ਪਿਆਜ਼ ਦੀ ਖੇਤੀ ਨਾਲ ਵਧਾਓ ਆਮਦਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮੌਜੂਦਾ ਸਮੇਂ ਮੰਡੀ ਵਿਚ ਪਿਆਜ਼ ਦੀ ਕੀਮਤ 80 ਤੋਂ 100 ਰੁਪਏ ਕਿੱਲੋ ਦੇ ਦਰਮਿਆਨ ਹੈ

Onion Farming

ਮੌਜੂਦਾ ਸਮੇਂ ਮੰਡੀ ਵਿਚ ਪਿਆਜ਼ ਦੀ ਕੀਮਤ 80 ਤੋਂ 100 ਰੁਪਏ ਕਿੱਲੋ ਦੇ ਦਰਮਿਆਨ ਹੈ। ਇਸ ਦੀ ਵਰਤੋਂ ਆਮ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਪੰਜਾਬ 'ਚ ਪਿਆਜ਼ ਦੀ ਸਫਲ ਖੇਤੀ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਕਰਨ 'ਚ ਸਹਾਇਤਾ ਮਿਲ ਸਕਦੀ ਹੈ ਪਰ ਪੰਜਾਬ ਦੇ ਕਿਸਾਨਾਂ ਵੱਲੋਂ ਪਿਆਜ਼ ਦੀ ਖੇਤੀ ਵੱਲ ਘੱਟ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਪੰਜਾਬੀ ਕਿਸਾਨ ਆਲੂਆਂ ਦੀ ਕਾਸ਼ਤ 'ਚ ਵਧੇਰੇ ਰੁਚੀ ਰੱਖਦੇ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਲੂਆਂ ਦੇ ਮੁਕਾਬਲੇ ਪਿਆਜ਼ ਦੀ ਕਾਸ਼ਤ ਸੌਖੀ ਤੇ ਘੱਟ ਖ਼ਰਚੇ ਵਾਲੀ ਹੈ ਪਰ ਝਾੜ ਆਲੂਆਂ ਦੇ ਬਰਾਬਰ ਹੈ। ਇਹ ਵੀ ਸੱਚ ਹੈ ਕਿ ਪਿਆਜ਼ ਦੀਆਂ ਕੀਮਤਾਂ ਆਲੂਆਂ ਦੇ ਮੁਕਾਬਲੇ ਸਥਾਈ ਰਹਿੰਦੀਆਂ ਹਨ।

ਪਿਆਜ਼ ਦੀ ਖੇਤੀ ਪ੍ਰਤੀ ਘੱਟ ਉਤਸਾਹ ਦਾ ਇਕ ਕਾਰਨ ਇਹ ਹੈ ਕਈ ਕਿਸਾਨ ਇਸ ਨੂੰ ਹਲਕਾ ਕੰਮ ਆਖਦੇ ਹਨ। ਇਸ ਸੋਚ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਪਿਆਜ਼ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤੇ ਆਮਦਨ ਵਧਾਈ ਜਾ ਸਕੇ। ਪੰਜਾਬ ਵਿਚ ਪਿਆਜ਼ ਦੀ ਖੇਤੀ ਕਰੀਬ 9 ਹਜ਼ਾਰ ਹੈਕਟੇਅਰ ਰਕਬੇ 'ਚ ਕੀਤੀ ਜਾਂਦੀ ਹੈ। ਇਸ ਰਕਬੇ ਨੂੰ ਵਧਾਉਣ ਦੀ ਲੋੜ ਹੈ ਕਿਉਂਕਿ ਆਲੂਆਂ ਵਾਂਗ ਇਸ ਦੀਆਂ ਵੀ ਸਾਲ 'ਚ ਦੋ ਫ਼ਸਲਾਂ ਲਈਆਂ ਜਾ ਸਕਦੀਆਂ ਹਨ, ਪਹਿਲੀ ਫ਼ਸਲ ਲਈ ਪਨੀਰੀ ਪੁਟ ਕੇ ਲਗਾਉਣ ਦਾ ਸਮਾਂ ਅਗਸਤ ਦਾ ਪਹਿਲਾ ਅੱਧ ਹੈ ਜਦਕਿ ਦੂਜੀ ਫ਼ਸਲ ਦੀ ਪਨੀਰੀ ਖੇਤ ਵਿਚ ਜਨਵਰੀ ਮਹੀਨੇ ਦੌਰਾਨ ਲਗਾਈ ਜਾਂਦੀ ਹੈ। ਇਹ ਫ਼ਸਲ ਲਗਪਗ ਚਾਰ ਮਹੀਨਿਆਂ 'ਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ।

ਉੱਨਤ ਕਿਸਮਾਂ- ਸਾਉਣੀ ਦੀ ਫ਼ਸਲ ਲਈ ਐਗਰੀਫੌਂਡ ਡਾਰਕ ਰੈੱਡ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਆਰਓ-6 ਪੰਜਾਬ ਵਾਈਟ ਤੇ ਪੰਜਾਬ ਨਰੋਆ ਸਿਆਲੂ ਫ਼ਸਲ ਲਈ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਇਸ ਵਾਰ ਇਕ ਨਵੀਂ ਕਿਸਮ ਪੀਆਰਓ-7 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਵਾਰ ਦੋ ਹੋਰ ਨਵੀਆਂ ਕਿਸਮਾਂ ਪੀਡਬਲਿਊ–35 ਚਿੱਟੇ ਪਿਆਜ਼ਾਂ ਦੀ ਕਿਸਮ ਹੈ ਜਦਕਿ ਪੀਆਈਓ–102 ਪੀਲੇ ਰੰਗ ਦੇ ਪਿਆਜ਼ਾਂ ਦੀ ਕਿਸਮ ਹੈ। ਪੀਆਰਓ-7 ਕਿਸਮ ਤੋਂ 175 ਕੁਇੰਟਲ ਪਿਆਜ਼ ਪ੍ਰਤੀ ਏਕੜ ਪ੍ਰਾਪਤ ਹੁੰਦੇ ਹਨ।

ਗੁਣਕਾਰੀ ਹੈ ਪਿਆਜ਼- ਪਿਆਜ਼ ਦੀ ਵਰਤੋਂ ਹਰ ਪੰਜਾਬੀ ਘਰ ਵਿਚ ਕੀਤੀ ਜਾਂਦੀ ਹੈ। ਇਹ ਹਰ ਦਾਲ-ਸਬਜ਼ੀ 'ਚ ਪਾਇਆ ਜਾਂਦਾ ਹੈ ਤੇ ਸਲਾਦ ਦੇ ਰੂਪ 'ਚ ਕੱਚਾ ਖਾਧਾ ਜਾਂਦਾ ਹੈ। ਬਹੁਤੀਆਂ ਸਬਜ਼ੀਆਂ ਯੂਰਪੀਅਨ ਲੋਕ ਆਪਣੇ ਨਾਲ ਲੈ ਕੇ ਆਏ ਸਨ ਪਰ ਪਿਆਜ਼ ਨੂੰ ਨਿਰੋਲ ਭਾਰਤੀ ਮੰਨਿਆ ਜਾਂਦਾ ਹੈ। ਪਿਆਜ਼ ਵਿਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਦੂਸਰੇ ਅਹਿਮ ਖਣਿਜ ਪਦਾਰਥ ਤੇ ਵਿਚਾਮਿਨ ਹੋਣ ਕਾਰਨ ਇਹ ਇਕ ਬਿਹਤਰੀਨ ਐਂਟੀਆਕਸੀਡੈਂਟ ਹੈ। ਇਸ ਦੀ ਵਰਤੋਂ ਦਵਾਈ ਦੇ ਰੂਪ 'ਚ ਵੀ ਹੁੰਦੀ ਹੈ, ਇਸੇ ਕਰਕੇ ਇਨ੍ਹਾਂ ਨੂੰ ਸੁਕਾ ਕੇ ਪਾਊਡਰ ਵੀ ਬਣਾਇਆ ਜਾਂਦਾ ਹੈ।

ਖਾਦਾਂ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਆਜ਼ ਲਈ ਜੈਵਿਕ ਖਾਦ ਬਣਾਈ ਹੈ। ਕਨਸ਼ੋਰਸ਼ੀਅਮ ਜੀਵਾਣੂ ਖਾਦ ਚਾਰ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ 'ਚ ਰਲਾ ਕੇ ਪਾਈ ਜਾਂਦੀ ਹੈ। ਇਸ ਨਾਲ ਝਾੜ 'ਚ ਵਾਧੇ ਦੇ ਨਾਲ-ਨਾਲ ਜ਼ਮੀਨ ਦੀ ਸਿਹਤ 'ਚ ਵੀ ਸੁਧਾਰ ਹੁੰਦਾ ਹੈ। ਪਿਆਜ਼ ਲਈ 20 ਟਨ ਰੂੜੀ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਬੂਟੇ ਲਗਾਉਣ ਤੋਂ ਪਹਿਲਾਂ 20 ਕਿੱਲੋ ਨਾਈਟ੍ਰੋਜਨ, 20 ਕਿੱਲੋ ਫਾਰਫੋਰਸ ਤੇ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ,।ਇੰਨੀ ਹੀ ਨਾਈਟ੍ਰੋਜਨ ਛੇ ਹਫ਼ਤਿਆਂ ਪਿੱਛੋਂ ਮੁੜ ਪਾਉਣੀ ਚਾਹੀਦੀ ਹੈ। ਫ਼ਸਲ ਨੂੰ ਪਹਿਲਾ ਪਾਣੀ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਦੇਵੋ।

ਬਿਜਾਈ ਦਾ ਢੰਗ- ਕਰੀਬ 50 ਦਿਨਾਂ ਦੀ ਪਨੀਰੀ ਪੁੱਟ ਕੇ ਖੇਤ 'ਚ ਲਗਾਈ ਜਾਂਦੀ ਹੈ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਪੰਜ ਕਿੱਲੋ ਬੀਜ ਦੀ ਲੋੜ ਪੈਂਦੀ ਹੈ। ਗਰਮੀਆਂ ਦੀ ਪਨੀਰੀ ਜੂਨ ਵਿਚ ਤੇ ਸਰਦੀਆਂ ਦੀ ਫ਼ਸਲ ਲਈ ਪਨੀਰੀ ਅੱਧ ਅਕਤੂਬਰ ਤੋਂ ਅਧ ਨਵੰਬਰ ਤਕ ਬੀਜੀ ਜਾਂਦੀ ਹੈ। ਪਨੀਰੀ ਲਗਾਉਂਦੇ ਸਮੇਂ ਕਤਾਰਾਂ ਵਿਚਕਾਰ 15 ਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ।

ਨਦੀਨਾਂ ਦੀ ਰੋਕਥਾਮ ਤੇ ਪੁਟਾਈ- ਨਦੀਨਾਂ ਦੀ ਰੋਕਥਾਮ ਗੋਡੀ ਨਾਲ ਕਰਨੀ ਚਾਹੀਦੀ ਹੈ। ਜੇ ਨਦੀਨਾਂ ਦੀ ਰੋਕਥਾਮ ਨਦੀਨਨਾਸ਼ਕਾਂ ਨਾਲ ਕਰਨੀ ਹੈ ਤਾਂ ਸਟੌਂਪ-30 ਈਸੀ ਦੀ 750 ਮਿਲੀਲਿਟਰ ਮਾਤਰਾ ਨੂੰ 200 ਲੀਟਰ ਪਾਣੀ 'ਚ ਘੋਲ ਕੇ ਪਨੀਰੀ ਲਗਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕੋ। ਜਦੋਂ ਭੂਕਾਂ ਸੁੱਕ ਕੇ ਡਿਗ ਪੈਣ ਤਾਂ ਪਿਆਜ਼ ਪੁੱਟ ਲੈਣੇ ਚਾਹੀਦੇ ਹਨ। ਪੁਟਾਈ ਤੋਂ ਬਾਅਦ ਤਿੰਨ-ਚਾਰ ਦਿਨ ਲਈ ਇਨ੍ਹਾਂ ਨੂੰ ਛਾਵੇਂ ਖਿਲਾਰ ਦੇਵੋ। ਇਸ ਉਪਰੰਤ ਪਿਆਜ਼ ਦੀਆਂ ਦੋ ਸੈਂਟੀਮੀਟਰ ਭੂਕਾਂ ਰੱਖ ਕੇ ਕੱਟ ਦੇਵੋ। ਭੰਡਾਰ ਘਰ ਵਿਚ 15 ਦਿਨਾਂ ਪਿੱਛੋਂ ