ਕਿਸਾਨਾਂ ਵੱਲੋਂ ਟੋਲ ਪਲਾਜ਼ਾ ਵਿਖੇ ਧਰਨਾ ਜਾਰੀ
ਕਿਸਾਨ ਜਥੇਬੰਦੀਆਂ ਵੱਡੇ ਪੱਧਰ 'ਤੇ ਕਰ ਰਹੀਆਂ ਹਨ ਰੋਸ ਪ੍ਰਦਰਸ਼ਨ
ਲੁਧਿਆਣਾ : ਦੇਸ਼ ਭਰ ਵਿਚ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦਾ ਵਿਰੋਧ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਵੀ ਕਿਸਾਨ ਜਥੇਬੰਦੀਆਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਸਵੇਰੇ 9 ਵਜੇ ਤੋਂ ਲੁਧਿਆਣਾ ਬਠਿੰਡਾ ਰਾਜ ਮਾਰਗ 'ਤੇ ਸਥਿਤ ਹਿੱਸੋਵਾਲ ਟੋਲ ਪਲਾਜ਼ਾ 'ਤੇ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ।
ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਖੇਤੀ ਆਰਡੀਨੈਂਸਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਧਰਨੇ ਕਾਰਨ ਟੋਲ ਪਲਾਜ਼ਾ ਤੋਂ ਸਾਰੀਆਂ ਗੱਡੀਆਂ ਬਿਨਾਂ ਪਰਚੀ ਕਟਾਏ ਲੰਘਦੀਆਂ ਰਹੀਆਂ। ਸਥਿਤੀ ਉੱਪਰ ਨਜ਼ਰ ਅਤੇ ਸ਼ਾਂਤੀ ਕਾਇਮ ਰੱਖਣ ਲਈ ਭਾਰੀ ਗਿਣਤੀ ਵਿਚ ਪੁਲਿਸ ਵੀ ਤਾਇਨਾਤ ਹੈ।
ਕੇਂਦਰੀ ਰਾਜ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਰੋਕਿਆ ਪੁਲਿਸ ਨੇ
ਭਾਈ ਕਿਸਾਨ ਯੂਨੀਅਨ ਕਾਦੀਆ, ਭਾਈ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੋਆਬਾ, ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਦਾਣਾ ਮੰਡੀ ਫਗਵਾੜਾ ਵਿਖੇ ਕਿਸਾਨ ਇਕੱਠੇ ਹੋਣ ਉਪਰੰਤ ਕਿਸਾਨ ਵੱਡੀ ਗਿਣਤੀ ਵਿਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜੀ. ਟੀ. ਰੋਡ ਰਾਹੀਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਵਾਲੇ ਏਰੀਏ ਅਰਬਨ ਸਟੇਟ ਵਿਖੇ ਪਹੁੰਚੇ ਪਰ ਪੁਲਿਸ ਵਲੋਂ ਬੈਰੀਕੇਟ ਲਗਾਏ ਹੋਣ ਕਾਰਨ ਕਿਸਾਨ ਆਗੂ ਪੁਲਿਸ ਨਾਲ ਬਹਿਸਬਾਜੀ ਕਰਨ ਉਪਰੰਤ ਸੜਕ 'ਤੇ ਧਰਨਾ ਲਗਾ ਕੇ ਲਗਭਗ ਡੇਢ ਘੰਟਾ ਬੈਠੇ ਰਹੇ।
ਲੋਕ ਇਨਸਾਫ਼ ਪਾਰਟੀ ਵੱਲੋਂ ਭਾਜਪਾ ਸੂਬਾ ਪ੍ਰਧਾਨ ਦੇ ਘਰ ਦਾ ਕੀਤਾ ਗਿਆ ਘਿਰਾਓ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਸੈਂਕੜੇ ਸਮਰਥਕਾਂ ਨੂੰ ਨਾਲ ਲੈ ਕੇ ਪਠਾਨਕੋਟ ਸਥਿਤ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਘਿਰਾਓ ਕੀਤਾ ਗਿਆ। ਜਿੱਥੇ ਪੁਲਿਸ ਵੱਲੋਂ ਬੈਰੀਕੇਟ ਲਗਾ ਕੇ ਸਿਮਰਨਜੀਤ ਸਿੰਘ ਬੈਂਸ ਤੇ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨਾਂ ਨੂੰ ਰੋਕ ਲਿਆ ਗਿਆ, ਉਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਵੱਲੋਂ ਉੱਥੇ ਬੈਠ ਕੇ ਧਰਨਾ ਲਗਾ ਦਿੱਤਾ ਗਿਆ।