ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ‘ਤੇ ਨੌਜਵਾਨਾਂ ਨੇ ਕੀਤਾ ਹਮਲਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਪ੍ਰਸਿੱਧ ਪੰਜਾਬੀ ਗਾਇਕ ਆਰ ਨੇਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

R Nait

ਚੰਡੀਗੜ੍ਹ- ਪ੍ਰਸਿੱਧ ਪੰਜਾਬੀ ਗਾਇਕ ਆਰ ਨੇਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਆਰ ਨੇਤ ਦੇ ਫਲੈਟ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਵੜ੍ਹ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਨ੍ਹਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਨੌਜਵਾਨਾਂ ਦੀ ਪਛਾਣ ਅਰਮਾਨ, ਮਾਹੀ, ਜੋਬਨ, ਸਹਿਜਪਾਲ, ਮੰਗਲ ਵਜੋਂ ਹੋਈ ਹੈ, ਜਦੋਂਕਿ ਉਕਤ ਨੌਜਵਾਨਾਂ ਸਮੇਤ ਉਨ੍ਹਾਂ ਦੇ 10-15 ਅਣਪਛਾਤੇ ਸਾਥੀਆਂ ਖ਼ਿਲਾਫ਼ ਵੀ ਧਾਰਾ-295A, 323, 452, 506, 149, 120B ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਆਰ ਨੇਤ ਜੋ ਕਿ ਮੂਲ ਰੂਪ 'ਚ ਪਿੰਡ ਧਰਮਪੁਰਾ ਬੁਢਲਾਡਾ (ਮਾਨਸਾ) ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਸੈਕਟਰ-70 ਮੌਹਾਲੀ ਵਿਚਲੇ ਹੋਮ ਲੈਂਡ ਦੇ ਫਲੈਟਾਂ 'ਚ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਗਾਇਕ ਆਰ ਨੇਤ ਦੀ ਬਹਿਸ ਹੋਈ ਸੀ।

ਇਸ ਤੋਂ ਬਾਅਦ ਹੀ ਅਣਪਛਾਤੇ ਨੌਜਵਾਨਾਂ ਨੇ ਆਰ ਨੇਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੌਜਵਾਨਾਂ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਰ ਨੇਤ ਵਲੋਂ ਜਿਨ੍ਹਾਂ ਵਿਅਕਤੀਆਂ ਦੇ ਮਾਮਲਾ ਦਰਜ ਕਰਵਾਇਆ ਗਿਆ ਹੈ,

ਉਨ੍ਹਾਂ ਨੇ ਗਾਇਕ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਸਾਡੇ 3 ਲੱਖ ਰੁਪਏ ਰੋਕੇ ਹਨ। ਇਹ ਪੈਸੇ ਕਿਸੇ ਪ੍ਰਾਜੈਕਟ ਨੂੰ ਲੈ ਕੇ ਦਿੱਤੇ ਜਾਣੇ ਸਨ। ਹਾਲਾਂਕਿ ਆਰ ਨੇਤ ਨੇ ਇਸ ਪ੍ਰਾਜੈਕਟ ਲਈ ਡੇਢ ਲੱਖ ਰੁਪਏ ਦੇ ਦਿੱਤੇ ਹਨ।

ਇਸ ਤੋਂ ਇਲਾਵਾ ਗਾਇਕ ‘ਤੇ ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ 15 ਅਗਸਤ ਨੂੰ ਆਪਣਾ ਇੱਕ ਗੀਤ ਰਿਲੀਜ਼ ਕਰਨ ਜਾ ਰਿਹਾ ਹੈ, ਜਿਸ 'ਚ ਉਹ ਆਪਣੇ ਨਾਲ 3-4 ਵਿਅਕਤੀਆਂ ਵਲੋਂ ਕੀਤੇ ਗਏ ਧੋਖੇ ਨੂੰ ਬਿਆਨ ਕਰੇਗਾ। ਇਸ ਗੀਤ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋਈ, ਜੋ ਕਿ ਵਧ ਗਈ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।