ਕਿਵੇਂ ਕਰੀਏ ਸੂਰਜਮੁਖੀ ਦੀ ਸੁਚੱਜੀ ਕਾਸ਼ਤ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਦੇਸ਼ 'ਚ ਬਨਸਪਤੀ ਤੇਲਾਂ ਦਾ ਉਤਪਾਦਨ 90 ਲੱਖ ਟਨ ਹੈ, ਜੋ ਸਾਲਾਨਾ ਖਪਤ 250 ਲੱਖ ਟਨ ਦੇ ਮੁਕਾਬਲੇ ਬਹੁਤ ਘੱਟ ਹੈ

Sunflower

ਦੇਸ਼ 'ਚ ਬਨਸਪਤੀ ਤੇਲਾਂ ਦਾ ਉਤਪਾਦਨ 90 ਲੱਖ ਟਨ ਹੈ, ਜੋ ਸਾਲਾਨਾ ਖਪਤ 250 ਲੱਖ ਟਨ ਦੇ ਮੁਕਾਬਲੇ ਬਹੁਤ ਘੱਟ ਹੈ। ਤੇਲ ਦੀ ਇਸ ਪੂਰਤੀ ਲਈ ਇਸ ਦੀ ਦਰਾਮਦ ਕਰਨੀ ਪੈਂਦੀ ਹੈ। ਦਰਾਮਦ ਕੀਤੇ ਜਾਣ ਵਾਲੇ ਬਨਸਪਤੀ ਤੇਲਾਂ 'ਚੋਂ ਸੂਰਜਮੁਖੀ ਦੇ ਤੇਲ ਦੀ ਹਿੱਸੇਦਾਰੀ 15 ਫ਼ੀਸਦੀ ਹੈ। ਉੱਚ ਸਮੋਕ ਪੁਆਇੰਟ 'ਤੇ ਇਸ ਵਿਚ 60-69 ਫ਼ੀਸਦੀ ਓਮੇਗਾ-6 (ਲਿਨੋਲਿਕ ਐਸਿਡ), 18-20 ਫ਼ੀਸਦੀ ਓਮੇਗਾ-9 (ਔਲਿਕ ਐਸਿਡ), ਫੈਟੀ ਐਸਿਡ, ਕਈ ਵਿਟਾਮਿਨਜ਼, ਅਲਫਾ ਟੋਕੋਫਿਰੋਲ ਤੇ ਕੋਲੈਸਟਰੋਲ ਘਟਾਉਣ ਵਾਲੇ ਸੂਰਜਮੁਖੀ ਦੇ ਤੇਲ ਨੂੰ ਖਾਣਾ ਪਕਾਉਣ ਲਈ ਵਧੀਆ ਮੰਨਿਆ ਜਾਂਦਾ ਹੈ। ਸਾਲ 2019-20 ਲਈ ਸੁਰਜਮੁਖੀ ਦਾ ਸਮਰਥਨ ਮੁੱਲ ਪ੍ਰਤੀ ਕੁਇੰਟਲ 5,650 ਰੁਪਏ ਹੈ, ਜੋ 2018-19 'ਚ 5,388 ਰੁਪਏ ਤੇ ਸਾਲ 2017-18 ਵਿਚ 4,100 ਰੁਪਏ ਸੀ। ਬਹਾਰ ਰੁੱਤ ਸੂਰਜਮੁਖੀ ਦੀ ਕਾਸ਼ਤ ਲਈ ਸਭ ਤੋਂ ਢੁੱਕਵਾਂ ਸਮਾਂ ਹੈ। ਬਹਾਰ ਰੁਤ ਦੀ ਫ਼ਸਲ ਪਛੇਤੀ ਬੀਜੀ ਗਈ ਕਣਕ ਦੇ ਮੁਕਾਬਲੇ ਵਧ ਲਾਹੇਵੰਦ ਹੈ। ਆਲੂਆਂ ਤੋਂ ਬਾਅਦ ਸੂਰਜਮੁਖੀ ਦੀ ਫ਼ਸਲ ਲਈ ਵਾਹੀ ਦਾ ਖ਼ਰਚਾ ਘੱਟ ਹੁੰਦਾ ਹੈ ਤੇ ਆਲੂਆਂ ਨੂੰ ਪਾਈ ਹੋਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਮੌਸਮ 'ਚ ਸੂਰਜਮੁਖੀ ਤੇ ਮੈਂਥੇ ਦੀ ਰਲਵੀਂ ਬਿਜਾਈ ਵੀ ਕੀਤੀ ਜਾ ਸਕਦੀ ਹੈ।
ਜ਼ਮੀਨ ਦੀ ਚੋਣ- ਇਹ ਫ਼ਸਲ ਖੜ੍ਹੇ ਪਾਣੀ ਪ੍ਰਤੀ ਸੰਵੇਦਨਸ਼ੀਲ ਹੈ। ਇਸ ਲਈ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਕਲਰਾਠੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਢੁਕਵੀਆਂ ਨਹੀਂ।

