ਗੀਤਾਂ ਦਾ ਮਾੜਾ ਸਿੱਧੂ ਮੂਸੇਵਾਲਾ ! ਹੁਣ ਇਕ ਹੋਰ ਮਾਮਲਾ ਹੋਇਆ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਗਾਇਕ ਸਿੱਧੂ ਮੂਸੇਵਾਲਾ ਦੇ ਹਿੰਸਕ ਗੀਤਾਂ ਵਿਰੁਧ ਡੀ.ਜੀ.ਪੀ. ਨੂੰ ਦਿਤੀ ਸ਼ਿਕਾਇਤ

File Photo

ਚੰਡੀਗੜ੍ਹ : ਪਹਿਲਾਂ ਮਾਈ ਭਾਗੋ ਬਾਰੇ ਵਿਵਾਦਤ ਗੀਤ ਗਾਉਣ ਕਾਰਨ ਆਲੋਚਨਾ ਦਾ ਵਿਸ਼ਾ ਬਣੇ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਹੱਦ ਤਕ ਦੇ ਦੋਸ਼ ਲੱਗੇ ਹਨ। ਚੰਡੀਗੜ੍ਹ ਆਧਾਰਤ ਜਨਹਿਤ ਪਟੀਸ਼ਨਾਂ ਵਾਲੇ ਵਕੀਲ ਹਰੀ ਚੰਦ ਅਰੋੜਾ ਨੇ ਇਸ ਸਬੰਧ ਵਿਚ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਐਡਵੋਕੇਟ ਅਰੋੜਾ ਨੇ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪ੍ਰੀਤ ਮੋਹਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰਨਾਂ ਨਾਮੀ ਕੇਸ ਦੇ 22.7.2019 ਨੂੰ ਆਏ ਫ਼ੈਸਲੇ ਦਾ ਹਵਾਲਾ ਦਿਤਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਇਸ ਫ਼ੈਸਲੇ ਵਿਚ ਸਪੱਸ਼ਟ ਤੌਰ ਉਤੇ ਕਿਹਾ ਹੈ ਕਿ ਪੰਜਾਬ, ਹਰਿਆਣਾ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਡੀਜੀਪੀ ਨੂੰ ਨਿਰਦੇਸ਼ ਦਿਤੇ ਜਾਂਦੇ ਹਨ ਕਿ ਉਹ ਆਪੋ ਅਪਣੇ ਅਧਿਕਾਰ ਖੇਤਰਾਂ ਅੰਦਰ ਸ਼ਰਾਬ, ਨਸ਼ਿਆਂ ਤੇ ਹਿੰਸਾ ਨੂੰ ਪ੍ਰਫੁੱਲਤ ਕਰਦੇ ਗੀਤ ਗਾਉਣੇ ਅਤੇ ਲਾਈਵ ਸ਼ੋਅ ਨਾ ਹੋਣ ਦੇਣਾ ਯਕੀਨੀ ਬਣਾਉਣ।

ਹਾਈ ਕੋਰਟ ਵਲੋਂ ਇਸੇ ਫ਼ੈਸਲੇ ਵਿਚ ਇਹ ਵੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਸਬੰਧਤ ਇਲਾਕਿਆਂ ਦੇ ਜ਼ਿਲ੍ਹਾ ਮਜਿਸਟ੍ਰੇਟ, ਐਸਐਸਪੀ ਤੇ ਐਸਪੀ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਪਾਬੰਦ ਹੋਣਗੇ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਕਤ ਹੁਕਮਾਂ ਦੀ ਸਿੱਧੀ ਸਿੱਧੀ ਉਲੰਘਣਾ ਹੈ।

ਇਸ ਕਰ ਕੇ ਇਸ ਮਾਮਲੇ 'ਚ ਜਲਦ ਤੋਂ ਜਲਦ ਇਸ ਗਾਇਕ ਵਿਰੁਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸ਼ਿਕਾਇਤ ਵਿਚ ਡੀਜੀਪੀ ਪੰਜਾਬ ਨੂੰ ਕਾਰਵਾਈ ਲਈ ਦਸ ਦਿਨਾਂ ਦਾ ਅਲਟੀਮੇਟਮ ਦਿਤਾ ਗਿਆ ਹੈ। ਐਡਵੋਕੇਟ ਅਰੋੜਾ ਨੇ ਕਿਹਾ ਹੈ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਦਾਲਤੀ ਹੁਕਮਾਂ ਦੀ ਹੱਤਕ ਨੂੰ ਲੈ ਕੇ ਹਤਕ ਪਟੀਸ਼ਨ ਦਾਇਰ ਕਰਨ ਲਈ ਮਜਬੂਰ ਹੋਣਗੇ।