ਇਕ ਨਸ਼ੇੜੀ ਤੋਂ ਪੱਤਰਕਾਰ ਬਣਨ ਦੀ ਕਹਾਣੀ: 10 ਅਗਸਤ ਨੂੰ ਰਿਲੀਜ਼ ਹੋ ਰਹੀ 'ਡਾਕੂਆਂ ਦਾ ਮੁੰਡਾ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਨਸ਼ਿਆਂ ਦਾ ਦਰਿਆ ਅੱਜ ਇੰਨਾ ਕੁ ਵਿਸ਼ਾਲ ਰੂਪ ਧਾਰਣ ਕਰ ਚੁੱਕਿਆ ਹੈ ਕਿ ਇਹ ਪੰਜਾਬ ਦੇ ਪੰਜੇ ਦਰਿਆਂਵਾਂ 'ਤੇ ਭਾਰੀ ਪੈ ਗਿਆ ਹੈ

Dakuaan Da Munda

ਨਸ਼ਿਆਂ ਦਾ ਦਰਿਆ ਅੱਜ ਇੰਨਾ ਕੁ ਵਿਸ਼ਾਲ ਰੂਪ ਧਾਰਣ ਕਰ ਚੁੱਕਿਆ ਹੈ ਕਿ ਇਹ ਪੰਜਾਬ ਦੇ ਪੰਜੇ ਦਰਿਆਂਵਾਂ 'ਤੇ ਭਾਰੀ ਪੈ ਗਿਆ ਹੈ। ਬਾਕੀ ਦਰਿਆਂਵਾਂ 'ਤੇ ਤਾਂ ਬੰਨ ਵੀ ਲਾਇਆ ਜਾ ਸਕਦਾ ਹੈ ਪਰ ਇਸ ਨਸ਼ੇ ਤੇ ਕੋਈ ਬੰਨ ਲਾਉਣ ਦਾ ਵੀ ਕੋਈ ਫਾਇਦਾ ਨਜ਼ਰੀਂ ਨਹੀਂ ਆਉਂਦਾ ... ਤੇ ਹੀ ਨਸ਼ੇ ਦੇ ਸੌਦਾਗਰਾਂ ਤੇ ਨੌਜਵਾਨਾਂ ਦੇ ਦਰਦਾਂ ਨੂੰ ਗੀਤ ਤੇ ਫ਼ਿਲਮਾਂ ਰਾਹੀ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿੰਨੀ ਵਾਰ ਕੀਤੀ ਗਈ। ਚਿੱਟੇ ਦੇ ਖ਼ਿਲਾਫ਼ ਕਾਲੇ ਹਫ਼ਤੇ ਦੇ ਦੌਰਾਨ ਇਕ ਟਰੇਲਰ ਆਇਆ ਸੀ, ਤੇ ਫ਼ਿਲਮ ਹੈ `ਡਾਕੂਆਂ ਦਾ ਮੁੰਡਾ`।

ਭਾਵੇਂ ਇਹ ਫ਼ਿਲਮ ਨਸ਼ੇ ਤੇ ਅਧਾਰਿਤ ਹੈ ਪਰ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਹਾਣੀ ਅਸਲ ਜ਼ਿੰਦਗੀ ਤੇ ਆਧਾਰਿਤ ਹੈ। ਇਹ ਉਸ ਨੌਜਵਾਨ ਦੀ ਕਹਾਣੀ ਹੈ ਜਿਸਦਾ ਜਨਮ ਹੀ ਨਸ਼ਿਆਂ ਦੀ ਇਸ ਦੁਨੀਆ ਵਿਚ ਹੋਇਆ। ਪਰਿਵਾਰ ਵਿਚ ਪਹਿਲਾਂ ਹੀ ਨਸ਼ੇ ਵੇਚਣ ਦਾ ਕਾਰੋਬਾਰ ਸੀ, ਜੋ ਕੁੱਝ ਉਸ ਬੱਚੇ ਨੇ ਆਪਣੇ ਆਲੇ ਦੁਆਲੇ ਵੇਖਿਆ ਤੇ ਸਿੱਖਿਆ, ਉਸ ਕਰ ਕੇ ਪਿੰਡ ਵੱਲੋਂ ਉਸਨੂੰ ਜੋ ਨਾਮ ਮਿਲਿਆ ਉਹ ਸੀ 'ਡਾਕੂਆਂ ਦਾ ਮੁੰਡਾ'। ਜਿਸ ਦਾ ਨਾਮ ਹੈ ਮਿੰਟੂ ਗੁਰੂਸਰੀਆ। ਤਕਰੀਬਨ 12 ਤੋਂ ਵੱਧ ਲੁੱਟ ਖੋਹ ਤੇ ਹੱਤਿਆਵਾਂ ਦੇ ਇੱਕਠੇ ਮਾਮਲੇ ਜਿਸ `ਤੇ ਚੱਲੇ ਉਹ ਹੈ ਮਿੰਟੂ ਗੁਰੂਸਰੀਆ।