ਬਿਜਾਈ ਦਾ ਸਮਾਂ- ਸੂਰਜਮੁਖੀ ਦੀ ਬਿਜਾਈ ਲਈ ਢੁਕਵਾਂ ਸਮਾਂ ਜਨਵਰੀ ਦਾ ਮਹੀਨਾ ਹੈ। ਜੇ ਕਿਸੇ ਕਾਰਨ ਜਨਵਰੀ ਮਹੀਨੇ 'ਚ ਬਿਜਾਈ ਸੰਭਵ ਨਾ ਹੋਵੇ ਤਾਂ ਘੱਟ ਸਮਾਂ ਲੈਣ ਵਾਲੀਆਂ ਦੋਗਲੀ ਕਿਸਮਾਂ ਪੀਐੱਸਐੱਚ-996, ਪੀਐੱਸਐੱਚ-569, ਪੀਐੱਸਐੱਚ-1962 ਦੀ ਬਿਜਾਈ ਫਰਵਰੀ ਮਹੀਨੇ ਵਿਚ ਜਿੱਨੀ ਅਗੇਤੀ ਹੋ ਸਕੇ ਕੀਤੀ ਜਾ ਸਕਦੀ ਹੈ। ਪਿਛੇਤੀ ਬੀਜੀ ਗਈ ਫ਼ਸਲ 'ਚ ਫੁੱਲ ਪੈਣ ਤੇ ਇਸ ਤੋਂ ਬਾਅਦ ਦੀਆਂ ਅਵਸਥਾਵਾਂ ਤੇ ਤਾਪਮਾਨ ਜ਼ਿਆਦਾ ਹੋਣ ਕਾਰਨ ਫੁੱਲ ਛੋਟੇ ਰਹਿ ਜਾਂਦੇ ਹਨ, ਬੀਜ ਘੱਟ ਬਣਦੇ ਹਨ ਤੇ ਜ਼ਿਆਦਾਤਰ ਬੀਜ ਫੋਕੇ ਰਹਿ ਜਾਂਦੇ ਹਨ। ਪਿਛੇਤੀ ਫ਼ਸਲ 'ਤੇ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ ਤੇ ਅਜਿਹੀ ਫ਼ਸਲ ਨੂੰ ਕਈ ਵਾਰ ਪੱਕਣ ਵੇਲੇ ਬੇਮੌਸਮੀ ਬਾਰਸ਼ ਦੀ ਮਾਰ ਵੀ ਝੱਲਣੀ ਪੈਂਦੀ ਹੈ।

ਬਿਜਾਈ ਦਾ ਢੰਗ- ਵੱਟਾਂ 'ਤੇ ਬੀਜੀ ਫ਼ਸਲ ਪੱਧਰੀ ਬੀਜੀ ਗਈ ਫ਼ਸਲ ਦੇ ਮੁਕਾਬਲੇ ਅਗੇਤੀ ਜੰਮਦੀ ਹੈ ਤੇ ਇਸ ਉੱਪਰ ਕੱਟ ਵਰਮ ਦਾ ਹਮਲਾ ਘੱਟ ਹੁੰਦਾ ਹੈ। ਇਹ ਘੱਟ ਡਿੱਗਦੀ ਹੈ ਤੇ ਸਿੰਜਾਈ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ। ਫ਼ਸਲ ਦੀ ਬਿਜਾਈ ਪੂਰਬ-ਪੱਛਮ ਦਿਸ਼ਾ 'ਚ ਬਣਾਈਆਂ ਵੱਟਾਂ ਦੇ ਦੱਖਣ ਵਾਲੇ ਪਾਸੇ ਕਰੋ। ਵੱਟਾਂ 'ਚ 60 ਸੈਂਟੀਮੀਟਰ ਦੂਰੀ ਰੱਖੋ ਤੇ ਬੀਜ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ 4-5 ਸੈਂਟੀਮੀਟਰ ਦੀ ਡੂੰਘਾਈ 'ਤੇ ਬੀਜੋ। ਵੱਟ ਤੇ ਬੀਜੀ ਫ਼ਸਲ ਦੀ ਬਿਜਾਈ ਤੋਂ 2-4 ਦਿਨ ਪਿੱਛੋਂ ਹਲਕੀ ਸਿੰਚਾਈ ਇਸ ਤਰ੍ਹਾਂ ਕਰੋ ਕਿ ਪਾਣੀ ਦੀ ਸਤ੍ਹਾ ਬੀਜ ਤੋਂ ਹੇਠਾਂ ਰਹੇ। ਬੀਜ ਉੱਗਣ ਤੋਂ ਲਗਪਗ ਦੋ ਹਫ਼ਤਿਆਂ ਬਾਅਦ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖਦੇ ਹੋਏ ਵਾਧੂ ਬੂਟੇ ਕੱਢ ਦਿਓ।

ਬੀਜ ਦੀ ਮਾਤਰਾ ਤੇ ਸੋਧ- ਪ੍ਰਤੀ ਏਕੜ 2 ਕਿੱਲੋ ਬੀਜ ਵਰਤੋ। ਬਿਮਾਰਿਆਂ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ 6 ਗ੍ਰਾਮ ਟੈਗਰਾਨ-35 ਡਬਲਿਊਐੱਸ (ਮੈਟਾਲੈਕਸਲ) ਨਾਲ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।

ਖਾਦਾਂ- ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਧਾਰ 'ਤੇ ਕਰੋ। ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 50 ਕਿੱਲੋ ਯੂਰੀਆ (24 ਕਿੱਲੋ ਨਾਈਟ੍ਰੋਜਨ), 75 ਕਿੱਲੋ ਸਿੰਗਲ ਸੁਪਰਫਾਸਫੇਟ (12 ਕਿੱਲੋ ਫਾਸਫੋਰਸ) ਤੇ 20 ਕਿੱਲੋ ਮਿਊਰੇਟ ਆਫ ਪੋਟਾਸ਼ (12 ਕਿੱਲੋ ਪੋਟਾਸ਼ੀਅਮ) ਪ੍ਰਤੀ ਏਕੜ ਵਰਤੋ। ਦਰਮਿਆਨਿਆਂ ਭਾਰੀਆਂ ਜ਼ਮੀਨਾਂ 'ਚ ਸਿਫ਼ਾਰਸ਼ ਕੀਤੀ ਗਈ ਸਾਰੀ ਖਾਦ ਫ਼ਸਲ ਦੀ ਬਿਜਾਈ ਸਮੇਂ ਡਰਿੱਲ ਕਰੋ। ਹਲਕੀਆਂ ਮੈਰਾ ਜ਼ਮੀਨਾਂ 'ਚ ਯੂਰੀਆ ਦੀ ਵਰਤੋਂ ਦੋ ਬਰਾਬਰ ਹਿੱਸਿਆਂ 'ਚ ਕਰੋ। ਪਹਿਲਾ ਹਿੱਸਾ (25 ਕਿੱਲੋ) ਬਿਜਾਈ ਵੇਲੇ ਤੇ ਦੂਜਾ ਹਿੱਸਾ (25 ਕਿੱਲੋ) ਬਿਜਾਈ ਤੋਂ ਇਕ ਮਹੀਨੇ ਬਾਅਦ ਸਿੰਜਾਈ ਤੋਂ ਬਾਅਦ ਕਰੋ। ਹੁਸ਼ਿਆਰਪੁਰ, ਰੋਪੜ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਲਈ 40 ਕਿੱਲੋ ਮਿਊਰੇਟ ਆਫ ਪੋਟਾਸ਼ (24 ਕਿੱਲੋ ਪੋਟਾਸ਼ੀਅਮ) ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ। ਫਾਸਫੋਰਸ ਦੀ ਪੂਰਤੀ ਲਈ ਸਿੰਗਲ ਸੁਪਰ ਫਾਸਫੇਟ (16 ਫ਼ੀਸਦੀ ਫਾਸਫੋਰਸ) ਨੂੰ ਤਰਜੀਹ ਦਿਓ, ਜਿਸ ਵਿਚ ਫਾਸਫੋਰਸ ਦੇ ਨਾਲ-ਨਾਲ ਲਗਪਗ 12 ਫ਼ੀਸਦੀ ਸਲਫਰ ਜਾਂ ਗੰਧਕ) ਵੀ ਹੁੰਦਾ ਹੈ, ਜੋ ਇਸ ਦੀ ਪੈਦਾਵਾਰ ਤੇ ਗੁਣਵੱਤਾ ਨੂੰ ਵਧਾਉਂਦਾ ਹੈ। ਆਲੂ-ਸੂਰਜਮੁਖੀ ਫ਼ਸਲੀ ਚੱਕਰ 'ਚ ਜੇਕਰ ਆਲੂਆਂ ਨੂੰ 40 ਟਨ ਰੂੜੀ ਪ੍ਰਤੀ ਏਕੜ ਤੇ ਸਿਫ਼ਾਰਸ਼ ਕੀਤੀਆਂ ਗਈਆਂ ਰਸਾਇਣਕ ਖਾਦਾਂ ਦੀ ਪੂਰੀ ਮਾਤਰਾ ਵਰਤੀ ਗਈ ਹੋਵੇ ਤਾਂ ਆਲੂਆਂ ਤੋਂ ਬਾਅਦ ਬੀਜੀ ਗਈ ਸੂਰਜਮੁਖੀ ਦੀ ਫ਼ਸਲ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ। ਜੇ ਆਲੂਆਂ ਦੀ ਫ਼ਸਲ ਨੂੰ 20 ਟਨ ਰੂੜੀ ਪ੍ਰਤੀ ਏਕੜ ਤੇ ਸਿਫ਼ਾਰਸ਼ ਕੀਤੀਆਂ ਰਸਾਇਣਿਕ ਖਾਦਾਂ ਦੀ ਪੂਰੀ ਮਾਤਰਾ ਪਾਈ ਹੋਵੇ ਤਾਂ ਸੂਰਜਮੁਖੀ ਨੂੰ ਬਿਜਾਈ ਸਮੇਂ ਸਿਰਫ਼ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ, ਫਾਸਫੋਰਸ ਤੇ ਪੋਟਾਸ਼ੀਅਮ ਖਾਦ ਪਾਉਣ ਦੀ ਲੋੜ ਨਹੀਂ।

ਨਦੀਨਾਂ ਦੀ ਰੋਕਥਾਮ- ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬੀਜ ਉੱਗਣ ਤੋਂ 2-3 ਹਫ਼ਤੇ ਬਾਅਦ ਅਤੇ ਦੂਜੀ ਗੋਡੀ ਲੋੜ ਪਵੇ ਤਾਂ ਉਸ ਤੋਂ 3 ਹਫ਼ਤੇ ਪਿੱਛੋਂ ਕਰੋ।

ਸਿੰਜਾਈ- ਸਿੱਧੀ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਲਗਪਗ ਇਕ ਮਹੀਨੇ ਬਾਅਦ ਦੇਵੋ। ਵੱਟਾਂ ਤੇ ਬੀਜੀ ਗਈ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 2-4 ਦਿਨਾਂ ਮਗਰੋਂ ਤੇ ਦੂਜਾ ਪਾਣੀ ਲਗਪਗ ਇਕ ਮਹੀਨੇ ਬਾਅਦ ਲਗਾਓ। ਮਾਰਚ ਦੇ ਮਹੀਨੇ ਵਿਚ 2-3 ਹਫ਼ਤਿਆਂ ਦੇ ਵਕਫ਼ੇ 'ਤੇ ਅਤੇ ਅਪ੍ਰੈਲ-ਮਈ ਵਿਚ 8-10 ਦਿਨਾਂ ਦੇ ਵਕਫ਼ੇ 'ਤੇ ਸਿੰਚਾਈ ਕਰੋ। ਫ਼ਸਲ ਨੂੰ 50 ਫ਼ੀਸਦੀ ਫੁੱਲ ਪੈਣ ਸਮੇਂ, ਦਾਣੇ ਬਣਨ ਸਮੇਂ ਤੇ ਦਾਣਿਆਂ ਦੇ ਨਰਮ ਤੇ ਸਖ਼ਤ ਦੋਧੇ ਹੋਣ ਦੀ ਅਵਸਥਾ 'ਤੇ ਸਿੰਜਾਈ ਜ਼ਰੂਰ ਕਰੋ। ਫ਼ਸਲ ਵੱਢਣ ਤੋਂ ਲਗਪਗ ਦੋ ਹਫ਼ਤੇ ਪਹਿਲਾਂ ਸਿੰਜਾਈ ਬੰਦ ਕਰ ਦੇਵੋ। ਤੁਪਕਾ ਸਿੰਜਾਈ ਵਿਧੀ ਨਾਲ ਲਗਪਗ 20 ਫ਼ੀਸਦੀ ਪਾਣੀ ਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ ਖੇਤ 'ਚ ਨਦੀਨ ਵੀ ਘੱਟ ਹੁੰਦੇ ਹਨ ਤੇ ਝਾੜ 'ਚ ਵਾਧਾ ਹੁੰਦਾ ਹੈ।

