Fact Check: ਮਾਂ ਨੂੰ ਚੁੱਕ ਕੇ ਜਾ ਰਹੇ ਪ੍ਰਵਾਸੀ ਮਜ਼ਦੂਰ ਦੀ ਵਾਇਰਲ ਹੋ ਰਹੀ ਖ਼ਬਰ ਝੂਠੀ

ਏਜੰਸੀ

ਸੋਸ਼ਲ ਮੀਡੀਆ 'ਤੇ ਇਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਇਕ ਵਿਅਕਤੀ ਅਪਣੀ ਬਜ਼ੁਰਗ ਮਾਂ ਨੂੰ ਚੁੱਕ ਕੇ ਲਿਜਾ ਰਿਹਾ ਹੈ।

Photo

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਇਕ ਵਿਅਕਤੀ ਅਪਣੀ ਬਜ਼ੁਰਗ ਮਾਂ ਨੂੰ ਚੁੱਕ ਕੇ ਲਿਜਾ ਰਿਹਾ ਹੈ। ਇਸ ਫੋਟੋ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਪ੍ਰਵਾਸੀ ਮਜ਼ਦੂਰ ਦੀ ਹੈ ਜੋ ਲੌਕ਼ਡਾਊਨ ਦੌਰਾਨ ਅਪਣੀ ਬਜ਼ੁਰਗ ਮਾਂ ਨੂੰ ਲੈ ਕੇ ਅਪਣੇ ਗ੍ਰਹਿ ਰਾਜ ਨੂੰ ਪਰਤ ਰਿਹਾ ਹੈ।

ਇਸ ਤਸਵੀਰ ਨੂੰ ਅਜਿਹੇ ਸਮੇਂ ਸ਼ੇਅਰ ਕੀਤਾ ਜਾ ਰਿਹਾ ਹੈ ਜਦੋਂ ਸੈਂਕੜੇ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਲੌਕਡਾਊਨ ਕਾਰਨ ਅਪਣੇ ਘਰਾਂ ਅਤੇ ਸੂਬਿਆਂ ਨੂੰ ਜਾ ਰਹੇ ਹਨ। ਵੱਡੀ ਗਿਣਤੀ ਵਿਚ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਤਮਿਲਨਾਡੂ, ਮਹਾਰਾਸ਼ਟਰਾ, ਕਰਨਾਟਕਾ ਅਤੇ ਪੰਜਾਬ ਆਦਿ ਸੂਬਿਆਂ ਤੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਓਡੀਸ਼ਾ ਵਿਚ ਅਪਣੇ ਘਰਾਂ ਨੂੰ ਜਾ ਰਹੇ ਹਨ।

ਦਾਅਵਾ

ਕਈ ਵੱਡੇ ਨੇਤਾਵਾਂ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਦਲਿਤ ਕਾਂਗਰਸ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਵੀ ਇਸ ਫੋਟੋ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਫੋਟੋ ਨਾਲ ਕੈਪਸ਼ਨ ਲਿਖਿਆ ਹੈ, 'ਮੋਦੀ ਜੀ ਕੀ ਤੁਸੀਂ ਇਹਨਾਂ ਚਿਹਰਿਆਂ ਦੀ ਬੇਬਸੀ ਨੂੰ ਪੜ੍ਹ ਸਕਦੇ ਹੋ? ਕੁਝ ਤਾਂ ਕਰੋ ਸਰਕਾਰ'। ਇਸ ਤੋਂ ਇਲਾਵਾ ਕਾਲਮ ਲੇਖਕ, ਰਾਜਨੀਤਕ ਰਿਪੋਰਟਰ ਅਤੇ ਲੇਖਕ ਤਵਲੀਨ ਸਿੰਘ ਨੇ ਵੀ ਇਸ ਫੋਟੋ ਨੂੰ ਟਵੀਟ ਕੀਤਾ ਹੈ। 

ਸੱਚਾਈ

ਜਦੋਂ ਇਸ ਫੋਟੋ ਸਬੰਧੀ ਜਾਂਚ ਕੀਤੀ ਗਈ ਤਾਂ ਰਿਵਰਸ ਇਮੇਜ ਸਰਚ ਜ਼ਰੀਏ ਮਿਲੇ ਨਤੀਜੇ ਵਿਚ ਪਾਇਆ ਗਿਆ ਕਿ ਪ੍ਰੇਸੇਂਜ਼ਾ ਨਾਮਕ ਅੰਤਰਰਾਸ਼ਟਰੀ ਨਿਊਜ਼ ਵੈੱਬਸਾਈਟ ਵਿਚ ਨਵੰਬਰ 2017 ਵਿਚ ਇਕ ਪ੍ਰਕਾਸ਼ਿਤ ਲੇਖ ਮਿਲਿਆ। ਇਸ ਲੇਖ ਵਿਚ ਰੋਹਿੰਗਿਆ ਮੁਸਲਮਾਨਾਂ ਦੇ ਹਾਲਾਤਾਂ ਬਾਰੇ ਦੱਸਿਆ ਗਿਆ ਸੀ ਅਤੇ ਇਹ ਤਸਵੀਰ ਉਸ ਵਿਚ ਲਗਾਈ ਗਈ ਹੈ। 

ਇਸ ਫੋਟੋ ਨੂੰ ਫੋਟੋਗ੍ਰਾਫਰ ਮੋਬਾਰਕ ਹੁਸੈਨ ਵੱਲੋਂ ਲਿਆ ਗਿਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਇਕ ਨਿਊਜ਼ ਵੈਬਸਾਈਟ ਦੀ ਇਕ ਖ਼ਬਰ ਵਿਚ ਇਕ ਆਦਮੀ ਓਸੀਯੁਰ ਬਾਰੇ ਇਕ ਖਬਰ ਦਿੱਤੀ ਗਈ ਹੈ ਜੋ ਆਪਣੀ ਮਾਂ ਨੂੰ ਆਪਣੀ ਪਿੱਠ 'ਤੇ 4 ਦਿਨ ਬਿਠਾ ਕੇ ਲਿਜਾਉਂਦਾ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵਾਇਰਲ ਹੋ ਰਹੀ ਫੋਟੋ ਦਾ ਪ੍ਰਵਾਸੀ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਹੈ। 

ਫੈਕਟ ਚੈੱਕ:

ਦਾਅਵਾ: ਵਾਇਰਲ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਮਜ਼ਦੂਰ ਅਪਣੀ ਬਜ਼ੁਰਗ ਮਾਂ ਨੂੰ ਚੁੱਕ ਕੇ ਅਪਣੇ ਗ੍ਰਹਿ ਰਾਜ ਜਾ ਰਿਹਾ ਹੈ।
ਸੱਚਾਈ: ਵਾਇਰਲ ਹੋ ਰਹੀ ਫੋਟੋ ਦਾ ਪ੍ਰਵਾਸੀ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਇਹ ਰੋਹਿੰਗਿਆ ਮੁਸਲਮਾਨ ਦੀ ਹੈ।
ਸੱਚ/ਝੂਠ: ਝੂਠ