ਵਾਤਾਵਾਰਣ ਬਦਲਾਅ ਖੇਤੀ 'ਤੇ ਪਾ ਰਿਹੈ ਅਸਰ, ਘੱਟ ਸਕਦਾ ਹੈ ਫਸਲਾਂ ਦਾ ਝਾੜ
ਖੇਤੀ ਮੰਤਰਾਲੇ ਨੇ ਕਿਹਾ ਕਿ ਖ਼ਾਦ ਅਤੇ ਕੀਟਨਾਸ਼ਕਾਂ ਦੀ ਬੇਲੋੜੀਂਦੀ ਵਰਤੋਂ ਨਾਲ ਗ੍ਰੀਨਹਾਊਸ ਗੈਸ ਦੀ ਮਾਤਰਾ ਵੱਧ ਰਹੀ ਹੈ ।
ਨਵੀਂ ਦਿੱਲੀ : ਖੇਤੀ ਮੰਤਰਾਲੇ ਨੇ ਸੰਸਦੀ ਕਮੇਟੀ ਨੂੰ ਸੌਂਪੇ ਗਏ ਲਿਖਤੀ ਜਵਾਬ ਵਿਚ ਕਿਹਾ ਹੈ ਕਿ ਜੇਕਰ ਵੇਲ੍ਹੇ ਸਿਰ ਕਦਮ ਨਹੀਂ ਚੁੱਕੇ ਗਏ ਤਾਂ ਝੋਨਾ, ਕਣਕ, ਮੱਕੀ, ਜਵਾਰ ਅਤੇ ਸਰੋਂ ਵਰਗੀਆਂ ਫਸਲਾਂ 'ਤੇ ਵਾਤਾਵਰਣ ਦਾ ਮਾੜਾ ਅਸਰ ਪੈ ਸਕਦਾ ਹੈ। ਖੇਤੀ ਮੰਤਰਾਲੇ ਨੇ ਸੀਨੀਆਰ ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਸੰਸਦੀ ਅਨੁਮਾਨ ਕਮੇਟੀ ਨੂੰ ਦੱਸਿਆ ਕਿ ਸਮੇਂ ਸਿਰ ਕਾਰਵਾਈ ਨਾ ਕਰਨ 'ਤੇ 2050 ਤੱਕ ਕਣਕ ਦੀ ਪੈਦਾਵਾਰ 6 ਤੋਂ 23 ਫ਼ੀ ਸਦੀ ਤੱਕ ਘੱਟ ਸਕਦੀ ਹੈ।
ਮੰਤਰਾਲੇ ਨੇ ਕਿਹਾ ਕਿ ਤਾਪਮਾਨ ਦੇ ਹਰ ਇਕ ਡਿਗਰੀ ਸੈਲਸੀਅਸ ਦੇ ਵਾਧੇ 'ਤੇ 6 ਹਜ਼ਾਰ ਕਿਲੋ ਕਣਕ ਦੀ ਪੈਦਾਵਾਰ ਘੱਟ ਸਕਦੀ ਹੈ। ਮੰਤਰਾਲੇ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ 2050 ਤੱਕ ਮੱਕੀ ਦੀ ਪੈਦਾਵਾਰ ਵੀ ਘੱਟ ਸਕਦੀ ਹੈ। ਜੇਕਰ ਭਵਿੱਖ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਇਸ ਦੀ ਪੈਦਾਵਾਰ ਨੂੰ 21 ਫ਼ੀ ਸਦੀ ਤੱਕ ਵਧਾਇਆ ਜਾ ਸਕਦਾ ਹੈ। ਵਾਤਾਵਰਣ ਵਿਚ ਹੋ ਰਹੇ ਬਦਲਾਅ ਕਾਰਨ ਸਾਲ 2020 ਤੱਕ ਝੋਨੇ ਦੀ ਪੈਦਾਵਾਰ 4 ਤੋਂ 6 ਫ਼ੀ ਸਦੀ ਤੱਕ ਘੱਟ ਸਕਦੀ ਹੈ। ਅਸਰਕਾਰੀ ਕਦਮ ਚੁੱਕੇ ਜਾਣ ਨਾਲ ਇਸ ਦੀ ਪੈਦਾਵਾਰ ਨੂੰ ਵੀ 17 ਤੋਂ 20 ਫ਼ੀ ਸਦੀ ਤੱਕ ਵਧਾਇਆ ਜਾ ਸਕਦਾ ਹੈ।
ਦੱਸ ਦਈਏ ਕਿ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਸੰਸਦ ਦੀ ਅਨੁਮਾਨ ਕਮੇਟੀ ਨੇ ਵਾਤਾਵਾਰਣ ਬਦਲਾਅ 'ਤੇ ਕੌਮੀ ਕਾਰਵਾਈ ਯੋਜਨਾ ਦੀ 30ਵੀਂ ਰੀਪੋਰਟ ਤਿਆਰ ਕੀਤੀ ਹੈ। ਇਸ ਯੋਜਨਾ ਅਧੀਨ ਕੁਲ 8 ਰਾਸ਼ਟਰੀ ਮਿਸ਼ਨ ਆਉਂਦੇ ਹਨ, ਜਿਸ ਵਿਚ ਖੇਤੀ ਵੀ ਸ਼ਾਮਲ ਹੈ। ਕਾਰਬਨ ਡਾਈਆਕਸਾਈਡ ਵਧਣ ਨਾਲ ਅਨਾਜ ਵਿਚ ਪ੍ਰੋਟੀਨ ਦੀ ਮਾਤਰਾ ਅਤੇ ਹੋਰ ਖਣਿਜ ਪਦਾਰਥਾਂ ਦੀ ਕਮੀ ਹੋ ਸਕਦੀ ਹੈ।
ਖੇਤੀ ਮੰਤਰਾਲੇ ਨੇ ਦੱਸਿਆ ਕਿ ਆਲੂ ਦੀ ਪੈਦਾਵਾਰ ਵੀ 2020 ਤੱਕ 2.5 ਫ਼ੀ ਸਦੀ, 2050 ਤੱਕ 6 ਫ਼ੀ ਸਦੀ ਅਤੇ 2080 ਤੱਕ 11 ਫ਼ੀ ਸਦੀ ਤੱਕ ਘੱਟ ਸਕਦੀ ਹੈ। ਹਾਲਾਂਕਿ ਭੱਵਿਖ ਵਿਚ ਸੋਇਆਬੀਨ ਦੀ ਪੈਦਾਵਾਰ 2030 ਤੋਂ ਲੈ ਕੇ 2080 ਤੱਕ 13 ਫ਼ੀ ਸਦੀ ਤੱਕ ਵੱਧ ਸਕਦੀ ਹੈ। ਖੇਤੀ ਮੰਤਰਾਲੇ ਨੇ ਕਿਹਾ ਕਿ ਖ਼ਾਦ ਅਤੇ ਕੀਟਨਾਸ਼ਕਾਂ ਦੀ ਬੇਲੋੜੀਂਦੀ ਵਰਤੋਂ ਨਾਲ ਗ੍ਰੀਨਹਾਊਸ ਗੈਸ ਦੀ ਮਾਤਰਾ ਵੱਧ ਰਹੀ ਹੈ ਅਤੇ ਪਰਾਲੀ ਦੇ ਜਲਾਉਣ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ।