ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਪੰਜਾਬ ਦੇ ਸ਼ਹੀਦ ਜਵਾਨਾਂ ਨੂੰ ਅਨੋਖੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਰਿਵਾਰਾਂ ਨੂੰ ਦੇਣਗੇ ਇਕ-ਇਕ ਲੱਖ ਰੁਪਏ

Guru Randhawa

ਚੰਡੀਗੜ੍ਹ: 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ‘ਤੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਦੇ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਪੰਜਾਬ ਦੇ 4 ਜਵਾਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਪੰਜਾਬ ਦੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ ਗੁਰੂ ਰੰਧਾਵਾ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਇਸ ਵਿਚ ਉਹਨਾਂ ਕਿਹਾ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੇਣਗੇ। ਦੱਸ ਦਈਏ ਕਿ ਸ਼ਹੀਦ ਹੋਏ 4 ਜਵਾਨਾਂ ਵਿਚ ਗੁਰਦਾਸਪੁਰ ਤੋਂ ਸਤਨਾਮ ਸਿੰਘ, ਪਟਿਆਲਾ ਤੋਂ ਮਨਦੀਪ ਸਿੰਘ, ਮਾਨਸਾ ਤੋਂ ਗੁਰਤੇਜ ਸਿੰਘ ਅਤੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਹਨ। ਸਤਨਾਮ ਸਿੰਘ ਅਤੇ ਮਨਦੀਪ ਸਿੰਘ ਦਾ ਅੰਤਿਮ ਸਸਕਾਰ ਬੀਤੇ ਸ਼ਾਮ ਇਹਨਾਂ ਦੇ ਜੱਦੀ ਪਿੰਡਾਂ ਵਿਖੇ ਹੋਇਆ। 

ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਵੀ ਮੁਆਵਜ਼ੇ ਅਤੇ ਨੌਕਰੀ ਦਾ ਐਲਾਨ ਕੀਤਾ ਗਿਆ ਹੈ।  ਦੱਸ ਦਈਏ ਕਿ ਸਰਹੱਦ ‘ਤੇ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਹੋਈ ਇਸ ਝੜਪ ਨੂੰ ਲੈ ਕੇ ਦੇਸ਼ ਵਿਚ ਗੁੱਸੇ ਦਾ ਮਾਹੌਲ ਹੈ, ਹਰ ਕੋਈ ਚੀਨ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਹੈ।

 ਦੱਸ ਦਈਏ ਕਿ 15 ਜੂਨ ਦੀ ਰਾਤ ਨੂੰ ਭਾਰਤੀ ਫੌਜ ਦਾ ਇਕ ਦਲ ਲਦਾਖ ਵਿਚ ਗਲਵਾਨ ਘਾਟੀ ਦੇ ਪੈਟ੍ਰੋਲਿੰਗ ਪੁਆਇੰਟ-14 ‘ਤੇ ਚੀਨੀ ਫੌਜ ਨਾਲ ਗੱਲਬਾਤ ਕਰਨ ਗਿਆ ਸੀ। ਇਸ ਦੌਰਾਨ ਚੀਨੀ ਫੌਜੀਆਂ ਨੇ ਭਾਰਤੀ ਫੌਜ ਦੇ ਦਲ ‘ਤੇ ਹਮਲਾ ਕਰ ਦਿੱਤਾ। ਇਸ ਹਿੰਸਕ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਦਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ। 

ਇਸ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਨ ਵਿਵਾਦ ਨੂੰ ਲੈ ਕੇ ਚਰਚਾ ਕਰਨ ਲਈ ਅੱਜ ਪੀਐਮ ਮੋਦੀ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਹੈ, ਜਿਸ ਵਿਚ ਸਿਆਸੀ ਧਿਰਾਂ ਦੇ ਪ੍ਰਧਾਨ ਸ਼ਾਮਲ ਹੋਣਗੇ। ਇਸ ਬੈਠਕ ਵਿਚ ਚੀਨ ਨੂੰ ਲੈ ਕੇ ਜਾਰੀ ਵਿਵਾਦ ਅਤੇ ਅਤੇ ਮੌਜੂਦਾ ਹਾਲਤ ‘ਤੇ ਚਰਚਾ ਕੀਤੀ ਜਾਵੇਗੀ।