ਰਲਵੀਂ ਖੇਤੀ- ਸੂਰਜਮੁਖੀ-ਮੈਂਥੇ ਦੀ ਰਲਵੀਂ ਬਿਜਾਈ ਲਈ ਜਨਵਰੀ ਦੇ ਅਖ਼ੀਰ 'ਚ ਸੂਰਜਮੁਖੀ ਦੀਆਂ ਦੋ ਕਤਾਰਾਂ ਵਿਚਕਾਰ ਮੈਂਥੇ ਦੀਆਂ ਦੋ ਕਤਾਰਾਂ ਲਗਾਓ। ਸੂਰਜਮੁਖੀ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 120 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਮੈਂਥੇ ਦੀ ਰਲਵੀਂ ਫ਼ਸਲ ਲਈ 150 ਕਿੱਲੋ ਜੜ੍ਹਾਂ ਪ੍ਰਤੀ ਏਕੜ ਲੋੜ ਪੈਂਦੀ ਹੈ। ਰਲਵੀਂ ਫ਼ਸਲ ਲਈ ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋ ਇਲਾਵਾ ਮੈਂਥੇ ਲਈ 50 ਕਿੱਲੋ ਯੂਰੀਆ (24 ਕਿੱਲੋ ਨਾਈਟ੍ਰੋਜਨ) ਤੇ 75 ਕਿੱਲੋ ਸਿੰਗਲ ਸੁਪਰਫਾਸਫੇਟ (12 ਕਿੱਲੋ ਫਾਸਫੋਰਸ) ਪ੍ਰਤੀ ਏਕੜ ਵਰਤੋ। ਸਿੰਗਲ ਸੁਪਰਫਾਸਫੇਟ ਦੀ ਸਾਰੀ ਤੇ ਯੂਰੀਆ ਦੀ ਅੱਧੀ ਮਾਤਰਾ ਬਿਜਾਈ ਵੇਲੇ ਅਤੇ ਯੂਰੀਆ ਦੀ ਬਚਦੀ ਅੱਧੀ ਮਾਤਰਾ ਬਿਜਾਈ ਤੋਂ 40 ਦਿਨ ਬਾਅਦ ਪਾਓ।

ਕਟਾਈ ਤੇ ਗਹਾਈ- ਹੇਠਲੇ ਪਾਸਿਓਂ ਸਿਰਾਂ ਦਾ ਰੰਗ ਬਦਲ ਕੇ ਪੀਲਾ-ਭੂਰਾ ਹੋ ਜਾਣਾ ਅਤੇ ਬਾਹਰਲੇ ਪਾਸਿਓ ਡਿਸਕ ਦੇ ਸੁੱਕਣ ਦੀ ਸ਼ੁਰੂਆਤ ਫ਼ਸਲ ਦੇ ਪੱਕਣ ਦੀਆਂ ਨਿਸ਼ਾਨੀਆਂ ਹਨ। ਇਸ ਸਮੇਂ ਬੀਜ ਪੱਕ ਕੇ ਕਾਲੇ ਹੋ ਜਾਂਦੇ ਹਨ। ਕਟਾਈ ਉਪਰੰਤ ਗਹਾਈ ਤੋਂ ਪਹਿਲਾਂ ਸੂਰਜਮੁਖੀ ਦੇ ਸਿਰਾਂ ਨੂੰ ਚੰਗੀ ਤਰ੍ਹਾਂ ਸੁਕਾ ਲਵੋ। ਥਰੈਸ਼ਰ ਨਾਲ ਗਹਾਈ ਸੂਰਜਮੁਖੀ ਦੇ ਸਿਰਾਂ ਦੀ ਕਟਾਈ ਤੋਂ ਤੁਰੰਤ ਬਾਅਦ ਕੀਤੀ ਜਾ ਸਕਦੀ ਹੈ। ਗਹਾਈ ਤੋਂ ਬਾਅਦ ਭੰਡਾਰਣ ਤੋਂ ਪਹਿਲਾਂ ਦਾਣਿਆਂ ਨੂੰ ਉੱਲੀ ਤੋਂ ਬਚਾਊਣ ਲਈ ਚੰਗੀ ਤਰ੍ਹਾਂ ਸੁਕਾ ਲਵੋ।