ਮੁਕਤਸਰ ਦੇ ਪਿੰਡ ਗੁਰੂਸਰ ਜੋਧਾ ਪਿੰਡ ਦਾ ਇਹ ਨੌਜਵਾਨ ਅਸਲ `ਚ ਤਾਂ ਕਬੱਡੀ ਦਾ ਖਿਡਾਰੀ ਸੀ, ਜਿੰਨੇ 16 ਸਾਲਾਂ ਦੀ ਉਮਰ `ਚ ਸਮੈਕ ਦਾ ਨਸ਼ਾ ਕੀਤਾ 'ਤੇ ਉਸ ਦੇ ਕੁੱਝ ਸਮਾਂ ਬਾਅਦ ਚਿੱਟੇ ਦਾ। 'ਡਾਕੂਆਂ ਦੇ ਇਸ ਮੁੰਡੇ ਦੀ ਕਹਾਣੀ ਦਾ ਮੁੱਖ ਪਾਤਰ ਹੈ `ਨਸ਼ਾ`।`ਨਸ਼ਾ` ਜਿਸ ਨੇ ਇਸ ਮੁੰਡੇ ਨੂੰ ਕਬੱਡੀ ਤੋਂ ਦੂਰ ਕੀਤਾ 'ਤੇ ਵੈਲ ਪੁਣੇ ਦੇ ਕੰਮਾਂ ਦੀ ਰਾਹ ਤੋਰ ਦਿੱਤਾ। ਪਰ ਇਸ ਵਿਚ ਕਸੂਰ ਉਸਦੇ ਕੱਲੇ ਦਾ ਨਹੀਂ ਸੀ, ਕੁੱਝ ਕਸੂਰ ਪਰਿਵਾਰ ਦਾ ਸੀ ਤੇ ਕੁਝ ਉਸਦੇ ਦੋਸਤਾਂ ਦਾ ਵੀ ਸੀ। 

ਹੁਣ ਜੇ ਗੱਲ ਕਰੀਏ ਉਸਦੀ ਫ਼ਿਲਮ `ਡਾਕੂਆਂ ਦਾ ਮੁੰਡਾ` ਦੀ ਜਿਸ ਦਾ ਨਾਂ ਮਿੰਟੂ ਦੀ ਕਿਤਾਬ ਤੋਂ ਹੀ ਲਿਆ ਗਿਆ। ਇਹ ਫ਼ਿਲਮ ਨਸ਼ਿਆਂ ਦੀ ਉਸ ਮੌਤ ਦੀ ਦੁਨੀਆ ਉਹ ਰੂਪ ਦਰਸਾਏਗੀ ਜਿਸ ਵਿਚ ਅੱਜ ਪੰਜਾਬ ਦੀ ਜਵਾਨੀ ਅਲੋਪ ਹੋ ਚੁੱਕੀ ਹੈ। ਇਸ ਫ਼ਿਲਮ ਦੇ  ਟਰੇਲਰ ਨੇ ਤਾਂ ਇਕ ਮਹੀਨਾ ਪਹਿਲਾਂ ਹੀ ਪੰਜਾਬ ਦਾ ਹਾਲ ਬਿਆਨ ਕਰ ਦਿੱਤਾ ਸੀ ਤੇ ਹੁਣ 10 ਅਗਸਤ ਨੂੰ ਇਹ ਫ਼ਿਲਮ ਨੌਜਵਾਨਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਹਾਲੇ ਵੀ ਸਮਾਂ ਹੈ, ਉਹ ਹਾਲੇ ਵੀ ਆਪਣੇ ਆਪ ਨੂੰ ਨਸ਼ਿਆਂ ਦੇ ਇਸ ਕੋੜ੍ਹ ਤੋਂ ਮੁਕਤ ਕਰ ਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹਨ।

ਇਸ ਫ਼ਿਲਮ `ਚ ਮਿੰਟੂ ਗੁਰੂਸਰਿਆ ਦਾ ਕਿਰਦਾਰ ਨਿਭਾਅ ਰਹੇ ਹਨ ਦੇਵ ਖਰੋੜ ਜਿਨ੍ਹਾਂ ਦੀ ਬਿਹਤਰੀਨ ਅਦਾਕਾਰੀ ਨਾ ਸਿਰਫ਼ ਟਰੇਲਰ ਬਲਕਿ ਗੀਤਾਂ ਰਾਹੀਂ ਵੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਦੇਵ ਦੀ ਇਹ ਪਹਿਲੀ ਬਾਇਓਪਿਕ ਨਹੀਂ। ਇਸ ਤੋਂ ਪਹਿਲਾਂ ਵੀ ਉਹ ਰੁਪਿੰਦਰ ਗਾਂਧੀ ਦੇ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ, ਜੋ ਦਰਸ਼ਕਾਂ ਨੇ ਵੀ ਕਾਫ਼ੀ ਪਸੰਦ ਕੀਤਾ। ਥੀਏਟਰ ਨਾਲ ਕਾਫੀ ਸਮੇਂ ਤੋਂ ਜੁੜੇ ਦੇਵ ਖਰੋੜ ਦੀ ਅਦਾਕਾਰੀ ਇਸ ਗੱਲ ਦਾ ਸਬੂਤ ਹੈ ਕਿ ਭਾਵੇਂ ਉਨ੍ਹਾਂ ਨੇ ਫ਼ਿਲਮਾਂ ਲਈ ਇੰਤਜ਼ਾਰ ਕੀਤਾ ਪਰ ਜਿਨ੍ਹਾਂ ਸਬਰ ਉਨ੍ਹਾਂ ਨੇ ਕੀਤਾ ਉਨ੍ਹਾਂ ਹੀ ਬਹਿਤਰੀਨ ਫ਼ਲ ਵੀ ਉਨ੍ਹਾਂ ਨੂੰ ਮਿਲਿਆ ਹੈ।

