ਰਵੀਨਾ, ਫਰਾਹ ਤੇ ਭਾਰਤੀ ਖ਼ਿਲਾਫ ਦੂਜਾ ਮਾਮਲਾ ਦਰਜ, ਜਾਣੋ ਕਾਰਨ

ਏਜੰਸੀ

ਮਨੋਰੰਜਨ, ਬਾਲੀਵੁੱਡ

ਹਾਲੀਆ ਮਾਮਲਾ ਫਿਰੋਜ਼ਪੁਰ ਛਾਉਣੀ ਵਿਚ ਸ਼ਨੀਵਾਰ ਨੂੰ ਦਰਜ ਕਰਵਾਇਆ ਗਿਆ ਹੈ।

Photo

ਫਿਰੋਜ਼ਪੁਰ: ਟੀਵੀ ਸ਼ੋਅ ‘ਤੇ ਇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ ‘ਤੇ ਠੇਸ ਪਹੁੰਚਾਉਣ ਨੂੰ ਲੈ ਕੇ ਅਭਿਨੇਤਰੀ ਰਵੀਨਾ ਟੰਡਨ, ਨਿਰਦੇਸ਼ਕ ਫਰਾਹ ਖਾਨ ਅਤੇ ਕਾਮੇਡੀਅਨ ਭਾਰਤੀ ਸਿੰਘ ‘ਤੇ ਪੰਜਾਬ ਪੁਲਿਸ ਕੋਲ ਦੂਜਾ ਮਾਮਲਾ ਦਰਜ ਕਰਵਾਇਆ ਗਿਆ ਹੈ। ਹਾਲੀਆ ਮਾਮਲਾ ਫਿਰੋਜ਼ਪੁਰ ਛਾਉਣੀ ਵਿਚ ਸ਼ਨੀਵਾਰ ਨੂੰ ਦਰਜ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਸ਼ਹਿਰ ਵਿਚ ਦਰਜ ਕਰਵਾਇਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ਉਤੇ ਪ੍ਰੋਗਰਾਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਮਾਫੀ ਮੰਗ ਲਈ ਸੀ। ਇਸ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਾਮਲੇ ਨੂੰ ਲੈ ਕੇ ਰਵੀਨਾ ਟੰਡਨ ਨੇ ਟਵੀਟ ਕੀਤਾ, ''ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ। ਮੈਂ ਅਜਿਹਾ ਇਕ ਵੀ ਸ਼ਬਦ ਨਹੀਂ ਕਿਹਾ, ਜਿਸ ਨਾਲ ਕਿਸੇ ਵੀ ਧਰਮ ਦਾ ਅਪਮਾਨ ਹੋਵੇ''।

 


 

''ਸਾਡੇ ਤਿੰਨਾਂ (ਫਰਾਹ ਖਾਨ, ਭਾਰਤੀ ਸਿੰਘ ਤੇ ਮੈਂ) ਕਿਸੇ ਨੂੰ ਨਾਰਾਜ਼ ਕਰਨ ਦੇ ਇਰਾਦੇ ਨਾਲ ਇਹ ਸਭ ਨਹੀਂ ਕੀਤਾ ਪਰ ਜੇਕਰ ਅਸੀਂ ਅਜਿਹਾ ਕੀਤਾ ਹੈ ਤਾਂ ਮੈਂ ਉਨ੍ਹਾਂ ਲੋਕਾਂ ਤੋਂ ਮਾਫੀ ਮੰਗਦੀ ਹਾਂ, ਜਿਨ੍ਹਾਂ ਨੂੰ ਠੇਸ ਪਹੁੰਚੀ।'' ਰਵੀਨਾ ਟੰਡਨ ਤੋਂ ਬਾਅਦ ਫਰਾਨ ਖ਼ਾਨ ਨੇ ਮਾਫੀ ਮੰਗਦਿਆ ਲਿਖਿਆ ਹੈ, ''ਮੈਨੂੰ ਦੁਖ ਹੈ ਕਿ ਇਕ ਐਪੀਸੋਡ ਕਾਰਨ ਅਣਜਾਣੇ 'ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਮੈਂ ਹਰ ਧਰਮ ਦਾ ਸਤਿਕਾਰ ਕਰਦੀ ਹਾਂ ਅਤੇ ਮੇਰਾ ਮਨੋਰਥ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀ ਪੂਰੀ ਟੀਮ ਅਰਥਾਤ ਰਵੀਨਾ ਟੰਡਨ ਅਤੇ ਭਾਰਤੀ ਸਿੰਘ ਵੀ ਦੁਖੀ ਹਨ ਅਤੇ ਅਸੀਂ ਮਾਫੀ ਮੰਗ ਰਹੀਆਂ ਹਾਂ।''

 


 

ਜ਼ਿਕਰਯੋਗ ਹੈ ਕਿ ਅਜਨਾਲਾ ਸ਼ਹਿਰ ਦੇ ਨਿਵਾਸੀ ਅਤੇ ਇਸਾਈ ਮੋਰਚੇ ਦੇ ਚੇਅਰਮੈਨ ਸੋਨੂੰ ਜਫਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਸਿਤਾਰਿਆਂ ਵੱਲੋਂ ਸ਼ਬਦ ‘ਹਾਲੇਲੁਆ’ ਦੇ ਉਚਾਰਣ ਦੀ ਕੋਸ਼ਿਸ਼ ਦੌਰਾਨ ਇਸ ਦਾ ਮਜ਼ਾਕ ਬਣਾਉਣ ਨਾਲ ਇਸਾਈ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ‘ਹਾਲੇਲੁਆ’ਇਸ ਹਿਬਰੂ ਸ਼ਬਦ ਹੈ, ਜਿਸ ਦੀ ਵਰਤੋਂ ਈਸ਼ਵਰ ਲਈ ਕੀਤੀ ਜਾਂਦੀ ਹੈ।