ਆਰੀਅਨ ਖਾਨ ਦੀ ਜ਼ਮਾਨਤ 'ਤੇ ਰਾਮ ਗੋਪਾਲ ਵਰਮਾ ਨੇ ਕੱਸਿਆ ਤੰਜ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਵਰਮਾ ਨੇ ਟਵੀਟ ਕੀਤਾ ਹੈ ਕਿ ਹਰ ਸਾਲ ਦੀਵਾਲੀ 'ਤੇ ਇਕ ਖਾਨ (ਦੀ ਫ਼ਿਲਮ) ਰਿਲੀਜ਼ ਹੁੰਦੀ ਹੈ, ਇਸ ਸਾਲ ਵੀ ਇਕ ਖਾਨ ਰਿਲੀਜ਼ ਹੋਇਆ ਹੈ।

Ram Gopal Verma

ਕਿਹਾ- ਹੁਣ ਤੱਕ  ਦੀਵਾਲੀ 'ਤੇ ਇਕ ਖਾਨ ਦੀ ਫ਼ਿਲਮ ਰਿਲੀਜ਼ ਹੁੰਦੀ ਸੀ, ਇਸ ਸਾਲ ਇਕ ਖਾਨ ਰਿਲੀਜ਼ ਹੋਇਐ 


ਮੁੰਬਈ : ਨਿਰਮਾਤਾ-ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਚੁਟਕੀ ਲਈ ਹੈ। ਵਰਮਾ ਨੇ ਟਵੀਟ ਕੀਤਾ ਹੈ ਕਿ ਹਰ ਸਾਲ ਦੀਵਾਲੀ 'ਤੇ ਇਕ ਖਾਨ (ਦੀ ਫ਼ਿਲਮ) ਰਿਲੀਜ਼ ਹੁੰਦੀ ਹੈ, ਇਸ ਸਾਲ ਵੀ ਇਕ ਖਾਨ ਰਿਲੀਜ਼ ਹੋਇਆ ਹੈ। ਰਾਮ ਗੋਪਾਲ ਵਰਮਾ ਹਮੇਸ਼ਾ ਆਪਣੇ ਵੱਖਰੇ ਅੰਦਾਜ਼ ਅਤੇ ਸਪੱਸ਼ਟ ਵਿਚਾਰਾਂ ਲਈ ਜਾਣੇ ਜਾਂਦੇ ਹਨ। ਇਸ ਵਾਰ ਆਰੀਅਨ ਖਾਨ ਦੀ ਜ਼ਮਾਨਤ ਦਾ ਮੁੱਦਾ ਉਨ੍ਹਾਂ ਦੇ ਨਿਸ਼ਾਨੇ 'ਤੇ ਆਇਆ ਹੈ।

ਦੱਸ ਦਈਏ ਕੀ ਆਰੀਅਨ ਖਾਨ ਸਨਿਚਰਵਾਰ ਯਾਨੀ ਅੱਜ ਸਵੇਰੇ ਆਰਥਰ ਰੋਡ ਜੇਲ ਤੋਂ ਰਿਹਾਅ ਹੋ ਕੇ ਆਪਣੇ ਘਰ ਮੰਨਤ ਪਹੁੰਚੇ। ਆਰਿਅਨ ਦੀ ਜ਼ਮਾਨਤ ਅਤੇ ਉਸ ਦੇ ਘਰ ਪਹੁੰਚਣ ਨੂੰ ਲੈ ਕੇ ਬਾਲੀਵੁੱਡ 'ਚ ਦੋ ਤਰ੍ਹਾਂ ਦੀ ਰਾਏ ਬਣ ਰਹੀ ਹੈ। ਜ਼ਿਆਦਾਤਰ ਲੋਕ ਇਸ ਮਾਮਲੇ 'ਚ ਸ਼ਾਹਰੁਖ ਖਾਨ ਅਤੇ ਆਰੀਅਨ ਦੇ ਪੱਖ 'ਚ ਹਨ, ਜਦਕਿ ਕੁਝ ਲੋਕ ਇਸ ਪੂਰੇ ਮਾਮਲੇ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਨ।

ਰਾਮ ਗੋਪਾਲ ਵਰਮਾ ਨੇ ਆਪਣੇ ਟਵੀਟ 'ਚ ਲਿਖਿਆ- 'ਬਾਲੀਵੁੱਡ 'ਚ ਦੀਵਾਲੀ ਹਮੇਸ਼ਾ ਖਾਨ ਦੀ ਰਿਲੀਜ਼ ਲਈ ਰਿਜ਼ਰਵ ਹੁੰਦੀ ਹੈ। ਇਸ ਸਾਲ ਵੀ ਅਜਿਹਾ ਹੀ ਹੈ, ਇੱਕ ਖਾਨ ਰਿਲੀਜ਼ ਹੋਇਆ ਹੈ। ਦਰਅਸਲ ਰਾਮ ਗੋਪਾਲ ਵਰਮਾ ਨੇ ਸੰਕੇਤ ਦਿਤਾ ਸੀ ਕਿ ਹਰ ਸਾਲ ਦੀਵਾਲੀ 'ਤੇ ਆਮ ਤੌਰ 'ਤੇ ਸਲਮਾਨ, ਸ਼ਾਹਰੁਖ ਜਾਂ ਆਮਿਰ ਖਾਨ ਦੀ ਫ਼ਿਲਮ ਰਿਲੀਜ਼ ਹੁੰਦੀ ਹੈ। ਸ਼ਾਹਰੁਖ ਖਾਨ ਦੀਆਂ ਜ਼ਿਆਦਾਤਰ ਫ਼ਿਲਮਾਂ ਦੀਵਾਲੀ 'ਤੇ ਰਿਲੀਜ਼ ਹੋਈਆਂ ਹਨ।

ਦੱਸਣਯੋਗ ਹੈ ਕੀ ਫ਼ਿਲਮ 'ਦਿਲ ਸੇ' 'ਚ ਸ਼ਾਹਰੁਖ ਦੇ ਸਹਿ- ਅਦਾਕਾਰ ਰਹੇ ਪੀਯੂਸ਼ ਮਿਸ਼ਰਾ ਨੇ ਵੀ ਆਰੀਅਨ ਮਾਮਲੇ 'ਚ ਕੁਝ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਜਦੋਂ ਮੀਡੀਆ ਨੇ ਆਰੀਅਨ ਦੀ ਗ੍ਰਿਫਤਾਰੀ ਅਤੇ ਜ਼ਮਾਨਤ 'ਤੇ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਤਾਂ ਪੀਯੂਸ਼ ਨੇ ਜਵਾਬ ਦਿਤਾ, 'ਮੇਰੀ ਪ੍ਰਤੀਕਿਰਿਆ ਕੀ ਹੋਵੇਗੀ? ਉਸ ਨੇ ਕੀਤਾ, ਉਸ ਨੂੰ ਜ਼ਮਾਨਤ ਮਿਲ ਗਈ, ਉਹ ਬਾਹਰ ਆ ਗਿਆ। ਹੁਣ ਸ਼ਾਹਰੁਖ ਖਾਨ ਕੋਲ ਜਾਓ, ਉਸ ਦੇ ਪੁੱਤਰ ਕੋਲ ਜਾਓ ਜਾਂ ਸਮੀਰ ਵਾਨਖੇੜੇ ਕੋਲ ਜਾਓ। ਮੇਰਾ ਇਸ ਤੋਂ ਕੀ ਮਤਲਬ ਹੈ? ਠੀਕ ਹੈ ਇਹ ਹੋ ਗਿਆ ਹੈ। ਜੋ ਤੁਸੀਂ ਕੀਤਾ ਹੈ, ਤੁਹਾਨੂੰ ਉਸ ਦਾ ਨਤੀਜਾ ਵੀ ਭੁਗਤਣਾ ਪਵੇਗਾ। ਆਪਣੇ ਬੱਚਿਆਂ ਦਾ ਧਿਆਨ ਰੱਖੋ, ਬੱਸ ਇਹੀ ਹੈ।

ਤੁਹਾਨੂੰ ਦੱਸ ਦੇਈਏ ਕੀ ਆਰੀਅਨ ਦੇ ਘਰ ਮੰਨਤ ਦੇ ਬਾਹਰ ਪ੍ਰਸ਼ੰਸਕਾਂ ਦੀ ਵੱਡੀ ਭੀੜ ਹੈ। ਲੋਕ ਆਪਣੇ ਤਰੀਕੇ ਨਾਲ ਜਸ਼ਨ ਮਨਾ ਰਹੇ ਹਨ। ਕੁਝ ਸ਼ਾਹਰੁਖ ਦੇ ਗੀਤਾਂ 'ਤੇ ਵਾਜੇ ਵਜਾ ਰਹੇ ਹਨ ਅਤੇ ਕੁਝ ਬੈਂਡ ਵਜੇ ਨਾਲ ਪਹੁੰਚੇ ਹਨ। ਇਸ ਦੌਰਾਨ ਮੰਨਤ ਦੇ ਬਾਹਰ ਪੁਲਿਸ ਵੀ ਤੈਨਾਤ ਹੈ, ਤਾਂ ਜੋ ਭੀੜ ਬੇਕਾਬੂ ਨਾ ਹੋ ਜਾਵੇ।

ਜ਼ਿਕਰਯੋਗ ਹੈ ਕੀ ਆਰੀਅਨ ਦੀ ਰਿਲੀਜ਼ 'ਚ ਦੇਰੀ ਦਾ ਇੱਕ ਕਾਰਨ ਜੂਹੀ ਚਾਵਲਾ ਦੀ ਫੋਟੋ ਵੀ ਸੀ ਦਰਅਸਲ ਹੋਇਆ ਇਹ ਕਿ ਜਿਵੇਂ ਹੀ ਆਰੀਅਨ ਦੀ ਜ਼ਮਾਨਤੀ ਬਣਨ ਗਈ ਅਦਾਕਾਰਾ ਜੂਹੀ ਚਾਵਲਾ ਕੋਰਟ ਪਹੁੰਚੀ ਤਾਂ ਕਲਰਕ ਨੇ ਦੱਸਿਆ ਕਿ ਉਸ ਦੀ ਪਾਸਪੋਰਟ ਸਾਈਜ਼ ਫ਼ੋਟੋ ਫਾਰਮ 'ਚ ਨਹੀਂ ਸੀ। ਫ਼ੋਟੋ ਲਿਆਉਣ ਵਿਚ ਹੀ 15-20 ਮਿੰਟ ਲੱਗ ਗਏ ਸਨ ਜਿਸ ਕਾਰਨ ਕੱਲ੍ਹ ਆਰੀਅਨ ਨੂੰ ਜੇਲ੍ਹ ਵਿਚ ਹੀ ਰਹਿਣਾ ਪਿਆ ਸੀ।