ਪੰਜਾਬੀ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਹੁਣ ਨਹੀਂ ਰਹੇ
ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਸਾਹਿਤਕਾਰ ਪ੍ਰਗਟ ਸਿੰਘ ਲਿੱਦੜਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ। 56 ਸਾਲਾ ਪ੍ਰਗਟ ਸਿੰਘ ਲਿੱਦੜਾਂ...
ਚੰਡੀਗੜ੍ਹ : ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਸਾਹਿਤਕਾਰ ਪ੍ਰਗਟ ਸਿੰਘ ਲਿੱਦੜਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ। 56 ਸਾਲਾ ਪ੍ਰਗਟ ਸਿੰਘ ਲਿੱਦੜਾਂ ਨੇ ਕਈ ਮਸ਼ਹੂਰ ਗੀਤ ਲਿਖੇ, ਜੋ ਲੋਕਾਂ ਦੀ ਜ਼ੁਬਾਨ ਉਤੇ ਚੜ੍ਹ ਗਏ। ਉਨ੍ਹਾਂ ਵਲੋਂ ਲਿਖੇ ਗਏ ਗੀਤਾਂ ਨੂੰ ਹਰਜੀਤ ਹਰਮਨ, ਰਵਿੰਦਰ ਗਰੇਵਾਲ ਤੋਂ ਇਲਾਵਾ ਹੋਰਨਾਂ ਕਈ ਗਾਇਕਾਂ ਵਲੋਂ ਗਾਇਆ ਗਿਆ। ਪ੍ਰਗਟ ਲਿੱਦੜਾਂ ਦਾ ਸਭ ਤੋਂ ਮਸ਼ਹੂਰ ਗੀਤ ‘ਮਿੱਤਰਾਂ ਦਾ ਨਾਂਅ ਚੱਲਦਾ’ ਤੋਂ ਇਲਾਵਾ ਉਨ੍ਹਾਂ ਵਲੋਂ ‘ਪੰਜਾਬ ਉਜਾੜਨ ਵਾਲੇ ਖ਼ੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਹੈ’ ਵੀ ਲਿਖੇ ਗਏ।
ਪ੍ਰਗਟ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਤੋਂ ਅਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਕਾਫ਼ੀ ਸਮਾਂ ਪੰਜਾਬੀ ਪੱਤਰਕਾਰੀ ਵਿਚ ਲਗਾਇਆ। ਪ੍ਰਗਟ ਲਿੱਦੜਾਂ ਦਾ ਪੁੱਤਰ ਸਟਾਲਨਵੀਰ ਵੀ ਇਸ ਖੇਤਰ ਵਿਚ ਡਾਇਰੈਕਟਰ ਦਾ ਕੰਮ ਕਰ ਰਹੇ ਹਨ। ਪੰਜਾਬੀ ਗੀਤਕਾਰ ਬਚਨ ਬੇਦਿਲ ਨੇ ਕਿਹਾ ਕਿ ਪ੍ਰਗਟ ਨੇ ਜ਼ਿਆਦਾਤਰ ਗੀਤ ਪੰਜਾਬੀ ਸਭਿਆਚਾਰ, ਪੰਜਾਬ ਦੇ ਦੁੱਖ ਅਤੇ ਪੰਜਾਬੀਅਤ ਨੂੰ ਪੇਸ਼ ਕਰਦੇ ਹੀ ਲਿਖੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਬਹੁਤ ਵੱਡਾ ਘਾਟਾ ਪਿਆ ਹੈ।