ਖੇਤੀ ਬਿਲਾਂ ‘ਦੇ ਹੱਕ 'ਚ ਦਲੇਰ ਮਹਿੰਦੀ, ਕਿਹਾ ਮੋਦੀ ਜੀ ਨੇ ਕਿਸਾਨ ਨੂੰ ਖੁਸ਼ਹਾਲ ਬਣਾਉਣ ਲਈ ਕੰਮ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦਲੇਰ ਮਹਿੰਦੀ ਵੱਲੋਂ ਕਿਸਾਨਾਂ ਨੂੰ ਬਿਲ ਦਾ ਵਿਰੋਧ ਨਾ ਕਰਨ ਅਤੇ ਅਫ਼ਵਾਹਾਂ ਦਾ ਸ਼ਿਕਾਰ ਨਾ ਹੋਣ ਦੀ ਅਪੀਲ

Daler Mehndi and Mika Singh support farm bills

ਨਵੀਂ ਦਿੱਲੀ: ਕਲਾਕਾਰ ਦਲੇਰ ਮਹਿੰਦੀ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਬਿਲਾਂ ਦਾ ਸਮਰਥਨ ਕੀਤਾ ਹੈ ਅਤੇ ਇਸ ਦੇ ਲਈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕੀਤੀ। ਵੀਡੀਓ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ‘ਅੱਜ ਬਹੁਤ ਵੱਡਾ ਦਿਨ ਹੈ, ਕਿਸਾਨ ਭਰਾਵਾਂ ਲਈ....ਸਾਡੇ ਸਾਰਿਆਂ ਲਈ... ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਵੀ ਇਕ ਕਿਸਾਨ ਹਾਂ।‘

ਦਲੇਰ ਮਹਿੰਦੀ ਨੇ ਟਵਿਟਰ ‘ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਹ ਇਕ ਹੱਥ ਵਿਚ ਸਰੌਂ ਅਤੇ ਦੂਜੇ ਹੱਥ ਵਿਚ ਕਣਕ ਲੈ ਕੇ ਕਹਿ ਰਹੇ ਹਨ ਕਿ ਇਹ ਫਸਲ ਉਹਨਾਂ ਨੇ ਅਪਣੇ ਖੇਤਾਂ ਵਿਚ ਉਗਾਈ ਹੈ ਅਤੇ ਉਹ ਵੀਹ ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਨ। ਉਹਨਾਂ ਕਿਹਾ ਇਸ ਵਾਰ ਉਹਨਾਂ ਨੇ ਅਪਣੇ ਖੇਤ ਵਿਚ ਟਮਾਟਰ, ਗਾਜਰ, ਮੂਲੀ ਅਤੇ ਸ਼ਕਰਕੰਦ ਵੀ ਉਗਾਇਆ ਹੈ।

ਦਲੇਰ ਮਹਿੰਦੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਲ ਦਾ ਵਿਰੋਧ ਨਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਦਾ ਸ਼ਿਕਾਰ ਨਾ ਹੋਣ। ਉਹਨਾਂ ਨੇ ਵੀਡੀਓ ਵਿਚ ਕਿਹਾ ਕਿ ਹੁਣ ਕੋਈ ਵੀ ਵਿਚੋਲਾ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰੇਗਾ ਅਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਫਾਇਦਾ ਹੋਵੇਗਾ। ਉਹਨਾਂ ਨੇ ਪੀਐਮ ਮੋਦੀ ਨੂੰ ਦੇਸੀ ਬੀਜ ਵੀ ਉਪਲਬਧ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਤਾਂ ਜੋ ਆਰਗੈਨਿਕ ਫਸਲਾਂ ਦੀ ਪੈਦਾਵਾਰ ਹੋ ਸਕੇ।

ਉਹਨਾਂ ਨੇ ਟਵੀਟ ਵਿਚ ਲਿਖਿਆ, ‘ਸਾਲਾਂ ਤੋਂ ਗੁਲਾਮੀ ਦੀਆਂ ਜੰਜੀਰਾਂ ਵਿਚ ਬੰਦ ਕਿਸਾਨਾਂ ਨੂੰ ਨਰਿੰਦਰ ਮੋਦੀ ਜੀ ਨੇ ਖੁਸ਼ਹਾਲ ਬਣਾਉਣ ਦਾ ਕੰਮ ਕੀਤਾ ਹੈ ਤਾਂ  ਵਿਰੋਧੀ ਧਿਰਾਂ ਵਿਚ ਹਾਹਾਕਾਰ ਮਚ ਗਈ ਹੈ। ਸਾਨੂੰ ਸਾਰੇ ਕਿਸਾਨਾਂ ਨੂੰ ਵਧਾਈ’।

 

 

ਦਲੇਰ ਮਹਿੰਦੀ ਤੋਂ ਇਲਾਵਾ ਉਹਨਾਂ ਦੇ ਭਰਾ ਅਤੇ ਸਿੰਗਰ ਮੀਕਾ ਸਿੰਘ ਨੇ ਵੀ ਟਵੀਟ ਕਰਕੇ ਖੇਤੀਬਾੜੀ ਬਿਲਾਂ ਦਾ ਸਮਰਥਨ ਕੀਤਾ ਹੈ। ਮੀਕਾ ਸਿੰਘ ਨੇ ਟਵੀਟ ਵਿਚ ਲਿਖਿਆ, ‘ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਹਮੇਸ਼ਾਂ ਤੋਂ ਕਿਸਾਨਾਂ ਦੇ ਹਿਤ ਵਿਚ ਫੈਸਲਾ ਲੈਂਦੇ ਆਏ ਹਨ, ਪਹਿਲਾਂ ਵੀ ਕੋਰੋਨਾ ਕਾਲ ਵਿਚ ਮੋਦੀ ਸਰਕਾਰ ਨੇ ਹੀ ਕਿਸਾਨ ਭਰਾਵਾਂ ਦੇ ਖਾਤੇ ਵਿਚ ਰਾਸ਼ੀ ਭੇਜੀ ਸੀ ਅਤੇ ਅੱਜ ਇਸ ਨਵੇਂ ਬਿਲ ਨਾਲ ਕਿਸਾਨਾਂ ਦਾ ਜੀਵਨ ਹੋਰ ਸਰਲ ਹੋਵੇਗਾ’।

 

 

ਦੱਸ ਦਈਏ ਕਿ ਖੇਤੀਬਾੜੀ ਸਬੰਧੀ ਦੋ ਬਿਲ ਅੱਜ ਰਾਜ ਸਭਾ ਵਿਚ ਪੇਸ਼ ਕੀਤੇ ਗਏ।