ਅਪ੍ਰਮਾਣਿਤ ਕਿਸਮਾਂ ਨਾ ਬੀਜੋ- ਪੰਜਾਬ 'ਚ ਕੁਝ ਕੰਪਨੀਆਂ ਦੀਆਂ ਅਪ੍ਰਮਾਣਿਤ ਦੋਗਲੀਆਂ ਕਿਸਮਾਂ, ਜਿਵੇਂ ਪਾਈਨੀਅਰ-64 ਏ ਤੇ 57, ਆਰਮੋਨੀ ਗੋਲਡ, ਚੈਂਪ, ਐੱਨਐੱਸਐੱਫਐੱਚ-1001, ਸਿਨਜੈਂਟਾ-207 ਆਦਿ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ। ਇਹ ਕਿਸਮਾਂ ਪੀਏਯੂ ਦੀਆਂ ਕਿਸਮਾਂ ਦੇ ਮੁਕਾਬਲੇ ਪੱਕਣ ਲਈ ਜ਼ਿਆਦਾ ਸਮਾਂ ਲੈਂਦੀਆਂ ਹਨ। ਇਸ ਲਈ ਇਨ੍ਹਾਂ ਨੂੰ ਵੱਧ ਸਿੰਜਾਈਆਂ ਦੀ ਲੋੜ ਪੈਂਦੀ ਹੈ, ਪੰਛੀਆਂ ਤੋਂ ਰਾਖੀ 'ਤੇ ਖ਼ਰਚਾ ਵੱਧ ਜਾਂਦਾ ਹੈ ਤੇ ਅਗਲੀ ਫ਼ਸਲ ਦੀ ਬਿਜਾਈ ਦੇਰੀ ਨਾਲ ਹੁੰਦੀ ਹੈ। ਇਹ ਵੀ ਵੇਖਣ 'ਚ ਆਇਆ ਹੈ ਕਿ ਇਨ੍ਹਾਂ ਅਪ੍ਰਮਾਣਤ ਕਿਸਮਾਂ ਦੀ ਸੂਬੇ 'ਚ ਕਾਸ਼ਤ ਕਾਰਨ ਕੁਝ ਬਿਮਾਰੀਆਂ, ਖ਼ਾਸਕਰ ਤਣੇ ਤੇ ਸਿਰ ਦਾ ਗਲਣਾ ਵੱਧ ਰਹੀਆਂ ਹਨ। ਇਸ ਤੋਂ ਬਚਾਅ ਲਈ ਸਿਫ਼ਾਰਸ਼ ਕੀਤੀਆਂ ਗਈਆ ਦੋਗਲੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ।

ਉੱਨਤ ਕਿਸਮਾਂ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੂਰਜਮੁਖੀ ਦੀਆਂ ਘੱਟ ਸਮੇਂ 'ਚ ਪੱਕਣ ਵਾਲੀਆਂ ਦੋਗਲੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਪੀਐੱਸਐੱਚ-1962, ਪੀਐੱਸਐੱਚ-996, ਪੀਐੱਸਐੱਚ-569 ਤੇ ਪੀਐੱਸਐੱਚ-118 ਪੀਏਯੂ ਵੱਲੋਂ ਵਿਕਸਤ ਕੀਤੀਆਂ ਗਈਆਂ ਹਨ ਜਦਕਿ ਡੀਕੇ-3849 ਤੇ ਐੱਸਐੱਚ-3322 ਨਿੱਜੀ ਕੰਪਨੀਆਂ ਦੀਆਂ ਹਨ। ਪੀਐੱਸਐੱਚ-1962 ਦੇ ਮੁਕਾਬਲੇ ਡੀਕੇ-3849 'ਚ ਤੇਲ ਦੀ ਮਾਤਰਾ ਕਾਫ਼ੀ ਘੱਟ ਹੈ ਅਤੇ ਪੀਏਯੂ ਦੀਆਂ ਕਿਸਮਾਂ ਦੇ ਮੁਕਾਬਲੇ ਨਿੱਜੀ ਕੰਪਨੀਆਂ ਦੀਆਂ ਕਿਸਮਾਂ ਪੱਕਣ 'ਚ ਲਗਪਗ ਤਿੰਨ ਹਫ਼ਤੇ ਜ਼ਿਆਦਾ ਸਮਾਂ ਲੈਂਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।