ਸਿੰਘੂ ਬਾਰਡਰ ਪਹੁੰਚੇ ਬੱਬੂ ਮਾਨ ਨੇ ਕਿਸਾਨਾਂ ’ਚ ਭਰਿਆ ਜੋਸ਼, PM ਮੋਦੀ ਨੂੰ ਵੀ ਨਿਸ਼ਾਨੇ ’ਤੇ ਲਿਆ
ਅੱਜ ਦੀਵਾਲੀ ਅਤੇ ਬੰਦੀ ਥੋੜ ਦਿਵਸ ਮੌਕੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਪਹੁੰਚੇ।
ਨਵੀਂ ਦਿੱਲੀ: ਸਿੰਘੂ ਬਾਰਡਰ 'ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਕਰੀਬ ਇਕ ਸਾਲ ਤੋਂ ਅੰਦੋਲਨ ਜਾਰੀ ਹੈ। ਇਸ ਦੌਰਾਨ ਅੱਜ ਦੀਵਾਲੀ ਅਤੇ ਬੰਦੀ ਥੋੜ ਦਿਵਸ ਮੌਕੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਪਹੁੰਚੇ। ਇਸ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਪ੍ਰਧਾਨ ਮੰਤਰੀ ਟੈਕਸੀ ਵਿਚ ਗਏ ਸਨ।
ਉਹਨਾਂ ਕਿਹਾ ਕਿ ਪੀਐਮ ਮੋਦੀ ਇੱਥੇ ਵੀ ਟੈਕਸੀ ਵਿਚ ਹੀ ਆਉਣਗੇ, ਚਾਹੇ ਉਹ ਇਕੱਲੇ ਹੀ ਇੱਥੇ ਆਉਣ, ਕਿਸਾਨ ਉਹਨਾਂ ਨੂੰ ਲੰਗਰ ਛਕਾਉਣਗੇ। ਬੱਬੂ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਾੜ੍ਹੀ ਤਾਂ ਰੱਖ ਲਈ ਹੈ, ਹੁਣ ਅਸੀਂ ਉਹਨਾਂ ਦੇ ਪੱਗ ਵੀ ਬੰਨ੍ਹਾ ਦਿਆਂਗੇ।ਬੱਬੂ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਰੀਬ 700 ਕਿਸਾਨ ਸ਼ਹੀਦ ਹੋਏ ਪਰ ਨੈਸ਼ਨਲ ਮੀਡੀਆ ਨੇ ਇਸ ਦੀ ਕੋਈ ਖ਼ਬਰ ਨਹੀਂ ਦਿਖਾਈ ਪਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਕੋਲੋਂ ਥੋੜੀ ਜਿਹੀ ਕੋਕੀਨ ਮਿਲੀ ਤਾਂ ਉਹ ਉਹਨਾਂ ਪਿੱਛੇ ਪਏ ਰਹੇ।
ਬੱਬੂ ਮਾਨ ਨੇ ਕਿਹਾ ਕਿ ਕਿਸਾਨ ਖੁਦ ਤਾਂ ਫਸਲ ਬੀਜ ਕੇ ਖਾ ਲੈਣਗੇ ਪਰ ਮਸਲਾਂ ਸ਼ਹਿਰਾਂ ਵਿਚ ਬੈਠੇ ਛੋਟੇ ਦੁਕਾਨਦਾਰਾਂ ਦਾ ਹੈ, ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕਿਸਾਨ ਅੰਦੋਲਨ ਤੋਂ ਨਵੀਂ ਸੇਧ ਮਿਲੀ ਹੈ ਕਿ ਅਸੀਂ ਖੁਦ ਲੜ ਸਕਦੇ ਹਾਂ। ਪੰਜਾਬੀ ਸਿੰਗਰ ਨੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਪੱਕੀ ਹੈ, ਬਸ ਇਸ ’ਤੇ ਮੋਹਰ ਲੱਗਣੀ ਬਾਕੀ ਹੈ।
ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਬੱਬੂ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਇਸ ਵਾਰ ਉਹਨਾਂ ਦੇ ਪੈਰ ਨਹੀਂ ਲੱਗੇ। ਉਹਨਾਂ ਕਿਹਾ ਪੰਜਾਬ ਵਿਚ ਨਾ ਕਦੇ ਭਾਜਪਾ ਆਈ ਤੇ ਨਾ ਹੀ ਆਉਣ ਵਾਲੀਆਂ ਪੀੜੀਆਂ ਇਸ ਦੇ ਪੈਰ ਲੱਗਣ ਦੇਣਗੀਆਂ। ਉਹਨਾਂ ਕਿਹਾ ਸਰਕਾਰ ਹਾਰੀ ਹੋਈ ਹੈ ਪਰ ਅਪਣੀ ਜ਼ਿੱਦ ਨਹੀਂ ਛੱਡ ਰਹੀ ਹੈ। ਇਤਿਹਾਸ ਗਵਾਹ ਹੈ ਕਿ ਹੰਕਾਰੀ ਲੋਕਾਂ ਦਾ ਵਜੂਦ ਹਮੇਸ਼ਾਂ ਟੁੱਟਦਾ ਹੈ। ਬੱਬੂ ਮਾਨ ਨੇ ਸਾਰਿਆਂ ਨੂੰ ਇਕਜੁੱਟ ਹੋਣ ਅਤੇ ਏਕਤਾ ਵਿਚ ਰਹਿਣ ਦੀ ਅਪੀਲ ਕੀਤੀ।