Fact Check: 6 ਸਾਲ ਪੁਰਾਣੀ ਫੋਟੋ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ 

ਏਜੰਸੀ

Fact Check

ਲੌਕਡਾਊਨ ਦੇ ਚਲਦਿਆਂ ਪ੍ਰਵਾਸੀ ਮਜ਼ਦੂਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

Photo

ਨਵੀਂ ਦਿੱਲੀ: ਲੌਕਡਾਊਨ ਦੇ ਚਲਦਿਆਂ ਪ੍ਰਵਾਸੀ ਮਜ਼ਦੂਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਤਪਾਦਨ ਅਤੇ ਨਿਰਮਾਣ ਗਤੀਵਿਧੀਆਂ ਦੇ ਰੁਕਣ ਨਾਲ, ਪੈਸੇ ਅਤੇ ਭੋਜਨ ਦੀ ਕਮੀ ਨਾਲ ਪੂਰੇ ਭਾਰਤ ਵਿਚ ਲੱਖਾਂ ਪ੍ਰਵਾਸੀ ਮਜ਼ਦੂਰ ਅਪਣੇ ਘਰਾਂ ਤੱਕ ਪਹੁੰਚਣ ਲਈ ਪੈਦਲ ਜਾਣ ਨੂੰ ਮਜਬੂਰ ਹਨ।

ਇਸ ਦੌਰਾਨ ਇੰਟਰਨੈੱਟ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਫੋਟੋਆਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ। ਅਪਣੀ ਪਿੱਠ 'ਤੇ ਬੰਨੇ ਬੱਚੇ ਨੂੰ ਲੈ ਕੇ ਸਾਇਕਲ ਚਲਾਉਂਦੇ ਹੋਏ ਇਕ ਔਰਤ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਸੋਸ਼ਲ ਮੀਡੀਆ ਯੂਜ਼ਰ ਦਾ ਦਾਅਵਾ ਹੈ ਕਿ ਲੌਕਡਾਊਨ ਦੌਰਾਨ ਪ੍ਰਵਾਸੀਆਂ ਲਈ ਜੀਵਨ ਕਿੰਨਾ ਔਖਾ ਹੈ।

ਕਾਂਗਰਸ ਦੇ ਸਟੂਡੈਂਟ ਵਿੰਗ ਐਨਐਸਯੂਆਈ ਦੇ ਰਾਸ਼ਟਰੀ ਸਕੱਤਰ ਹੋਣ ਦਾ ਦਾਅਵਾ ਕਰ ਰਹੇ ਵਿਨੋਦ ਜਾਖੜ ਨੇ ਇਹ ਫੋਟੋ ਟਵੀਟ ਕੀਤੀ, ਇਸ ਦੇ ਨਾਲ ਇਕ ਕੈਪਸ਼ਨ ਲਿਖਿਆ ਹੈ,'ਸਿਆਸਤ ਤੋਂ ਉੱਪਰ ਉੱਠੋ। ਅਸੰਵੇਦਨਸ਼ੀਲ ਨਾ ਬਣੋ। ਇਹਨਾਂ ਪ੍ਰਵਾਸੀਆਂ ਦੇ ਦਰਦ ਨੂੰ ਦੇਖੋ ਤੇ ਮਹਿਸੂਸ ਕਰੋ'। ਜਦੋਂ ਇਸ ਫੋਟੋ ਬਾਰੇ ਜਾਂਚ ਕੀਤੀ ਗਈ ਤਾਂ ਪਾਇਆ ਕਿ ਇਸ ਫੋਟੋ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ।

ਜਾਂਚ ਵਿਚ ਸਾਹਮਣੇ ਆਇਆ ਕਿ ਇਹ ਫੋਟੋ 6 ਸਾਲ ਪੁਰਾਣੀ ਹੈ ਤੇ ਇਸ ਦਾ ਲੌਕਡਾਊਨ ਦੌਰਾਨ ਪ੍ਰਭਾਵਿਤ ਹੋਏ ਪ੍ਰਵਾਸੀ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਹੈ।
ਹੋਰਨਾਂ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇਹ ਫੋਟੋ ਟਵੀਟ ਕੀਤੀ ਹੈ। ਇਸ ਦੇ ਨਾਲ ਕੈਪਸ਼ਨ ਲਿਖਿਆ ਸੀ, 'ਨਿਊ ਇੰਡੀਆ ਦਾ ਸੱਚ'। ਇਸ ਤੋਂ ਬਾਅਦ ਉਹਨਾਂ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ।

ਰਿਵਰਸ ਖੋਜ ਵਿਚ ਪਾਇਆ ਗਿਆ ਕਿ ਇਕ ਫੇਸਬੁੱਕ ਯੂਜ਼ਰ ਨੇ ਇਹ ਫੋਟੋ 1 ਜੁਲਾਈ 2014 ਨੂੰ ਪੋਸਟ ਕੀਤੀ ਸੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਦਾ ਲੌਕਡਾਊਨ ਨਾਲ ਕੋਈ ਸਬੰਧ ਨਹੀਂ ਹੈ। ਇਮੇਜ ਸ਼ੇਅਰਿੰਗ ਸਰਵਿਸ Pinterest ਅਨੁਸਾਰ, ਇਹ ਤਸਵੀਰ ਨੇਪਾਲ ਦੇ ਨੇਪਾਲਗੰਜ ਦੀ ਹੈ ਤੇ ਇਹ ਕਈ ਸਾਲ ਪੁਰਾਣੀ ਹੈ।

ਫੈਕਟ ਚੈੱਕ

ਦਾਅਵਾ-ਸੋਸ਼ਲ ਮੀਡੀਆ 'ਤੇ ਇਕ ਫੋਟੋ ਇਸ ਦਾਅਵੇ ਨਾਲ ਵਾਇਰਲ ਹੋ ਰਹੀ ਹੈ ਕਿ ਇਹ ਫੋਟੋ ਲੌਕਡਾਊਨ ਦੌਰਾਨ ਪ੍ਰਭਾਵਿਤ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਹੈ। ਇਸ ਵਿਚ ਇਕ ਸਾਇਕਲ 'ਤੇ ਜਾ ਰਹੀ ਔਰਤ ਤੇ ਉਸ ਦੀ ਪਿੱਠ ਦੇ ਬੰਨੇ ਬੱਚੇ ਨੂੰ ਦਿਖਾਇਆ ਜਾ ਰਿਹਾ ਹੈ।

ਸੱਚਾਈ-ਇਹ ਤਸਵੀਰ ਨੇਪਾਲ ਦੇ ਨੇਪਾਲਗੰਜ ਦੀ ਹੈ ਤੇ ਇਹ 6 ਸਾਲ ਪੁਰਾਣੀ ਹੈ।

ਸੱਚ/ਝੂਠ-ਝੂਠ