ਸਿੰਘੂ ਬਾਰਡਰ 'ਤੇ ਪਹੁੰਚੀ ਹਿਮਾਂਸ਼ੀ ਖੁਰਾਨਾ ਦਾ ਕੰਗਣਾ ਨੂੰ ਠੋਕਵਾਂ ਜਵਾਬ
ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦਿੱਲੀ ਪਹੁੰਚੀ ਹਿਮਾਂਸ਼ੀ ਖੁਰਾਨਾ
ਨਵੀਂ ਦਿੱਲੀ (ਹਰਦੀਪ ਭੌਗਲ): ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਲਈ ਵੱਖ-ਵੱਖ ਸਿਤਾਰੇ ਉਚੇਰੇ ਤੌਰ ‘ਤੇ ਮੋਰਚੇ ਵਿਚ ਸ਼ਮੂਲੀਅਤ ਕਰ ਰਹੇ ਹਨ। ਇਸ ਦੇ ਚਲਦਿਆਂ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੀ ਦਿੱਲੀ ਵਿਖੇ ਖਾਲਸਾ ਏਡ ਵੱਲੋਂ ਚਲਾਏ ਜਾ ਰਹੇ ਲੰਗਰ ਵਿਚ ਯੋਗਦਾਨ ਪਾਉਣ ਲਈ ਪਹੁੰਚੇ।
ਹਿਮਾਂਸ਼ੀ ਖੁਰਾਨਾ ਨੇ ਕਿਹਾ ਕਿ ਕਿਸਾਨੀ ਨੂੰ ਵੱਡੇ ਪੱਧਰ ‘ਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨ ਅਪਣੇ ਬਣਦੇ ਹੱਕ ਲੈਣ ਲਈ ਦਿੱਲੀ ਪਹੁੰਚੇ ਨੇ ਤੇ ਸੰਘਰਸ਼ ਕਰ ਰਹੇ ਹਨ। ਕੰਗਨਾ ਰਣੌਤ ਵੱਲੋਂ ਕੀਤੀ ਗਈ ਬਿਆਨਬਾਜ਼ੀ ‘ਤੇ ਪ੍ਰਤੀਕਿਰਿਆ ਦਿੰਦਿਆਂ ਹਿਮਾਂਸ਼ੀ ਨੇ ਕਿਹਾ ਕਿ ਉਹਨਾਂ ਦੀਆਂ ਗੱਲਾਂ ‘ਤੇ ਕੋਈ ਧਿਆਨ ਨਹੀਂ ਦੇਣਾ ਚਾਹੀਦਾ।
ਹਿਮਾਂਸ਼ੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ਵਿਚ ਕਦੀ ਲੋਕ ਇਕੱਠੇ ਸੜਕਾਂ ‘ਤੇ ਨਹੀਂ ਆਏ। ਜੇ ਹੁਣ ਆਏ ਨੇ ਤਾਂ ਉਸ ਪਿੱਛੇ ਵੀ ਜਾਇਜ਼ ਮੰਗਾਂ ਹਨ। ਉਹਨਾਂ ਦੱਸਿਆ ਕਿ ਇੱਥੇ ਸਿਰਫ ਪੰਜਾਬੀ ਹੀ ਨਹੀਂ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸੂਬਿਆਂ ਤੋਂ ਵੀ ਕਿਸਾਨ ਪਹੁੰਚੇ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬੀ ਹਾਂ ਤੇ ਪੰਜਾਬ ਸਾਡੀ ਜਨਮ ਭੂਮੀ ਹੈ ਤੇ ਇਸ ਸੰਘਰਸ਼ ਨੂੰ ਸਹਿਯੋਗ ਦੇਣ ਲਈ ਪੰਜਾਬੀ ਸਿਤਾਰੇ ਜਿਵੇਂ ਹੋ ਸਕੇ ਸਹਿਯੋਗ ਦੇ ਰਹੇ ਹਨ।
ਸਰਕਾਰ ਦੇ ਰਵੱਈਏ ‘ਤੇ ਹਿਮਾਂਸ਼ੀ ਨੇ ਕਿਹਾ ਕਿ ਜੇਕਰ ਹੁਣ ਹਰ ਇਕ ਚੀਜ਼ ਲਈ ਕਮੇਟੀ ਬਣ ਰਹੀ ਹੈ ਤਾਂ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਵੀ ਬਣਨੀ ਚਾਹੀਦੀ ਸੀ। ਸਰਕਾਰ ਨੂੰ ਕਿਸਾਨ ਆਗੂਆਂ ਨਾਲ ਗੱਲ਼ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਸਾਡਾ ਦੇਸ਼ ਸਮਾਜਵਾਦੀ ਅਤੇ ਪੂੰਜੀਵਾਦੀ ਦੇਸ਼ ਹੈ ਤੇ ਅਸੀਂ ਇਕਤਰਫਾ ਹੋ ਕੇ ਨਹੀਂ ਚੱਲ ਸਕਦੇ।
ਬਾਲੀਵੁੱਡ ਸਿਤਾਰਿਆਂ ਬਾਰੇ ਬੋਲਦਿਆਂ ਹਿਮਾਂਸ਼ੀ ਨੇ ਕਿਹਾ ਕਿ ਜਦੋਂ ਤੱਕ ਦੁੱਖ ਅਪਣਾ ਨਹੀਂ ਹੁੰਦਾ, ਉਦੋਂ ਤੱਕ ਦੂਜੇ ਨੂੰ ਨਹੀਂ ਲੱਗਦਾ। ਉਹਨਾਂ ਕਿਹਾ ਕਿ ਸਾਨੂੰ ਕਿਸੇ ਤੋਂ ਉਮੀਦ ਹੀ ਨਹੀਂ ਰੱਖਣੀ ਚਾਹੀਦੀ। ਕਿਉਂਕਿ ਜੇ ਉਹਨਾਂ ਨੂੰ ਮਹਿਸੂਸ ਹੁੰਦਾ ਤਾਂ ਉਹ ਆਪ ਆ ਕੇ ਖੜਦੇ, ਮੰਗ ਕੇ ਸਮਰਥਨ ਲਏ ਦਾ ਕੋਈ ਫਾਇਦਾ ਨਹੀਂ।ਸੰਘਰਸ਼ ਵਿਚ ਔਰਤਾਂ ਦੀ ਭੂਮਿਕਾ ਨੂੰ ਲੈ ਕੇ ਹਿਮਾਂਸ਼ੀ ਨੇ ਕਿਹਾ ਸੰਘਰਸ਼ ਵਿਚ ਔਰਤਾਂ ਸ਼ਾਮਲ ਹੋ ਰਹੀਆਂ ਹਨ ਪਰ ਕੁੜੀਆਂ ਦੀ ਗਿਣਤੀ ਘੱਟ ਹੈ।
ਕੁੜੀਆਂ ਨੂੰ ਬਾਹਰ ਜਾਣ ਸਮੇਂ ਕੁਝ ਨਿੱਜੀ ਪਰੇਸ਼ਾਨੀਆਂ ਵੀ ਹੁੰਦੀਆਂ ਹਨ, ਜਿੰਨੀਆ ਕੁੜੀਆਂ ਇੱਥੇ ਪਹੁੰਚੀਆਂ ਉਹ ਬਹੁਤ ਬਹਾਦਰ ਹਨ। ਹਿਮਾਂਸ਼ੀ ਨੇ ਕਿਹਾ ਕਿ ਪੋਹ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਅਪਣੇ ਬਜ਼ੁਰਗ ਉਹੀ ਚੀਜ਼ਾਂ ਦਾ ਸਾਹਮਣਾ ਕਰ ਰਹੇ ਨੇ, ਜਿਨ੍ਹਾਂ ਦਾ ਸਾਹਮਣਾ ਸਾਡੇ ਪੁਰਖਿਆਂ ਨੇ ਕੀਤਾ ਸੀ। ਸਾਡੇ ਬਜ਼ੁਰਗ ਅਪਣੀ ਆਉਣ ਵਾਲੀ ਪੀੜੀ ਲਈ ਸੰਘਰਸ਼ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਭਵਿੱਖ ਵਿਚ ਉਹਨਾਂ ਦਾ ਬਣਦਾ ਹੱਕ ਮਿਲੇ।