Fact Check: ਆਪ ਆਗੂ ਸੰਜੇ ਸਿੰਘ ਦਾ ਕਿਸਾਨਾਂ ਨੇ ਕੀਤਾ ਮੂੰਹ ਕਾਲਾ? ਨਹੀਂ, ਪੁਰਾਣੀ ਤਸਵੀਰ ਵਾਇਰਲ
ਸਪੋਕਸਮੈਨ ਨੇ ਆਪਣੀ ਵਿਚ ਵਾਇਰਲ ਪੋਸਟ ਫਰਜੀ ਪਾਇਆ। ਇਹ ਤਸਵੀਰਾਂ UP ਦੀਆਂ ਹਨ ਜਦੋਂ ਜਬਰ ਜਨਾਹ ਪੀੜਤ ਦੇ ਪਰਿਵਾਰ ਨੂੰ ਮਿਲਣ ਗਏ ਸੰਜੇ ਸਿੰਘ 'ਤੇ ਸਿਆਹੀ ਸੁੱਟੀ ਗਈ ਸੀ।
Rozana Spokesman (Team Fact Check)- ਸੋਸ਼ਲ ਮੀਡੀਆ 'ਤੇ ਆਪ ਲੀਡਰ ਸੰਜੇ ਸਿੰਘ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸੰਜੇ ਸਿੰਘ ਦੇ ਮੂੰਹ 'ਤੇ ਸਿਆਹੀ ਲੱਗੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਲੀਡਰ ਸੰਜੇ ਸਿੰਘ ਸਮੇਤ ਹੋਰ ਆਗੂਆਂ 'ਤੇ ਕਿਸਾਨਾਂ ਨੇ ਸਿਆਹੀ ਸੁੱਟੀ ਅਤੇ ਉਨ੍ਹਾਂ ਦਾ ਮੂੰਹ ਕਾਲਾ ਕੀਤਾ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੀਆਂ ਹਨ ਜਦੋਂ ਜਬਰ ਜਨਾਹ ਪੀੜਤ ਲੜਕੀ ਦੇ ਪਰਿਵਾਰ ਨੂੰ ਮਿਲਣ ਗਏ ਆਪ ਆਗੂ ਸੰਜੇ ਸਿੰਘ 'ਤੇ ਸਿਆਹੀ ਸੁੱਟੀ ਗਈ ਅਤੇ ਪਥਰਾਅ ਕੀਤਾ ਗਿਆ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Khemkarn Halka Akalidal" ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "ਕਿਸਾਨਾਂ ਨੇ ਝਾੜੂ ਆਲਿਆਂ ਦਾ ਕੀਤਾ ਮੂੰਹ ਕਾਲਾ ਸੰਜੇ ਸਿੰਘ ਤੇ ਹੋਰ ਆਪ ਲੀਡਰਾਂ ਦੇ ਮੂੰਹ ਤੇ ਮਲੀ ਕਾਲੀ ਸਿਆਹੀ"
ਇਸ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜ਼ਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਸੰਜੇ ਸਿੰਘ 'ਤੇ ਸਿਆਹੀ ਸੁੱਟਣ ਦੀਆਂ ਇਨ੍ਹਾਂ ਤਸਵੀਰਾਂ ਸਮੇਤ ਕਈ ਖਬਰਾਂ ਪ੍ਰਕਾਸ਼ਿਤ ਮਿਲੀਆਂ। ਆਮ ਆਦਮੀ ਪਾਰਟੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੇ 5 ਅਕਤੂਬਰ 2020 ਨੂੰ ਵਾਇਰਲ ਤਸਵੀਰਾਂ ਪ੍ਰਕਾਸ਼ਿਤ ਕਰਦਿਆਂ ਟਵੀਟ ਕੀਤਾ ਸੀ। ਟਵੀਟ ਕਰਦਿਆਂ ਉਨ੍ਹਾਂ ਨੇ ਲਿਖਿਆ, "बलात्कार पीड़िता के परिवार से मिलने के बाद राज्यसभा सांसद @SanjayAzadSln पर भाजपा कार्यकर्ता द्वारा स्याही फेंकी गई। भाजपा सांसद बलात्कारियों से मिलने जेल पहुँच जाते है और जब संजय सिंह पीड़ित परिवार से मिलने पहुँचे तो उन पर स्याही फेंकी जाती है। इसे रावणराज न कहे तो क्या कहे?"
ਟਵੀਟ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਹੋਏ ਜਬਰ ਜਨਾਹ ਨਾਲ ਸਬੰਧਿਤ ਹੈ। ਅਸਲ ਵਿਚ ਸੰਜੇ ਸਿੰਘ ਅਤੇ ਉਨ੍ਹਾਂ ਦੀ ਟੀਮ ਹਾਥਰਸ ਰੇਪ ਪੀੜਤਾ ਦੇ ਘਰ ਉਸ ਦੇ ਪਰਿਵਾਰ ਨੂੰ ਮਿਲਣ ਗਏ ਸੀ ਅਤੇ ਇਸੇ ਦੌਰਾਨ ਇਹ ਮਾਮਲਾ ਵਾਪਰਿਆ ਅਤੇ ਉਨ੍ਹਾਂ ਦੇ ਮੂੰਹ 'ਤੇ ਸਿਆਹੀ ਸੁੱਟੀ ਗਈ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
ਇਸ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ 6 ਅਕਤੂਬਰ 2020 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, " ਹਾਥਰਸ ਪੀੜਤ ਪਰਵਾਰ ਨੂੰ ਮਿਲਣ ਪਹੁੰਚੇ ਸੰਜੇ ਸਿੰਘ 'ਤੇ ਸੁੱਟੀ ਸਿਆਹੀ"
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਖਬਰ ਅਨੁਸਾਰ: 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਪੀੜਤਾ ਦੇ ਪਰਵਾਰ ਨਾਲ ਮੁਲਾਕਾਤ ਕੀਤੀ। ਜਦੋਂ ਸੰਜੇ ਸਿੰਘ ਪਰਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਨਿਕਲੇ ਤਾਂ ਉਨ੍ਹਾਂ 'ਤੇ ਕਿਸੇ ਸ਼ਰਾਰਤੀ ਅਨਸਰ ਵਲੋਂ ਸਿਆਹੀ ਸੁੱਟੀ ਗਈ। ਜਿਸ ਨਾਲ 'ਆਪ' ਪਾਰਟੀ ਦੇ ਵਰਕਰਾਂ ਨੇ ਜਮ ਹੰਗਾਮਾ ਕੀਤਾ ਅਤੇ ਨਾਹਰੇਬਾਜ਼ੀ ਕੀਤੀ ਗਈ।
ਇਸ ਮਾਮਲੇ ਦਾ ਵੀਡੀਓ ਸਾਨੂੰ ਟਵਿੱਟਰ 'ਤੇ ਅਪਲੋਡ ਮਿਲਿਆ ਜਿਸ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਸਪੋਕਸਮੈਨ ਨੇ ਆਪਣੀ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੀਆਂ ਹਨ ਜਦੋਂ ਜਬਰ ਜਨਾਹ ਪੀੜਤ ਦੇ ਪਰਿਵਾਰ ਨਾਲ ਮਿਲਣ ਗਏ ਆਪ ਆਗੂ ਸੰਜੇ ਸਿੰਘ 'ਤੇ ਸਿਆਹੀ ਸੁੱਟੀ ਗਈ ਸੀ ਅਤੇ ਪਥਰਾਅ ਵੀ ਹੋਇਆ ਸੀ।
Claim- ਆਪ ਲੀਡਰ ਸੰਜੇ ਸਿੰਘ ਦਾ ਕਿਸਾਨਾਂ ਨੇ ਕੀਤਾ ਮੂੰਹ ਕਾਲਾ
Claimed By- FB User: Khemkaran Halka AkaliDal
Fact Check - Fake