ਠੰਢ ਤੋਂ ਪਰੇਸ਼ਾਨ ਬਜ਼ੁਰਗ ਮਾਤਾਵਾਂ ਲਈ ‘ਫਰਿਸ਼ਤਾ’ ਬਣੇ ਸੋਨੂੰ ਸੂਦ, ਕਿਹਾ ਹੁਣ ਨਹੀਂ ਲੱਗੇਗੀ ਠੰਢ
20 ਪਿੰਡਾਂ ਨੂੰ ਸਰਦੀ ਦਾ ਸਮਾਨ ਭੇਜਣਗੇ ਸੋਨੂੰ ਸੂਦ
ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੀ ਮਦਦ ਕਰਨ ਤੋਂ ਬਾਅਦ ਸੋਨੂੰ ਸੂਦ ਸੋਸ਼ਲ ਮੀਡੀਆ ‘ਤੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਦੇ ਚਲਦਿਆਂ ਅਦਾਕਾਰ ਦੀ ਦਰਿਆਦਿਲੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।
ਹੁਣ ਅਦਾਕਾਰ ਸੋਨੂੰ ਸੂਦ ਸੋਨਭਦਰ ਤੇ ਮਿਰਜ਼ਾਪੁਰ ਇਲਾਕਿਆਂ ਵਿਚ ਠੰਢ ਤੋਂ ਪਰੇਸ਼ਾਨ ਬਜ਼ੁਰਗਾਂ ਦੀ ਮਦਦ ਲਈ ਅੱਗੇ ਆਏ ਹਨ। ਦਰਅਸਲ ਠੰਢ ਦੇ ਮੌਸਮ ਵਿਚ ਅਪਣੇ ਆਪ ਨੂੰ ਬਚਾਉਣ ਲਈ ਇੱਥੋਂ ਦੇ 20 ਪਿੰਡਾਂ ਦੇ ਲੋਕਾਂ ਕੋਲ ਲੋੜੀਂਦੇ ਸਾਧਨ ਨਹੀਂ ਹਨ, ਜਿਸ ਦੇ ਚਲਦਿਆਂ ਹਰ ਸਾਲ ਸਰਦੀ ਦੇ ਮੌਸਮ ਵਿਚ ਇੱਥੋਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਦਿਆਂ ਇਕ ਟਵੀਟ ਕੀਤਾ ਸੀ। ਵਿਕਾਸ ਦਿਕਸ਼ਿਤ ਨਾਂਅ ਦੇ ਯੂਜ਼ਰ ਨੇ ਲਿਖਿਆ, ‘ਵਾਰਾਣਸੀ ਤੋਂ ਲਗਭਗ 80 ਕਿਲੋਮੀਟਰ ਦੂਰ ਨਕਸਲ ਪ੍ਰਭਾਵਿਤ ਖੇਤਰ ਮਿਰਜ਼ਾਪੁਰ ਤੇ ਸੋਨਭਦਰ ਦੇ 20 ਅਜਿਹੇ ਪਿੰਡ ਹਨ, ਜਿੱਥੇ ਬਜ਼ੁਰਗ ਮਾਤਾਵਾਂ ਹਰ ਸਾਲ ਇਸ ਉਮੀਦ ਨਾਲ ਠੰਢ ਸਹਾਰ ਲੈਂਦੀਆਂ ਹਨ ਕਿ ਕੋਈ ਫਰਿਸ਼ਤਾ ਉਹਨਾਂ ਦੀ ਮਦਦ ਲਈ ਜ਼ਰੂਰ ਆਵੇਗਾ।
ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਕੇ ਕਿਹਾ ਕਿ ਉਹਨਾਂ ਦੀ ਆਖਰੀ ਉਮੀਦ ਬਸ ਤੁਸੀਂ ਹੋ। ਯੂਜ਼ਰ ਦੇ ਟਵੀਟ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ, ‘ ਹੁਣ ਸਾਰੇ 20 ਪਿੰਡਾਂ ਵਿਚ ਕਿਸੇ ਨੂੰ ਠੰਢ ਨਹੀਂ ਲੱਗੇਗੀ। ਉਹਨਾਂ ਦੀ ਸਰਦੀ ਦਾ ਸਮਾਨ ਜਲਦ ਤੁਹਾਡੇ ਤੱਕ ਪਹੁੰਚ ਜਾਵੇਗਾ’। ਸੋਨੂੰ ਸੂਦ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਲੈ ਕੇ ਹਰ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੈ।