ਹਥਿਆਰਾਂ ਬਾਰੇ ਗਾਏ ਗੀਤਾਂ ਸਬੰਧੀ ਦਰਜ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹਥਿਆਰਾਂ ਬਾਰੇ ਗਾਏ ਗੀਤਾਂ ਸਬੰਧੀ ਦਰਜ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਮਿਲੀ ਜ਼ਮਾਨਤ

Photo

ਮਾਨਸਾ: ਬੀਤੀ 1 ਫ਼ਰਵਰੀ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਗੀਤ ਗਾਉਣ ਨੂੰ ਲੈ ਕੇ ਥਾਣਾ ਸਦਰ ਮਾਨਸਾ ਵਿਖੇ ਦਰਜ ਮਾਮਲੇ 'ਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਜ਼ਿਲ੍ਹਾ ਮਾਨਸਾ ਦੀ ਇਕ ਅਦਾਲਤ ਵਲੋਂ ਅਗਾਊ ਜ਼ਮਾਨਤ ਮਿਲ ਗਈ ਹੈ।

ਜ਼ਿਕਰਯੋਗ ਹੈ ਕਿ ਲੰਘੀ 1 ਫ਼ਰਵਰੀ ਨੂੰ ਡੀ.ਜੀ.ਪੰਜਾਬ, ਚੰਡੀਗੜ੍ਹ ਅਤੇ ਐਸ.ਐਸ.ਪੀ ਮਾਨਸਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਐਡਕੋਵੇਟ ਐੱਚ.ਸੀ. ਅਰੋੜਾ ਵਲੋਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਾਸੀ ਫ਼ਤਹਿਬਾਦ ਤੋਂ ਇਲਾਵਾ 5-7 ਨਾ-ਮਾਲੂਮ ਵਿਅਕਤੀਆਂ ਵਿਰੁਧ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਗੀਤ (ਪੱਖੀਆਂ-ਪੱਖੀਆਂ -ਪੱਖੀਆਂ ਗੰਨ ਵਿਚ ਪੰਜ ਗੋਲੀਆਂ, ਨੀਂ ਤੇਰੇ ਪੰਜ ਭਰਾਵਾਂ ਲਈ ਰੱਖੀਆਂ, ਤਿੱਖਾ ਹੈ ਗੰਡਾਸਾ ਜੱਟ ਦਾ-ਵੇਖੀ ਜਾਊਗਾ ਚੀਰਦਾ ਵੱਖੀਆਂ ਨੀ) ਗਾ ਕੇ ਉਸ ਨੂੰ ਇੰਟਰਨੈੱਟ 'ਤੇ ਲੋਡ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਸੀ।

 ਜਿਸ ਦੀ ਐਸ.ਐਸ.ਪੀ ਮਾਨਸਾ ਵਲੋਂ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵਲੋਂ ਜਾਰੀ ਹੁਕਮਾਂ 'ਤੇ ਥਾਣਾ ਸਦਰ ਮਾਨਸਾ ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਾਸੀ ਫ਼ਤਹਿਬਾਦ ਤੋਂ ਇਲਾਵਾ 5-7 ਨਾ-ਮਾਲੂਮ ਵਿਅਕਤੀਆਂ ਵਿਰੁਧ ਧਾਰਾ 294,504,149 ਦੇ ਤਹਿਤ ਮਾਮਲਾ ਨੰ: 35 ਦਰਜ ਕੀਤਾ ਗਿਆ ਸੀ।

ਇਸ ਸਬੰਧੀ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਵਲੋਂ ਜ਼ਿਲ੍ਹਾ ਮਾਨਸਾ ਦੀ ਇਕ ਅਦਾਲਤ 'ਚ ਅਗਾਊ ਜਮਾਨਤ ਲਗਾਈ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਸ਼੍ਰੀ ਰਾਜੀਵ ਕੇ. ਬੇਰੀ ਦੀ ਅਦਾਲਤ ਵਲੋਂ ਸਿੱਧੂ ਮੂਸੇਵਾਲਾ ਨੂੰ ਅਗਾਊ ਜ਼ਮਾਨਤ ਦੇ ਦਿਤੀ ਗਈ ਹੈ।

ਲਚਰ ਗਾਇਕੀ ਵਿਰੁਧ ਸਰਕਾਰ ਕਾਨੂੰਨ ਬਣਾਵੇ : ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਲੱਚਰ ਗਾਇਕੀ ਕਿਸੇ ਵੀ ਸਮਾਜ ਲਈ ਉਚਿਤ ਨਹੀਂ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਵਿਰੁਧ ਕਾਨੂੰਨ ਲੈ ਕੇ ਆਵੇ।

ਇਸ ਦੇ ਨਾਲ ਹੀ ਜਨਤਾ ਨੂੰ ਵੀ ਅਪਣਾ ਫ਼ਰਜ਼ ਸਮਝਦੇ ਹੋਏ ਇਸ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਲੱਚਰ ਗਾਇਕੀ ਸਮਾਜ 'ਚ ਗੰਦਗੀ ਫੈਲਾ ਰਹੀ ਹੈ ਅਤੇ ਇਸ ਨਾਲ ਨੌਜਵਾਨ ਪੀੜ੍ਹੀ ਭਟਕ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਲੱਚਰ ਗਾਇਕੀ ਵਿਰੁਧ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ ਅਤੇ ਇਹ ਇੱਛਾ ਸਿੱਖ ਬੁੱਧੀਜੀਵੀਆਂ ਵਲੋਂ ਪ੍ਰਗਟ ਕੀਤੀ ਗਈ ਹੈ।

ਇਸ ਦੇ ਨਾਲ ਹੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਸਬੰਧੀ ਵਿਵਾਦ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਵੀ ਇਸ ਵਿਵਾਦ ਨੂੰ ਖ਼ਤਮ ਕਰਨ ਲਈ ਗੱਲਬਾਤ ਚਾਹੁੰਦੇ ਹਨ ਅਤੇ ਇਸ ਦੇ ਲਈ 5 ਮੈਂਬਰੀ ਕਮੇਟੀ ਬਣਾਈ ਜਾ ਚੁੱਕੀ ਹੈ।