ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਬੱਬੂ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਸੁਰਾਂ ਦੇ ਸਿਕੰਦਰ’ ਨੂੰ ਯਾਦ ਕਰ ਭਾਵੁਕ ਹੋਏ ਬੱਬੂ ਮਾਨ

Babbu Maan

ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਬੀਤੇ ਦਿਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਸਰਦੂਲ ਸਿਕੰਦਰ ਦਾ ਸਸਕਾਰ ਅੱਜ ਦੁਪਹਿਰ 2 ਵਜੇ ਉਹਨਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕੀਤਾ ਜਾਵੇਗਾ। ਇਸ ਮੌਕੇ ‘ਸੁਰਾਂ ਦੇ ਸਿਕੰਦਰ’ ਨੂੰ ਅੰਤਿਮ ਵਿਦਾਈ ਦੇਣ ਲਈ ਭਾਰੀ ਗਿਣਤੀ ਵਿਚ ਲੋਕ ਉਹਨਾਂ ਦੇ ਘਰ ਪਹੁੰਚ ਰਹੇ ਹਨ।

ਇਸ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਵੀ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਹਾਲਾਂਕਿ ਉਹਨਾਂ ਨੇ ਪੱਤਰਕਾਰਾਂ ਨੂੰ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਹਾਲੇ ਸਮਝ ਨਹੀਂ ਆ ਰਿਹਾ ਕਿ ਕੀ ਵਾਪਰ ਗਿਆ। ਬੱਬੂ ਮਾਨ ਕਾਫੀ ਭਾਵੁਕ ਨਜ਼ਰ ਆਏ।

ਬੱਬੂ ਮਾਨ ਨੇ ਕਿਹਾ ਕਿ ਸਰਦੂਲ ਸਿਕੰਦਰ ਦੀ ਮੌਤ ਬਹੁਤ ਵੱਡਾ ਘਾਟਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਆਖਰੀ ਵਾਰ ਸਰਦੂਲ ਸਿਕੰਦਰ ਨਾਲ ਫੋਨ ’ਤੇ ਗੱਲ ਹੋਈ ਸੀ। ਬੱਬੂ ਮਾਨ ਨੇ ਸਰਦੂਲ ਸਿਕੰਦਰ ਲਈ ਗੀਤ ਬਣਾਇਆ ਸੀ ਤਾਂ ਸਰਦੂਲ ਸਿਕੰਦਰ ਨੇ ਠੀਕ ਹੋਣ ਤੋਂ ਬਾਅਦ ਗੀਤ ’ਤੇ ਕੰਮ ਕਰਨ ਲਈ ਕਿਹਾ ਸੀ।

ਦੱਸ ਦਈਏ ਕਿ ਸਰਦੂਲ ਸਿਕੰਦਰ ਨੇ ਬੀਤੇ ਦਿਨ 60 ਸਾਲ ਦੀ ਉਮਰ 'ਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖ਼ਰੀ ਸਾਹ ਲਏ। ਸਰਦੂਲ ਸਿਕੰਦਰ ਕੋਰੋਨਾ ਕਾਰਨ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਇਲਾਜ ਅਧੀਨ ਸਨ, ਜਿੱਥੇ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਸੀ। ਉਹਨਾਂ ਦੀ ਬੇਵਕਤੀ ਮੌਤ ਨਾਲ ਜਿਥੇ ਸਾਰਾ ਸੰਗੀਤ ਜਗਤ ਸਦਮੇ ਵਿਚ ਹੈ ਉਥੇ ਹੀ ਉਹਨਾਂ ਨੂੰ ਚਾਹੁਣ ਵਾਲੇ ਅਤੇ ਸਿਨੇਮਾ ਜਗਤ ਵੀ ਗਮਗੀਨ ਹੈ।