ਵਧੀਆਂ ਦਲੇਰ ਮਹਿੰਦੀ ਦੀਆਂ ਮੁਸ਼ਕਲਾਂ, 4 ਸਤੰਬਰ 'ਤੇ ਜਾ ਪਈ ਅਗਲੀ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੌਪ ਗਾਇਕ ਦਲੇਰ ਮਹਿੰਦੀ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ 2 ਸਾਲ ਦੀ ਸਜ਼ਾ ਖ਼ਿਲਾਫ਼ ਕੀਤੀ ਗਈ ਅਪੀਲ...

Daler Mehndi fraud case

ਪੌਪ ਗਾਇਕ ਦਲੇਰ ਮਹਿੰਦੀ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ 2 ਸਾਲ ਦੀ ਸਜ਼ਾ ਖ਼ਿਲਾਫ਼ ਕੀਤੀ ਗਈ ਅਪੀਲ ਦੀ ਸੁਣਵਾਈ ਲਈ ਬੀਤੇ ਦਿਨ ਪੌਪ ਗਾਇਕ ਦਲੇਰ ਮਹਿੰਦੀ ਅਦਾਲਤ 'ਚ ਪੇਸ਼ ਹੋਏ। ਪਰ ਰਾਹਤ ਦੇ ਬਦਲੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 4 ਸਤੰਬਰ ਲਈ ਰੱਖ ਦਿਤੀ ਹੈ। ਦਸ ਦਈਏ ਕਿ ਦਲੇਰ ਮਹਿੰਦੀ ਨੂੰ ਮਾਰਚ ਮਹੀਨੇ 'ਚ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਖ਼ਿਲਾਫ਼ ਦਲੇਰ ਮਹਿੰਦੀ ਵਲੋਂ ਉੱਪਰਲੀ ਅਦਾਲਤ 'ਚ ਅਪੀਲ ਦਾਇਰ ਕੀਤੀ ਗਈ ਸੀ। ਤੇ ਇਹ ਉਸੇ ਅਪੀਲ ਦੀ ਸੁਣਵਾਈ ਸੀ।

ਜ਼ਿਕਰਯੋਗ ਹੈ ਕਿ ਥਾਣਾ ਸਦਰ ਪਟਿਆਲਾ ਨਾਲ ਸੰਬੰਧਤ ਇਹ ਮਾਮਲਾ ਸਤੰਬਰ 2003 ਦਾ ਹੈ। ਨੇੜਲੇ ਪਿੰਡ ਬਲਬੇੜਾ ਵਾਸੀ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਧਾਰਾ 420, 465, 467, 468, 471 ਅਤੇ 120ਬੀ ਤਹਿਤ ਇਹ ਕੇਸ 19 ਸਤੰਬਰ 2003 ਨੂੰ ਥਾਣਾ ਸਦਰ ਪਟਿਆਲਾ ਵਿਖੇ ਦਰਜ ਹੋਇਆ ਸੀ। ਸ਼ਿਕਾਇਤਕਰਤਾ ਨੇ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਮਹਿੰਦੀ ਸਮੇਤ ਕੁਝ ਹੋਰਨਾਂ 'ਤੇ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਹੜਪਣ ਦੇ ਦੋਸ਼ ਲਾਏ ਗਏ ਸਨ ’ਤੇ ਇਹ ਦੋਸ਼ ਤਕਰੀਬਨ 13 ਲੱਖ ਰੁਪਏ ਦੀ ਧੋਖਾਧੜੀ ਦੇ ਸਨ।  ਇਸ ਮਾਮਲੇ 'ਚ ਕਈ ਮਹੀਨੇ ਪਹਿਲਾਂ ਸਥਾਨਕ ਅਦਾਲਤ ਵੱਲੋਂ ਦਲੇਰ ਮਹਿੰਦੀ ਨੂੰ ਦੋ ਸਾਲਾਂ ਦੀ ਕੈਦ ਦੀ ਸਜ਼ਾ ਹੋਈ ਸੀ। 

ਪਰ ਮਗਰੋਂ ਸਾਹਮਣੇ ਆਏ  30 ਹੋਰ ਪੀੜਤਾਂ ਵੱਲੋਂ ਦਿੱਤੀਆਂ ਗਈਆਂ ਅਜਿਹੀਆਂ ਹੀ ਸ਼ਿਕਾਇਤਾਂ ਦੇ ਹਵਾਲੇ ਨਾਲ਼ ਇਨ੍ਹਾਂ ’ਤੇ ਪੌਣੇ ਦੋ ਕਰੋੜ ਤੋਂ ਵੱਧ ਰਾਸ਼ੀ ਦੀ ਧੋਖਾਧੜੀ ਦੇ ਦੋਸ਼ ਲੱਗੇ। ਪਰ ਸਾਢੇ ਚੌਦਾਂ ਸਾਲ ਚੱਲੀ ਅਦਾਲਤੀ ਕਾਰਵਾਈ ਦੌਰਾਨ ਅਦਾਲਤ ਨੇ ਦਲੇਰ ਮਹਿੰਦੀ ਨੂੰ ਧਾਰਾ 420 ਅਤੇ 120ਬੀ ਦਾ ਦੋਸ਼ੀ ਮੰਨਦਿਆਂ ਦੋ ਸਾਲ ਦੀ ਸਜ਼ਾ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। 

ਕਾਨੂੰਨ ’ਚ ਰੱਖੀ ਗਈ ਜ਼ਮਾਨਤ ਦੀ ਵਿਵਸਥਾ ਤਹਿਤ ਦਲੇਰ ਮਹਿੰਦੀ ਵੱਲੋਂ ਆਪਣੇ ਵਕੀਲ ਬਰਜਿੰਦਰ ਸਿੰਘ ਸੋਢੀ ਰਾਹੀਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ’ਤੇ ਉਸ ਜ਼ਮਾਨਤ ’ਤੇ ਛੱਡ ਦਿੱਤਾ ਗਿਆ। 2003 ’ਚ ਹੋਈ ਗ੍ਰਿਫਤਾਰੀ ਮੌਕੇ ਵੀ ਪੁਲੀਸ ਰਿਮਾਂਡ ਉਪਰੰਤ ਦਲੇਰ ਮਹਿੰਦੀ ਨੂੰ ਮੌਕੇ ’ਤੇ ਹੀ ਜ਼ਮਾਨਤ ਮਿਲ ਗਈ ਸੀ। ਦੱਸ ਦੇਈਏ ਕਿ ਸ਼ਮਸ਼ੇਰ ਮਹਿੰਦੀ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਮੁਲਜ਼ਮ ਬਰੀ ਹੋ ਗਏ ਸਨ। ਹੁਣ ਦੇਖਣਾ ਹੋਏਗਾ ਕਿ 4 ਸਤੰਬਰ ਨੂੰ ਅਦਾਲਤ ਦਲੇਰ ਮਹਿੰਦੀ ਦੀ ਕਿਸਮਤ ਨੂੰ ਲੈਕੇ ਕੀ ਫ਼ੈਸਲਾ ਕਰਦੀ ਹੈ।