Fact Check: ਭਾਜਪਾ ਆਗੂ ਦੀ ਕੁੱਟਮਾਰ ਦਾ ਇਹ ਵੀਡੀਓ ਜ਼ਮੀਨੀ ਵਿਵਾਦ ਦਾ ਮਾਮਲਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Fact Check Viral video of BJP Leader beaten shared with misleading twist

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨੀਪੁਰ ਦਰਿੰਦਗੀ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਇੱਕ ਭਾਜਪਾ ਆਗੂ ਦੀ ਕੁੱਟਮਾਰ ਕਰ ਦਿੱਤੀ। ਇਸ ਵੀਡੀਓ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਇੱਕ ਵਿਅਕਤੀ ਦੀ ਬੇਹਰਿਹਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ।

ਫੇਸਬੁੱਕ ਯੂਜ਼ਰ "Anis Rayeen" ਨੇ 30 ਜੁਲਾਈ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਮਨੀਪੁਰ ਹਾਦਸੇ 'ਤੇ ਗ੍ਰੇਟਰ ਨੋਇਡਾ ਵਿਖੇ ਭਾਜਪਾ ਨੇਤਾ ਰੋਹਿਤ ਪੰਡਿਤ ਦੀ ਕੁੱਟਮਾਰ ਕੀਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਅਸਲ ਵਿਚ ਇਸ ਕੁੱਟਮਾਰ ਦੀ ਵਜ੍ਹਾ ਜ਼ਮੀਨੀ ਵਿਵਾਦ ਸੀ ਨਾ ਕਿ ਮਨੀਪੁਰ ਦਰਿੰਦਗੀ ਦਾ ਗੁੱਸਾ।

ਪੜ੍ਹੋ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਇਸ ਕੁੱਟਮਾਰ ਦੀ ਵਜ੍ਹਾ ਜ਼ਮੀਨੀ ਵਿਵਾਦ ਸੀ

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਖਬਰਾਂ ਅਨੁਸਾਰ ਇਸ ਕੁੱਟਮਾਰ ਦੀ ਵਜ੍ਹਾ ਜ਼ਮੀਨੀ ਵਿਵਾਦ ਸੀ। ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਦਾ ਸਿਰਲੇਖ ਦਿੱਤਾ ਗਿਆ ਸੀ, "ग्रेटर नोएडा में भाजपा नेता के साथ मारपीट:गेट से नाम मिटाने को लेकर शुरू हुआ था विवाद, पिटाई का एक वीडियो भी आया सामने"

ਖਬਰ ਅਨੁਸਾਰ, "ਮੰਗਲਵਾਰ ਨੂੰ ਗ੍ਰੇਟਰ ਨੋਇਡਾ ਦੇ ਲਾਡਪੁਰਾ ਪਿੰਡ 'ਚ ਦੋ ਧਿਰਾਂ ਵਿਚਾਲੇ ਭਿਆਨਕ ਖੂਨੀ ਸੰਘਰਸ਼ ਦੇਖਣ ਨੂੰ ਮਿਲਿਆ। ਇਸ ਲੜਾਈ ਵਿਚ ਇੱਕ ਭਾਜਪਾ ਆਗੂ ਨੂੰ ਭਜਾ ਕੇ ਕੁੱਟਿਆ ਗਿਆ। ਭਾਜਪਾ ਆਗੂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਵਿਚ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ 'ਚ 20 ਤੋਂ ਵੱਧ ਲੋਕਾਂ ਦੀ ਪਛਾਣ ਕਰ ਲਈ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਦਰਸਾਲ ਕਾਸਨਾ ਥਾਣਾ ਖੇਤਰ ਦੇ ਲਾਡਪੁਰਾ ਪਿੰਡ ਵਿਚ ਇੱਕ ਮੰਦਰ ਬਣਿਆ ਹੋਇਆ ਹੈ। ਇਸ ਦੇ ਨੇੜੇ ਕੁਝ ਖਾਲੀ ਜ਼ਮੀਨ ਪਈ ਹੈ। ਇਹ ਜ਼ਮੀਨ ਐਲਐਮਸੀ ਅਤੇ ਪਿੰਡ ਦੇ ਹੀ ਲਖਪਤ ਪਰਿਵਾਰ ਦੇ ਕੁਝ ਲੋਕਾਂ ਦੀ ਦੱਸੀ ਜਾਂਦੀ ਹੈ। ਕੁਝ ਦਿਨ ਪਹਿਲਾਂ ਪਿੰਡ ਦੇ ਲੋਕਾਂ ਨੇ ਖਾਲੀ ਪਈ ਜ਼ਮੀਨ ’ਤੇ ਮੰਦਰ ਬਣਾਉਣ ਦਾ ਫੈਸਲਾ ਕੀਤਾ। ਇਸ ਮੁੱਦੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਲਖਪਤ ਪਰਿਵਾਰ ਨੂੰ ਮੰਦਰ ਦੀ ਉਸਾਰੀ ਲਈ ਖਾਲੀ ਪਈ ਜ਼ਮੀਨ ਸੌਂਪਣ ਦੀ ਮੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਲਖਪਤ ਪਰਿਵਾਰ ਨੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ।"

ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਕੁਝ ਨੌਜਵਾਨਾਂ ਨੇ ਪਿੰਡ ਦੇ ਬਾਹਰ ਲੱਖਪਤ ਗੇਟ 'ਤੇ ਲਿਖੇ ਲਖਪਤ ਨਾਮ 'ਤੇ ਸਿਆਹੀ ਪੋਤ ਦਿੱਤੀ। ਇਹ ਗੇਟ 2007 ਵਿਚ ਲਖਪਤ ਪਰਿਵਾਰ ਦੇ ਮੈਂਬਰਾਂ ਵੱਲੋਂ ਪਿੰਡ ਦੀ ਮੁੱਖ ਸੜਕ ’ਤੇ ਬਣਵਾਇਆ ਗਿਆ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਇਹ ਲੋਕ ਪਿੰਡ ਦੇ ਮੰਦਰ ਲਈ ਜਗ੍ਹਾ ਨਹੀਂ ਦੇ ਸਕਦੇ ਤਾਂ ਪਿੰਡ ਦੇ ਬਾਹਰ ਇਸ ਗੇਟ ’ਤੇ ਕਿਸੇ ਦਾ ਨਾਂ ਨਹੀਂ ਲਿਖਿਆ ਜਾਵੇਗਾ।

ਗੇਟ ਦੇ ਨਾਂ 'ਤੇ ਸਿਆਹੀ ਪਾਈ ਗਈ ਤਾਂ ਲੱਖਪਤ ਪਰਿਵਾਰ ਦੇ ਮੈਂਬਰ ਮੌਕੇ 'ਤੇ ਪਹੁੰਚ ਗਏ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਹੌਲੀ-ਹੌਲੀ ਇਹ ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਲਾਠੀਆਂ ਚੱਲਣ ਲੱਗੀਆਂ। ਦੋਵਾਂ ਪਾਸਿਆਂ ਤੋਂ ਇੱਟਾਂ ਅਤੇ ਪੱਥਰ ਵੀ ਜ਼ੋਰਦਾਰ ਢੰਗ ਨਾਲ ਸੁੱਟੇ ਗਏ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਹੁਲ ਪੰਡਿਤ ਦੀ ਵੀ ਕੁੱਟਮਾਰ ਕੀਤੀ ਗਈ।

ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਹੋਰ ਰਿਪੋਰਟਾਂ ਵੀ ਮਿਲੀਆਂ। ਕਿਸੇ ਵੀ ਰਿਪੋਰਟ 'ਚ ਇਸ ਮਾਮਲੇ ਨੂੰ ਮਨੀਪੁਰ ਹਿੰਸਾ ਨਾਲ ਨਹੀਂ ਜੋੜਿਆ ਗਿਆ ਹੈ। ਮਾਮਲੇ ਨੂੰ ਲੈ ਕੇ Zee News ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਹੁਣ ਅਸੀਂ ਗੂਗਲ ਮੈਪਸ 'ਤੇ ਲੱਖਪਤ ਗੇਟ ਨੂੰ ਖੋਜਿਆ। ਸਾਡੀ ਖੋਜ ਦਾ ਨਤੀਜਾ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਅਸਲ ਵਿਚ ਇਸ ਕੁੱਟਮਾਰ ਦੀ ਵਜ੍ਹਾ ਜ਼ਮੀਨੀ ਵਿਵਾਦ ਸੀ ਨਾ ਕਿ ਮਨੀਪੁਰ ਦਰਿੰਦਗੀ ਦਾ ਗੁੱਸਾ।