ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਪੰਜਾਬ ਦੇ ਕਈ ਉੱਘੇ ਕਲਾਕਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦੀਪ ਸਿੱਧੂ ਸ਼ੰਭੂ ਬਾਰਡਰ 'ਤੇ ਕਿਸਾਨਾਂ ਤੇ ਮਜ਼ਦੂਰਾ ਨਾਲ ਖੜੇ ਮੋਢਾ ਜੋੜ

Punjabi Singer

ਅੱਜ ਅਲੱਗ ਅਲੱਗ ਥਾਵਾਂ 'ਤੇ ਕਲਾਕਾਰਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ, ਕਲਾਕਾਰ ਦੀਪ ਸਿੱਧੂ ਸ਼ੰਭੂ ਬਾਰਡਰ 'ਤੇ ਕਿਸਾਨਾਂ ਤੇ ਮਜ਼ਦੂਰਾ ਨਾਲ ਮੋਢਾ ਜੋੜ ਖੜੇ ਨੇ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।

ਦੀਪ ਸਿੱਧੂ ਨੇ ਰੋਜ਼ਾਨਾ ਸਪੋਕਸਮੈਨ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਪਾਰਲੀਮੈਂਟ 'ਚ ਤਾਂ ਡਾਕੂ ਬੈਠੇ ਨੇ ਜੋ ਸਿਰਫ ਕਾਨੂੰਨ ਬਣਾਉਣਾ ਜਾਣਦੇ ਹਨ, ਤੇ ਨਾਲ ਹੀ ਕਿਹਾ ਕਿ ਲੋਕਤੰਤਰ 'ਚ ਲੋਕ ਪੱਖੀ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਬਲਕਿ ਭਰਮ ਪੈਦਾ ਕੀਤੇ ਜਾਂਦੇ ਨੇ।

ਬੀਤੇ ਦਿਨੀਂ ਦੇਵ ਖਰੋੜ ਤੇ ਜਪਜੀ ਖਹਿਰਾ ਨੇ ਵੀ ਰੋਸ ਪ੍ਰਦਰਸ਼ਨ ਕੀਤਾ। ਦੇਵ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਲੋਕਾਂ ਨੂੰ ਕਿਹਾ ਸੀ ਕਿ  ਸਿਆਸੀ ਲੋਕਾਂ ਦੇ ਪਿੱਛੇ ਨਾ ਲੱਗੋ, ਜਿਵੇਂ ਕਿਸਾਨ ਕਹਿੰਦੇ ਉਸੇ ਤਰ੍ਹਾਂ ਧਰਨਾ ਲਗਾਓ ਕਿਉਂਕਿ ਸਿਆਸੀ ਪਾਰਟੀਆਂ ਸਾਡਾ ਭਲਾ ਨਹੀਂ ਚਾਹੁੰਦੀਆਂ।

ਇਸਦੇ ਨਾਲ ਹੀ ਕੇ ਐੱਸ ਮੱਖਣ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਕਿਹਾ ਕਿ ਆਪਾਂ ਸਾਰਿਆਂ ਨੂੰ ਇੱਕਠੇ ਹੋ ਕੇ ਖੜ੍ਹਨ ਦੀ ਲੋੜ ਹੈ ਤੇ ਨਾਲ ਹੀ  ਉਹਨਾਂ ਨੇ ਕਿਹਾ ਕਿ ਧਰਨੇ ਲਾਉਣ ਵਾਲਿਆ ਦਾ ਧਿਆਨ ਰੱਖਿਓ ਕਿਉਂਕਿ ਇੱਥੇ ਧਰਨੇ ਵਿੱਕ ਵੀ ਜਾਂਦੇ ਹਨ।

ਕਿਸਾਨ ਤੇ ਮਜ਼ਦੂਰਾ ਨੂੰ ਲੈ ਕਿ  ਜੋ ਸਰਕਾਰ ਨੇ ਬਿੱਲ ਪਾਸ ਕੀਤਾ ਹੈ ਉਸ 'ਤੇ ਸਿਤਾਰੇ ਸੋਸ਼ਲ ਮੀਡੀਆ ਜਰੀਏ ਆਪਣਾ ਪੱਖ ਰੱਖਦੇ ਵੇਖੇ ਗਏ ਹਨ। ਦੱਸ  ਦੇਈਏ ਕਿ ਭਾਨਾ ਸਿੱਧੂ ਲਗਾਤਾਰ ਸਰਕਾਰਾਂ ਖਿਲਾਫ ਧਰਨੇ 'ਤੇ ਬੈਠਾ ਹੈ, ਤੇ ਪਲ ਪਲ ਦੀ ਖਬਰ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਰਹੇ ਹਨ।

ਹਾਲ ਹੀ 'ਚ ਉਹਨਾਂ ਨੇ ਵੀਡੀਓ ਸਾਂਝੀ ਕੀਤੀ ਸੀ ਜਿਸ 'ਚ ਉਹਨਾਂ ਕਿਹਾ ਕਿ ਹੁਣ ਅਸੀ ਕੈਪਟਨ ਦੀ ਧੌਣ 'ਤੇ ਗੋਡਾ ਧਰਾਂਗੇ, ਜਿਸ ਤੋਂ ਬਾਅਦ ਇੱਕ ਵਾਰ ਫਿਰ ਭਾਨਾ ਸਿੱਧੂ ਨੇ ਵੀਡੀਓ ਸਾਂਝੀ ਕੀਤੀ ਤੇ ਕਿਹਾ ਕਿ ਕੁਰਸੀਆਂ ਦੀ ਖਾਤਰ  ਤਾਂ ਇਹ ਆਪਣੇ ਸਕੇ ਧੀ ਪੁੱਤ ਵੀ ਮਰਵਾ ਦਿੰਦੇ ਹਨ ਤੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਦੇ ਹੱਕ ਚ ਨਹੀਂ ਹਾਂ। 

 ਦੱਸ ਦੇਈਏ ਕਿ ਬੱਬੂ ਮਾਨ ਤੇ ਰਣਜੀਤ ਬਾਵਾ ਨੇ ਆਪਣੀ-ਆਪਣੀ ਪੋਸਟ ਦੇ ਜਰੀਏ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉੱਠਾਈ ਸੀ ਜਿਸ ਤੋਂ ਬਾਅਦ ਐਮੀ ਵਿਰਕ, ਦਿਲਜੀਤ ਦੋਸਾਂਝ ਤੇ ਗੁਰਨਾਮ ਭੁੱਲਰ ਵਰਗੇ ਕਲਾਕਾਰਾਂ ਨੇ ਕਿਸਾਨਾਂ ਲਈ ਆਪਣੀ ਅਵਾਜ਼ ਬੁਲੰਦ ਕੀਤੀ ਸੀ।

ਦਿਲਜੀਤ ਦੋਸਾਂਝ ਨੇ ਆਪਣੀ ਪੋਸਟ ਵਿਚ ਲਿਖਿਆ ਸੀ ਕਿ , 'ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਹੈ ਤਾਂ ਕਿਸਾਨ ਪਰਿਵਾਰ 'ਚੋ ਹੀ। ਦੇਸ਼ ਦਾ ਅੰਨ ਦਾਤਾ ਸੜਕਾਂ 'ਤੇ ਰੁੱਲ ਰਿਹਾ ਹੈ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਧਰ ਸਾਡੇ ਲਈ ਅੰਨ੍ਹ ਪੈਦਾ ਕਰਦਾ ਹੈ। ਅੰਨ ਦਾਤੇ ਨਾਲ ਧੱਕਾ ਨਾ ਕਰੋ ਜੀ। ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ 'ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ 'ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ 'ਚ ਖੜ੍ਹੇ ਹੋਈਏ।'