੈਕਸ਼ਨ' ਦਾ ਹਿੱਸਾ ਸੀ ਅਤੇ 22 ਨਵੰਬਰ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਆਲੋਚਨਾਵਾਂ ਦੇ ਬਾਵਜੂਦ ਇਸ ਨੇ ਬਾਕਸ ਆਫਿਸ 'ਤੇ 330 ਕਰੋੜ ਰੁਪਏ ਕਮਾਏ। ਫਿਲਮ ਨੇ ਰਾਜਨੀਤਿਕ ਪਾਰਟੀਆਂ ਵਿਚਕਾਰ ਬਹਿਸ ਵੀ ਸ਼ੁਰੂ ਕਰ ਦਿੱਤੀ ਜਦੋਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੁਆਰਾ ਸ਼ਾਸਿਤ ਕਈ ਰਾਜਾਂ ਨੇ ਇਸ ਨੂੰ ਮਨੋਰੰਜਨ ਟੈਕਸ ਤੋਂ ਛੋਟ ਦਿੱਤੀ।

ਇਜ਼ਰਾਈਲ ਦੇ ਭਾਰਤ ਵਿਚ ਰਾਜਦੂਤ ਨੇ ਕੀਤੀ ਨਖੇਧੀ

ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਨੋਰ ਗਿਲੋਨ ਨੇ ਵੀ ਲਪਿਡ ਦੇ ਬਿਆਨ ਦੀ ਨਖੇਧੀ ਕੀਤੀ ਹੈ। ਉਹਨਾਂ ਨੇ ਟਵੀਟ ਜ਼ਰੀਏ ਨਦਾਵ ਲਪਿਡ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ। ਉਹਨਾਂ ਲਿਖਿਆ, “ਨਦਾਵ ਲਪਿਡ ਦੇ ਕਸ਼ਮੀਰ ਫਾਈਲਜ਼ ਸਬੰਧੀ ਬਿਆਨ ਤੋਂ ਬਾਅਦ ਉਹਨਾਂ ਲਈ ਇਕ ਖੁੱਲ੍ਹੀ ਚਿੱਠੀ। ਇਹ ਯਹੂਦੀ ਨਹੀਂ ਹੈ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਭਾਰਤੀ ਭੈਣ ਭਰਾਵਾਂ ਨੂੰ ਸਮਝਿਆ ਜਾਵੇ। ਇਹ ਮੁਕਾਲਬਤਨ ਲੰਬਾ ਵੀ ਹੈ ਇਸ ਲਈ ਮੈਂ ਆਖ਼ਰੀ ਗੱਲ ਪਹਿਲਾਂ ਕਹਾਂਗਾ। ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇੱਥੇ ਦੇਖੋ ਕਿਉਂ...”