ਸਿੱਧੂ ਮੂਸੇਵਾਲਾ ਇਕ ਵਾਰ ਬਣਿਆ ਚਰਚਾ ਦਾ ਵਿਸ਼ਾ, ਪੂਰੇ ਪਿੰਡ 'ਚ ਹੋਈ ਬੱਲੇ-ਬੱਲੇ, ਦੇਖੋ ਵੀਡੀਓ
ਡਾ. ਬਾਂਸਲ ਦੀ ਪਤਨੀ ਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਨੇ ਸਿੱਧੂ ਮੂਸੇਵਾਲਾ ਅਤੇ ਐੱਸਐੱਸਪੀ ਦਾ ਹੱਥ ਜੋੜ ਕੇ ਧੰਨਵਾਦ ਕੀਤਾ।
ਚੰਡੀਗੜ੍ਹ - ਕੋਰੋਨਾ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ ਇਸ ਦੇ ਨਾਲ ਹੀ ਕੋਰੋਨਾ ਤੇ ਲੌਕਡਾਊਨ ਦੇ ਚੱਲਦਿਆਂ ਮਾਨਸਾ ਜ਼ਿਲ੍ਹਾ ਹੈੱਡਕੁਆਰਟਰਜ਼ ਦੇ ਡਾਕਟਰ ਸੁਨੀਲ ਬਾਂਸਲ ਨੂੰ ਸਿੱਧੂ ਮੂਸੇਵਾਲਾ ਨੇ ਤੋਹਫ਼ਾ ਦਿੱਤਾ ਹੈ ਜਿਸ ਦੀ ਉਮੀਦ ਨਾ ਕਦੇ ਆਂਢੀਆਂ–ਗੁਆਂਢੀਆਂ ਨੇ ਕੀਤੀ ਸੀ ਤੇ ਨਾ ਹੀ ਕਦੇ ਖੁਦ ਡਾ. ਬਾਂਸਲ ਨੇ ਇਹ ਸੋਚਿਆ ਸੀ ਕਿ ਕਦੇ ਇਸ ਤਰ੍ਹਾਂ ਹੋਵੇਗਾ।
ਦਰਅਸਲ, ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਜੋ ਵੀ ਰੋਗੀ ਜਾਂ ਸ਼ੱਕੀ ਰੋਗੀ ਆਉਂਦਾ ਹੈ, ਤਾਂ ਉਸ ਦਾ ਇਲਾਜ ਡਾ. ਬਾਂਸਲ ਹੀ ਕਰਦੇ ਹਨ। ਉਨ੍ਹਾਂ ਦੀ ਇਸੇ ਪ੍ਰਾਪਤੀ ਸਦਕਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਾਨਸਾ ਦੇ ਐੱਸਐੱਸਪੀ (SSP) ਸ਼੍ਰੀ ਨਰਿੰਦਰ ਭਾਰਗਵ ਨੇ ਸਵੇਰੇ–ਸਵੇਰੇ ਅਚਾਨਕ ਡਾ. ਬਾਂਸਲ ਦੇ ਘਰ ਦਾ ਬੂਹਾ ਖੜਕਾ ਦਿੱਤਾ। ਐੱਸਐੱਸਪੀ ਨਾਲ ਇਸ ਲਈ ਕਿਉਂਕਿ ਉਹਨਾਂ ਦੀ ਗੱਡੀ ’ਚ ਹੂਟਰ ਲੱਗਾ ਹੋਇਆ ਸੀ, ਜਿਸ ਨੂੰ ਸੁਣ ਕੇ ਇਲਾਕੇ ਦੇ ਸਾਰੇ ਲੋਕ ਆਪੋ–ਆਪਣੇ ਘਰਾਂ ਦੀਆਂ ਬਾਲਕਨੀਆਂ ’ਚ ਆ ਕੇ ਖੜ੍ਹੇ ਹੋ ਗਏ।
ਕੱਲ੍ਹ ਸ਼ੁੱਕਰਵਾਰ ਨੂੰ ਡਾ. ਸੁਨੀਲ ਬਾਂਸਲ ਦਾ ਜਨਮ ਦਿਨ ਸੀ ਤੇ ਸਿੱਧੂ ਮੂਸੇਵਾਲਾ ਅਤੇ ਐੱਸਐੱਸਪੀ ਸ੍ਰੀ ਭਾਰਗਵ ਨੇ ਉਨ੍ਹਾਂ ਨੂੰ ਪਹਿਲਾਂ ਜਨਮ–ਦਿਨ ਮੁਬਾਰਕ ਆਖਿਆ ਤੇ ਫਿਰ ਬੰਦ ਡੱਬੇ ’ਚ ਕੋਈ ਤੋਹਫ਼ਾ ਵੀ ਦਿੱਤਾ ਅਤੇ ਗੁਲਦਸਤੇ ਵੀ ਭੇਟ ਕੀਤੇ। ਡਾ. ਬਾਂਸਲ ਦੀ ਪਤਨੀ ਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਨੇ ਸਿੱਧੂ ਮੂਸੇਵਾਲਾ ਅਤੇ ਐੱਸਐੱਸਪੀ ਦਾ ਹੱਥ ਜੋੜ ਕੇ ਧੰਨਵਾਦ ਕੀਤਾ।
ਇਸ ਦੌਰਾਨ ਸਭ ਨੇ ਮਾਸਕ ਵੀ ਲਾਏ ਹੋਏ ਸਨ ਤੇ ਸਮਾਜਕ–ਦੂਰੀ ਵੀ ਬਣਾ ਕੇ ਰੱਖਿਆ ਸੀ। ਇਸ ਕੰਮ ਦੀ ਇਲਾਕੇ ’ਚ ਬਹੁਤ ਚਰਚਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਕੋਰੋਨਾ ਵਾਇਰਸ ਤੇ ਇਕ ਗਾਣਾ ਲਿਖਿਆ ਸੀ ਜਿਸ ਵਿਚ ਉਹ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਬਲਦੇਵ ਸਿੰਘ, ਜਿਸ ਦੀ 18 ਮਾਰਚ ਨੂੰ ਮੌਤ ਹੋ ਗਈ ਸੀ ਅਤੇ ਜੋ ਸੂਬੇ ਵਿਚ ਸੁਪਰ ਸਪ੍ਰੈਡਰ ਬਣ ਕੇ ਘੁੰਮਿਆ, ਬਾਰੇ ਇਹ ਗਾਣਾ ਲਿਖਿਆ ਗਿਆ ਸੀ।
ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸ਼ੋਸਲ ਡਿਸਟੈਨਸਿੰਗ ‘ਤੇ ਜਿਆਦਾ ਜ਼ੋਰ ਦਿੱਤਾ ਸੀ। ‘ਗਵਾਚਿਆ ਗੁਰਬਖਸ’ ਨਾਂ ਦੇ ਇਸ ਗਾਣੇ ਵਿਚ ਦੱਸਿਆ ਗਿਆ ਸੀ ਕਿ 70 ਸਾਲ ਦੇ ਬਜੁਰਗ ਬਲਦੇਵ ਸਿੰਘ ਕਿਵੇਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ 7 ਮਾਰਚ ਨੂੰ ਪੰਜਾਬ ਪੁੱਜਾ ਤੇ ਜਿਸ ਨੂੰ ਡਾਕਟਰਾਂ ਵੱਲੋਂ ਘਰ ਵਿਚ ਇਕਾਂਤਵਸ ਰਹਿਣ ਦੀ ਹਦਾਇਤ ਦਿਤੀ ਗਈ ਸੀ
ਪਰ ਇਸ ਹਦਾਇਤ ਦੇ ਬਾਵਜੂਦ ਵੀ ਉਹ ਬਾਹਰ ਘੁੰਮਦਾ ਰਿਹਾ ਅਤੇ ਆਪਣੇ ਆਸੇ-ਪਾਸੇ ਕੋਰੋਨਾ ਫੈਲਾਉਂਦਾ ਰਿਹਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਨੇ ਵੀ ਕੋਰੋਨਾ ਵਾਇਰਸ ਤੇ ਇਕ ਗਾਣਾ ਲਿਖ ਕੇ ਉਸ ਦੀ ਇਕ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਲੋਕਾਂ ਨਾਲ ਸਾਂਝਾ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਵਿਚ ਹੁਣ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਨੂੰ ਦੇਖਦਿਆ ਕੇਂਦਰ ਸਰਕਾਰ ਨੇ 3 ਮਈ ਤੱਕ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ।