ਭਾਰਤ-ਕੈਨੇਡਾ ਤਣਾਅ ਦੇ ਚਲਦਿਆਂ ਗੁਰਦਾਸ ਮਾਨ ਦਾ ਕੈਨੇਡਾ ਸ਼ੋਅ ਮੁਲਤਵੀ
ਟੀਮ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ
ਚੰਡੀਗੜ੍ਹ: ਭਾਰਤ-ਕੈਨੇਡਾ ਤਣਾਅ ਦੇ ਚਲਦਿਆਂ ਗੁਰਦਾਸ ਮਾਨ ਦਾ ਕੈਨੇਡਾ ਸ਼ੋਅ ਮੁਲਤਵੀ ਕਰ ਦਿਤਾ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬੀ ਗਾਇਕ ਦੀ ਟੀਮ ਵਲੋਂ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ।
ਟੀਮ ਨੇ ਲਿਖਿਆ, “ਸਾਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਗੁਰਦਾਸ ਮਾਨ ਜੀ ਦੇ ਇਸ ਮਹੀਨੇ ਹੋਣ ਵਾਲੇ 'ਅੱਖੀਆਂ ਉਡੀਕਦੀਆਂ' ਕੈਨੇਡਾ ਟੂਰ ਦੀਆਂ ਤਾਰੀਖਾਂ ਅੱਗੇ ਪਾ ਦਿਤੀਆਂ ਗਈ ਹਨ। ਅਸੀਂ ਸਮਝ ਸਕਦੇ ਹਾਂ ਕਿ ਇਹ ਖ਼ਬਰ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਕਾਫੀ ਨਿਰਾਸ਼ਾ ਭਰੀ ਹੈ ਅਤੇ ਅਸੀਂ ਕਿਸੇ ਵੀ ਪਰੇਸ਼ਾਨੀ ਲਈ ਦਿਲੋਂ ਮੁਆਫੀ ਮੰਗਦੇ ਹਾਂ। ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਕੂਟਨੀਤਕ ਤਣਾਅ ਦੇ ਮੱਦੇਨਜ਼ਰ ਅਤੇ ਅਣਕਿਆਸੇ ਹਾਲਾਤਾਂ 'ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਸ਼ੋਆਂ ਨੂੰ ਰੱਦ ਕਰਨਾ ਸੱਭ ਤੋਂ ਜ਼ਿੰਮੇਵਾਰ ਅਤੇ ਜ਼ਰੂਰੀ ਕਦਮ ਹੈ”।
ਟੀਮ ਨੇ ਅੱਗੇ ਕਿਹਾ ਕਿ ਅਸੀਂ ਇਸ ਸ਼ੋਅ ਵਿਚ ਸ਼ਾਮਲ ਹਰ ਕਿਸੇ ਵਿਅਕਤੀ ਵਲੋਂ ਪਾਏ ਯੋਗਦਾਨ ਨਾਲ ਵਾਕਫ਼ ਹਾਂ ਅਤੇ ਇਸ ਤਬਦੀਲੀ ਨਾਲ ਹੋਈ ਕਿਸੇ ਵੀ ਅਸੁਵਿਧਾ ਦਾ ਸਾਨੂੰ ਬੇਹੱਦ ਅਫਸੋਸ ਹੈ। ਇਸ ਦੌਰਾਨ ਸ਼ੋਅ ਲਈ ਦਿਤੀ ਗਈ ਕਿਸੇ ਵੀ ਰਜਿਸਟ੍ਰੇਸ਼ਨ ਫੀਸ ਜਾਂ ਖਰੀਦੀਆਂ ਟਿਕਟਾਂ ਨੂੰ ਵਾਪਸ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਰਿਫੰਡ ਬਾਰੇ ਜਾਣਕਾਰੀ ਸਿੱਧੇ ਤੌਰ 'ਤੇ ਈਮੇਲ/ਵੈੱਬਸਾਈਟ/ਜਾਂ ਕਿਸੇ ਤਰੀਕੇ ਰਾਹੀਂ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇਗੀ। ਟੀਮ ਨੇ ਦਸਿਆ ਕਿ ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।