ਉੱਡ ਦੀ ਫਿਰਾਂ:ਸੁਨੰਦਾ ਸ਼ਰਮਾ ਨੇ ਬਿਲਾਲ ਸਈਦ ਨਾਲ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਕੀਤਾ ਸਾਂਝਾ
31 ਜੁਲਾਈ ਨੂੰ ਇਹ ਗੀਤ ਸ਼ਾਨਦਾਰ ਰਿਲੀਜ਼ ਤੋਂ ਬਾਅਦ ਪਿਆਰ ਵਿਚ ਡੁੱਬ ਜਾਨ ਲਈ ਮਜ਼ਬੂਰ ਕਰ ਦੇਵੇਗਾ।
ਚੰਡੀਗੜ੍ਹ (ਮੁਸਕਾਨ ਢਿੱਲੋਂ) : ਆਪਣੇ ਗਾਣਿਆਂ ਨਾਲ ਸਾਡੀ ਜ਼ਿੰਦਗੀ ਵਿਚ ਰੋਮਾਂਸ ਘੋਲਣ ਵਾਲੇ ਬਿਲਾਲ ਸਈਦ ਅਤੇ ਪਟਾਕੇ ਪਾਉਣ ਵਾਲੀ ਬਿੱਲੀ ਅੱਖ ਸਿੰਗਰ ਸੁਨੰਦਾ ਸ਼ਰਮਾ ਦੀ ਨਵੀਂ ਜੋੜੀ ਇਸ਼ਕ ਦੀਆਂ ਉੱਚੀਆਂ ਦੀਵਾਰਾਂ ਨੂੰ ਪਾਰ ਕਰ ਉਡਾਰੀ ਲਾਉਣ ਨੂੰ ਬਿਲਕੁਲ ਤਿਆਰ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਆਉਣ ਵਾਲੀ ਆਨਸਕ੍ਰੀਨ ਜੋੜੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ 'ਉੱਡ ਦੀ ਫਿਰਾਂ' ਗਾਣੇ ਦਾ ਪੋਸਟਰ ਸ਼ੇਅਰ ਕਰ ਦੱਸਿਆ ਹੈ ਕਿ 31 ਜੁਲਾਈ ਨੂੰ ਇਹ ਗੀਤ ਸ਼ਾਨਦਾਰ ਰਿਲੀਜ਼ ਤੋਂ ਬਾਅਦ ਪਿਆਰ ਵਿਚ ਡੁੱਬ ਜਾਨ ਲਈ ਮਜ਼ਬੂਰ ਕਰ ਦੇਵੇਗਾ।
ਪੋਸਟਰ ਵੇਖ ਕੇ ਤਾਂ ਲੱਗਦਾ ਹੈ ਕਿ ਦੋਨਾਂ ਦੀ ਸ਼ਾਇਰਾਨਾ ਅੰਦਾਜ਼ ਵਾਲੀ ਕੈਮਿਸਟ੍ਰੀ ਗਾਣੇ ਨੂੰ ਸਿਖਰ ਚੜਾਉਣ ਲਈ ਕਾਫੀ ਹੈ। ਗਾਣੇ ਦੇ ਲਿਰਿਕਸ ਅਤੇ ਕੰਪੋਜਿਸ਼ਨ ਪਿੱਛੇ ਆਪਣੀਆਂ ਧੁਨਾਂ ਨਾਲ ਮਨ ਦੇ ਹਰ ਕੋਨੇ ਨੂੰ ਨਚਾ ਦੇਣ ਵਾਲੇ 'ਦਾ ਜੀਨੀਅਸ' ਬਿਲਾਲ ਸਈਦ ਹੀ ਹਨ।ਗੀਤ ਦਾ ਵੀਡੀਓ ਅਮਨਿੰਦਰ ਸਿੰਘ ਨੇ ਡਾਇਰੈਕਟ ਕੀਤਾ ਹੈ। ਮਿਊਜ਼ਿਕ ਵੀਡੀਓ ਨੂੰ ਲਾਹੌਰੀ ਟਚ ਦੇਣ ਲਈ, ਸੁਨੰਦਾ ਸ਼ਰਮਾ ਅਤੇ ਬਿਲਾਲ ਨੇ ਲਾਹੌਰ ਦੀਆਂ ਗਲੀਆਂ 'ਤੇ ਇਸ਼ਕ ਦੀ ਬੌਛਾਰ ਕਰਦੇ ਵੀਡੀਓ ਸਾਂਝੀ ਕੀਤੀ ਸੀ। ਚਲੋ ਆਖ਼ਰ ਸੁਨੰਦਾ ਦਾ 'ਕਾਸ਼' ਹਕੀਕਤ ਵਿਚ ਬਾਦਲ ਗਿਆ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਓਹਦਾ ਜੰਮਣਾ ਫਿਜ਼ੂਲ ਹੋ ਗਿਆ।
ਸੁਨੰਦਾ ਨੇ ਵੀਡੀਓ ਸ਼ੇਅਰ ਕਰ ਬਿਲਾਲ ਸਈਦ ਦਾ ਮਹਿਮਾਨਵਾਜ਼ੀ ਕਰਨ ਲਈ ਸ਼ੁਕਰੀਆ ਅਦਾ ਕਰ ਲਾਹੌਰ ਦੀ ਤਾਰੀਫ ਕੀਤੀ। ਗੀਤ ਨੂੰ ਪਿੰਕੀ ਧਾਲੀਵਾਲ ਦੇ ਲੇਬਲ ਹੇਠ ਬਣਾਇਆ ਗਿਆ ਹੈ।ਬਿਲਾਲ ਸਈਦ ਨੇ ਪਹਿਲਾਂ ਵੀ ਕਈ ਪੰਜਾਬੀ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਹ ਆਪਣੇ ਸਿੰਗਲ "12 ਸਾਲ", "ਅੱਧੀ ਰਾਤ" ਅਤੇ "ਤੇਰੀ ਖੈਰ ਮੰਗਦੀ" ਲਈ ਮਸ਼ਹੂਰ ਹਨ। ਇੱਕ ਪਾਸੇ ਫੈਨਸ, ਜੋ ਇਸ ਬਾਕਮਾਲ ਕੈਮਿਸਟ੍ਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਓਥੇ ਹੀ ਪਾਕਿਸਤਾਨ ਦੇ ਫੈਨਸ ਨੇ ਸੁਨੰਦਾ ਲਈ ਨਾਰਾਗਜ਼ੀ ਜਾਹਿਰ ਕੀਤੀ ਹੈ ਕਿਉਕਿ ਉਹ ਚੁੱਪ ਚਪੀਤੇ ਪਾਕਿਸਤਾਨ ਵਿਚ ਆਪਣੀ ਬ੍ਯੂਟੀ ਦਾ ਚਾਰਮ ਬਿਖੇਰ ਕੇ ਵਾਪਸ ਭਾਰਤ ਦਾ ਰੁੱਖ ਕਰ ਗਈ।