ਕੋਰੋਨਾ ਵਾਇਰਸ: ਪਿਛਲੇ 24 ਘੰਟਿਆਂ ਵਿਚ 60,963 ਨਵੇਂ ਮਾਮਲੇ, 834 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23 ਲੱਖ ਤੋਂ ਪਾਰ ਪਹੁੰਚ ਗਏ ਹਨ।

Corona virus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23 ਲੱਖ ਤੋਂ ਪਾਰ ਪਹੁੰਚ ਗਏ ਹਨ। ਹੁਣ ਤੱਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 60,963 ਨਵੇਂ ਮਾਮਲੇ ਆਏ ਹਨ, ਉੱਥੇ ਹੀ 834 ਲੋਕਾਂ ਦੀ ਮੌਤ ਹੋਈ ਹੈ। ਨਵੇਂ ਕੇਸ ਦਰਜ ਹੋਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23,29,638 ਹੋ ਚੁੱਕੇ ਹਨ। ਉੱਥੇ ਹੀ ਇਸ ਬਿਮਾਰੀ ਨਾਲ ਹੁਣ ਤੱਕ 16,39,599 ਲੋਕ ਠੀਕ ਹੋ ਚੁੱਕੇ ਹਨ।

ਦੇਸ਼ ਵਿਚ ਰਿਕਵਰੀ ਰੇਟ 70.37 ਫੀਸਦੀ ਚੱਲ ਰਿਹਾ ਹੈ। ਉੱਥੇ ਹੀ ਭਾਰਤ ਵਿਚ ਹੁਣ ਤੱਕ ਕੋਰੋਨਾ ਨੇ 46,091 ਲੋਕਾਂ ਦੀ ਜਾਨ ਲਈ ਹੈ। ਮੌਤ ਦਰ ਮੰਗਲਵਾਰ ਤੱਕ 1.99 ਫੀਸਦੀ ਚੱਲ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੇਸ਼ ਦੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ‘ਤੇ ਸਮੀਖਿਆ ਬੈਠਕ ਵਿਚ ਕਿਹਾ ਕਿ ਦੇਸ਼ ਵਿਚ ਕੋਰੋਨਾ ਦੀ ਮੌਤ ਦਰ ਨੂੰ 1 ਫੀਸਦੀ ਤੋਂ ਹੇਠਾਂ ਲੈ ਕੇ ਆਉਣ ਦੇ ਉਦੇਸ਼ ਨਾਲ ਕੰਮ ਕਰਨਾ ਹੈ।

ਦੇਸ਼ ਵਿਚ ਕੋਰੋਨਾ ਪਾਜ਼ੇਟਿਵਿਟੀ ਰੇਟ 8.31 ਫੀਸਦੀ ਚੱਲ ਰਿਹਾ ਹੈ। ਇੱਥੇ ਜਿੰਨੇ ਵੀ ਸੈਂਪਲਾਂ ਦੀ ਟੈਸਟਿੰਗ ਹੋ ਰਹੀ ਹੈ, ਉਹਨਾਂ ਵਿਚੋਂ 8.31 ਫੀਸਦੀ ਸੈਂਪਲ ਪਾਜ਼ੇਟਿਵ ਨਿਕਲ ਰਹੇ ਹਨ। 11 ਅਗਸਤ ਨੂੰ ਦੇਸ਼ ਵਿਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਟੈਸਟਿੰਗ ਹੋਈ ਹੈ। ਪਿਛਲੇ ਇਕ ਦਿਨ ਵਿਚ 7,33,449 ਸੈਂਪਲਾਂ ਦੀ ਟੈਸਟਿੰਗ ਹੋਈ। ਉੱਥੇ ਹੀ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ 11 ਅਗਸਤ ਤੱਕ 2,60,15,297 ਸੈਂਪਲਾਂ ਦੀ ਟੈਸਟਿੰਗ ਹੋ ਚੁੱਕੀ ਹੈ।

ਦੱਸ ਦਈਏ ਕਿ ਪਿਛਲੇ 10-12 ਦਿਨਾਂ ਤੋਂ ਲਗਾਤਾਰ ਭਾਰਤ ਵਿਚ ਇਕ ਦਿਨ ਵਿਚ ਦੁਨੀਆਂ ਦੇ ਕਿਸੇ ਵੀ ਦੇਸ਼ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ 11 ਅਗਸਤ ਨੂੰ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਭਾਰਤ ਵਿਚ ਸਭ ਤੋਂ ਜ਼ਿਆਦਾ ਰਿਹਾ ਹੈ।

ਦੁਨੀਆਂ ਭਰ ਵਿਚ ਕੋਰੋਨਾ ਦੇ ਮਾਮਲੇ ਦੋ ਕਰੋੜ ਹੋਏ

ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ ਦੋ ਕਰੋੜ ਹੋ ਗਈ ਹੈ। ਲਾਗ ਦੇ ਕੁਲ ਮਾਮਲਿਆਂ ਵਿਚੋਂ ਅੱਧੇ ਤੋਂ ਵੱਧ ਸਿਰਫ਼ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿਚ ਹਨ। ਦੁਨੀਆਂ ਭਰ ਵਿਚ ਕੇਸਾਂ ਨੂੰ ਦੁਗਣਾ ਹੋ ਕੇ ਦੋ ਕਰੋੜ ਹੋਣ ਵਿਚ ਮਹਿਜ਼ 45 ਦਿਨ ਲੱਗੇ ਹਨ। ਮ੍ਰਿਤਕਾਂ ਦੀ ਗਿਣਤੀ 499506 ਤੋਂ ਵੱਧ ਕੇ 736191 ਹੋਈ ਹੈ। ਰੋਜ਼ਾਨਾ ਔਸਤਨ 5200 ਤੋਂ ਵੱਧ ਲੋਕਾਂ ਦੀ ਜਾਨ ਜਾ ਰਹੀ ਹੈ।