ਕਿੰਝ ਇਕ ਨਸ਼ੇੜੀ ਪੱਤਰਕਾਰ ਬਣਦਾ ਹੈ ਤੇ ਪੂਰੇ ਵਿਸ਼ਵ ਦੀ ਆਰਥਿਕ ਸਥਿਤੀ ਤੋਂ ਲੈ ਕੇ ਸਮਾਜਿਕ ਸਥਿਤੀ ਦੀ ਸਮੀਖਿਆ ਕਰਦਾ ਹੈ। ਇਸ ਦੇ ਲਈ ਦੇਖਣੀ ਪਏਗੀ `ਡਾਕੂਆਂ ਦਾ ਮੁੰਡਾ` ਜਿਸ `ਚ ਮੁੱਖ ਕਿਰਦਾਰ `ਚ ਦੇਵ ਖਰੋੜ ਨਾਲ ਨਜ਼ਰ ਆਉਣਗੇ ਪੂਜਾ ਵਰਮਾ, ਜਗਜੀਤ ਸੰਧੂ, ਲੱਕੀ ਧਾਲੀਵਾਲ , ਸੁਖਦੀਪ ਸੁਖ, ਅਨੀਤਾ ਮੀਤ, ਹਰਦੀਪ ਗਿੱਲ ਤੇ ਕੁਲਜਿੰਦਰ ਸਿੱਧੂ। ਇਸ ਨੂੰ ਪ੍ਰੋਡਿਉਸ ਕੀਤਾ ਹੈ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ ਨੇ । ਮਨਦੀਪ ਬੈਨੀਪਾਲ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਜਿਨ੍ਹਾਂ ਨੇ ਬੱਬੂ ਮਾਨ ਦੀ `ਏਕਮ` ਤੇ `ਸਾਡਾ ਹੱਕ` ਵਰਗੀਆਂ ਫ਼ਿਲਮਾਂ ਦਿੱਤੀਆਂ  ਹਨ।  `ਡਾਕੂਆਂ ਦਾ ਮੁੰਡਾ` ਦਾ ਸੰਗੀਤ ਦਿੱਤਾ ਹੈ ਲਾਡੀ ਗਿੱਲ ਨੇ ਤੇ ਗੀਤ ਦੇ ਬੋਲ ਵੀਤ ਬਲਜੀਤ ਤੇ ਗਿੱਲ ਰੌਂਤਾ ਨੇ ਲਿਖੇ ਹਨ। 

ਖੈਰ ਇਹ ਫ਼ਿਲਮ ਉਨ੍ਹਾਂ ਨੌਜਵਾਨਾਂ ਨੂੰ ਖ਼ਾਸਾ ਪ੍ਰਭਾਵਿਤ ਕਰੇਗੀ ਤੇ ਨਾਲ ਹੀ ਸ਼ਰਮਸਾਰ ਵੀ ਕਰੇਗੀ ਜੋ ਅੱਜ ਵੀ ਨਸ਼ਾ ਲੈ ਰਹੇ ਹਨ। 'ਤੇ ਉਨ੍ਹਾਂ ਦੀਆਂ ਅੱਖਾਂ ਵੀ ਖੋਲ੍ਹੇਗੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਨਸ਼ਾ ਨਹੀਂ ਛੱਡ ਸਕਦੇ ਜਾਂ ਕੁੱਝ ਜ਼ਿੰਦਗੀ `ਚ ਕਰ ਨਹੀਂ ਸਕਦੇ। ਪਰ ਇਸ ਦੇ ਲਈ ਦੇਖਣੀ ਪਏਗੀ `ਡਾਕੂਆਂ ਦਾ ਮੁੰਡਾ`ਜੋ ਕਿ 10 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਦੇਖਣਾ ਇਹ ਹੋਏਗਾ ਕਿ ਇਹ ਫ਼ਿਲਮ ਸਿਨਮਾ ਘਰਾਂ ਵਿਚ ਦਰਸ਼ਕਾਂ ਦਾ ਕਿੰਨਾ ਕੁ ਪਿਆਰ ਬਟੋਰਦੀ ਹੈ ਤੇ ਅਸਲ ਜ਼ਿੰਦਗੀ ਤੇ ਅਧਾਰਿਤ ਇਸ ਕਹਾਣੀ ਤੋਂ ਕੀ ਸਿੱਖਿਆ ਲਵੇਗੀ।