ਪੁੱਤ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਲੋਕਾਂ 'ਚ ਵਿਚਰਦੇ ਨਜ਼ਰ ਆਏ ਸਿੱਧੂ ਦੇ ਮਾਤਾ
ਚਰਨ ਕੌਰ ਨੇ ਦੱਸਿਆ ਕਿ ਸਿੱਧੂ ਦੀ ਸ਼ੁਰੂ ਤੋਂ ਇਹੀ ਸੋਚ ਸੀ ਕਿ ਸਾਡਾ ਪਿੰਡ ਵਿਕਾਸ ਪੱਖੋਂ ਮੋਹਰੀ ਹੋਵੇ।
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਉਹਨਾਂ ਦੇ ਮਾਤਾ ਚਰਨ ਕੌਰ ਅੱਜ ਲੋਕਾਂ 'ਚ ਵਿਚਰਦੇ ਨਜ਼ਰ ਆਏ। ਇਸ ਦੌਰਾਨ ਉਹਨਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਚਰਨ ਕੌਰ ਨੇ ਦੱਸਿਆ ਕਿ ਸਿੱਧੂ ਦੀ ਸ਼ੁਰੂ ਤੋਂ ਇਹੀ ਸੋਚ ਸੀ ਕਿ ਸਾਡਾ ਪਿੰਡ ਵਿਕਾਸ ਪੱਖੋਂ ਮੋਹਰੀ ਹੋਵੇ।
Sidhu Moosewala
ਉਹਨਾਂ ਕਿਹਾ ਕਿ ਸਿੱਧੂ ਦੇ ਬਹੁਤ ਵੱਡੇ-ਵੱਡੇ ਸੁਪਨੇ ਸੀ। ਵਾਹਿਗੁਰੂ ਨੇ ਉਸ ਨੂੰ ਤਾਂ ਪੂਰੇ ਨਹੀਂ ਕਰਨ ਦਿੱਤੇ, ਸੋਚਦੇ ਹਾਂ ਕਿ ਅਸੀਂ ਜ਼ਰੂਰ ਪੂਰੇ ਕਰਾਂਗੇ।
ਸਰਪੰਚ ਚਰਨ ਕੌਰ ਪਿੰਡ ਮੂਸਾ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਲਈ ਪਹੁੰਚੇ ਸਨ। ਉਹਨਾਂ ਕਿਹਾ ਕਿ ਪਿੰਡ ’ਚ ਸਾਰੇ ਵਿਕਾਸ ਕਾਰਜ ਜਾਰੀ ਰਹਿਣਗੇ ਅਤੇ ਸਿੱਧੂ ਦਾ ਹਰ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
Sidhu Moosewala's Mother
ਉਹਨਾਂ ਦੱਸਿਆ ਕਿ ਸਿੱਧੂ ਦੀ ਸੋਚ ਸੀ ਕਿ ਇਲਾਕੇ ’ਚ ਕੈਂਸਰ ਹਸਪਤਾਲ ਹੋਵੇ। ਉਹ ਚਾਹੁੰਦੇ ਸਨ ਕਿ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਲਈ ਹੋਰ ਸ਼ਹਿਰਾਂ ਵਿਚ ਨਾ ਜਾਣਾ ਪਵੇ, ਇਸ ਲਈ ਮਾਨਸਾ ਵਿਚ ਯੂਨੀਵਰਸਿਟੀ ਵੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿੰਡ ਦਾ ਸਟੇਡੀਅਮ ਅਤੇ ਮੁੱਖ ਗੇਟ ਵੀ ਵਧੀਆ ਹੋਣਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਸਬੰਧੀ ਉਹਨਾਂ ਕਿਹਾ ਕਿ ਇਹ ਤਾਂ ਫ਼ੈਸਲਾ ਆਉਣ ’ਤੇ ਹੀ ਪਤਾ ਲੱਗੇਗਾ। ਜੇਕਰ ਸਾਨੂੰ ਇਨਸਾਫ ਮਿਲਦਾ ਹੈ ਤਾਂ ਅਸੀਂ ਸਰਕਾਰ ਨੇ ਸ਼ੁਕਰਗੁਜ਼ਾਰ ਹੋਵਾਂਗੇ।