ਪਾਕਿਸਤਾਨ ਨੇ ਟਿੱਡੀ ਦਲ ਦੇ ਹਮਲੇ ਨੂੰ ਰਾਸ਼ਟਰੀ ਐਮਰਜੈਂਸੀ ਐਲਾਨਿਆ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪਾਕਿਸਤਾਨ ਨੇ ਪੰਜਾਬ ਸੂਬੇ ਵਿਚ ਵੱਡੇ ਪੈਮਾਨੇ 'ਤੇ ਫਸਲਾਂ ਨੂੰ ਬਰਬਾਦ ਕਰ ਰਹੇ ਟਿੱਡੀ ਦਲ ਦੀ ਸਮੱਸਿਆ ਨੂੰ ਰਾਸ਼ਟਰੀ ਐਮਰਜੈਂਸੀ ਐਲਾਨ ਕਰ ਦਿਤਾ ਹੈ।

Photo

ਇਸਲਾਮਾਬਾਦ : ਪਾਕਿਸਤਾਨ ਨੇ ਪੰਜਾਬ ਸੂਬੇ ਵਿਚ ਵੱਡੇ ਪੈਮਾਨੇ 'ਤੇ ਫਸਲਾਂ ਨੂੰ ਬਰਬਾਦ ਕਰ ਰਹੇ ਟਿੱਡੀ ਦਲ ਦੀ ਸਮੱਸਿਆ ਨੂੰ ਰਾਸ਼ਟਰੀ ਐਮਰਜੈਂਸੀ ਐਲਾਨ ਕਰ ਦਿਤਾ ਹੈ। ਪੰਜਾਬ ਸੂਬਾ ਦੇਸ਼ ਵਿਚ ਖੇਤੀਬਾੜੀ ਉਪਜ ਦਾ ਮੁੱਖ ਖੇਤਰ ਹੈ। ਪਾਕਿਸਤਾਨ ਬੀਤੇ ਦਹਾਕਿਆਂ ਦੇ ਸਭ ਤੋਂ ਬੁਰੇ ਕੀਟ ਹਮਲੇ ਦਾ ਸਾਹਮਣਾ ਕਰ ਰਿਹਾ ਹੈ।

ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸ਼ੁੱਕਰਵਾਰ ਨੂੰ ਸੱਦੀ ਗਈ ਬੈਠਕ ਵਿਚ ਲਿਆ ਗਿਆ। ਇਸ ਬੈਠਕ ਵਿਚ ਸਮੱਸਿਆ ਨਾਲ ਨਜਿੱਠਣ ਲਈ ਰਾਸ਼ਟਰੀ ਕਾਰਜ ਯੋਜਨਾ (ਐਨ.ਏ.ਪੀ.) ਨੂੰ ਵੀ ਪ੍ਰਵਾਨਗੀ ਦਿਤੀ ਗਈ, ਜਿਸ ਲਈ 7.3 ਅਰਬ ਰੁਪਇਆਂ ਦੀ ਜ਼ਰੂਰਤ ਹੋਵੇਗੀ। ਬੈਠਕ ਵਿਚ ਫੈਡਰਲ ਮੰਤਰੀ ਅਤੇ ਚਾਰ ਸੂਬਿਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

'ਡਾਨ' ਸਮਾਚਾਰ ਪੱਤਰ ਨੇ ਖਬਰ ਦਿਤੀ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਮੰਤਰੀ ਖੁਸਰੋ ਬਖਤਿਆਰ ਨੇ ਨੈਸ਼ਨਲ ਅਸੈਂਬਲੀ ਨੂੰ ਸਥਿਤੀ ਦੀ ਗੰਭੀਰਤਾ ਬਾਰੇ ਸੂਚਿਤ ਕੀਤਾ ਅਤੇ ਸੰਕਟ ਨਾਲ ਨਜਿੱਠਣ ਲਈ ਫੈਡਰਲ ਅਤੇ ਸੂਬਾਈ ਸਰਕਾਰਾਂ ਵੱਲੋਂ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿਤੀ।  ਪ੍ਰਧਾਨ ਮੰਤਰੀ ਦਫਤਰ ਵਿਚ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੂੰ ਪੂਰੀ ਸਥਿਤੀ 'ਤੇ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ।

ਇਸ ਵਿਚ ਆਰਥਿਕ ਮਾਮਲਿਆਂ ਵਿਚ ਪ੍ਰਧਾਨ ਮੰਤਰੀ ਦੇ ਸਲਾਹਕਾਰ ਹਾਫਿਜ਼ ਸ਼ੇਖ ਵੀ ਸ਼ਾਮਲ ਸਨ। ਬੈਠਕ ਵਿਚ ਦਸਿਆ ਗਿਆ ਕਿ ਖਤਰੇ ਨਾਲ ਨਜਿੱਠਣ ਲਈ ਸੂਬਾਈ ਅਤੇ ਜ਼ਿਲ੍ਹਾ ਪੱਧਰ 'ਤੇ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐਨ.ਡੀ.ਐਮ.ਏ.), ਸੂਬਾਈ ਆਫਤ ਪ੍ਰਬੰਧਨ ਅਧਿਕਾਰੀਆਂ ਅਤੇ ਸੰਘੀ ਅਤੇ ਸੂਬਾਈ ਵਿਭਾਗਾਂ ਨੂੰ ਵੱਖ-ਵੱਖ ਕੰਮ ਸੌਂਪੇ ਗਏ ਹਨ।

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਨ੍ਹਾਂ ਕੀਟਾਂ ਦੇ ਖਾਤਮੇ ਲਈ ਸੰਘੀ ਪੱਧਰ 'ਤੇ ਫੈਸਲਾ ਲੈਣ ਲਈ ਬਖਤਿਆਰ ਦੀ ਅਗਵਾਈ ਵਿਚ ਉਚ ਪਧਰੀ ਕਮੇਟੀ ਦੇ ਗਠਨ ਦਾ ਹੁਕਮ ਦਿਤਾ।  (ਏਜੰਸੀ)