ਕੇਂਦਰ ਸਰਕਾਰ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਇਕ-ਇਕ ਕਰੋੜ ਰੁਪਇਆ ਦੇਵੇ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗਲਵਾਨ ਘਾਟੀ ਲੱਦਾਖ਼ ਸਰਹੱਦ 'ਤੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ .....

Baba Balbir Singh

ਅੰਮ੍ਰਿਤਸਰ: ਗਲਵਾਨ ਘਾਟੀ ਲੱਦਾਖ਼ ਸਰਹੱਦ 'ਤੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਸਮੁੱਚੇ ਭਾਰਤ ਦੇ 20 ਅਤੇ ਪੰਜਾਬ ਦੇ ਚਾਰ ਸਿੱਖ ਜਵਾਨ ਸ਼ਹੀਦ ਹੋ ਜਾਣ 'ਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ਼ਰਧਾਂਜਲੀ ਅਰਪਨ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ  ਸ਼ਹੀਦ ਹੋਣ ਵਾਲੇ ਫ਼ੌਜੀਆਂ ਦੇ ਪ੍ਰਵਾਰਾਂ ਨੂੰ ਕੇਂਦਰ ਸਰਕਾਰ ਇਕ-ਇਕ ਕਰੋੜ ਰੁਪਇਆ ਅਤੇ ਸਰਕਾਰੀ ਨੌਕਰੀ ਦੇਵੇ। ਉਨ੍ਹਾਂ ਕਿਹਾ ਕਿ ਦੇਸ਼ ਖ਼ਾਤਰ ਲੜਦਿਆਂ ਸ਼ਹੀਦ ਹੋਣ ਵਾਲੇ ਫ਼ੌਜੀ ਜਵਾਨ ਸ. ਗੁਰਵਿੰਦਰ ਸਿੰਘ, ਸ. ਮਨਦੀਪ ਸਿੰਘ ਜ਼ਿਲ੍ਹਾ ਪਟਿਆਲਾ, ਸ. ਸਤਨਾਮ ਸਿੰਘ ਜ਼ਿਲ੍ਹਾ ਗੁਰਦਾਸਪੁਰ ਅਤੇ ਸ. ਗੁਰਤੇਜ ਸਿੰਘ ਜ਼ਿਲ੍ਹਾ ਮਾਨਸਾ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਤੇ ਐਕਸਗ੍ਰੇਸਿਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਨੌਜਵਾਨ ਤਾਂ ਦੇਸ਼ ਦੀ ਖ਼ਾਤਰ ਸਰਹੱਦ 'ਤੇ ਲੜਦਿਆਂ ਸ਼ਹੀਦ ਹੋਏ ਹਨ।

ਸੂਬਾ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਅਪਣੇ ਤੌਰ 'ਤੇ ਕਰੋੜ-ਕਰੋੜ ਰੁਪਇਆ ਇਨ੍ਹਾਂ ਦੇ ਵਾਰਸਾਂ ਨੂੰ ਦੇਵੇ ਅਤੇ ਇਹਨਾਂ ਚੌਹਾਂ ਨੌਜਵਾਨਾਂ ਦੀ ਪੰਜਾਬ ਵਿਚ ਸਾਂਝੀ ਯਾਦਗਾਰ ਸਥਾਪਤ ਕੀਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਇਨ੍ਹਾਂ ਜਵਾਨਾਂ ਦੇ ਪਰਵਾਰਾਂ ਦੀ ਸਹਾਇਤਾ ਲਈ ਅੱਗੇ ਆਉਣ।

ਕੋਰੋਨਾ ਕੋਵਿਡ 19 ਦੀ ਮਹਾਂਮਾਰੀ ਸਮੇਂ ਨੌਕਰੀ ਕਰਦੇ ਕਿਸੇ ਸਰਕਾਰੀ ਮੁਲਾਜ਼ਮ ਦੀ ਮੌਤ ਹੋ ਜਾਣ 'ਤੇ ਦਿੱਲੀ ਸਰਕਾਰ ਨੇ 1 ਕਰੋੜ ਤੇ ਬਾਕੀ ਸੂਬਿਆਂ ਨੇ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੋਇਆ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਕੁਰਬਾਨੀ ਕਿਸੇ ਤੋਂ ਘੱਟ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।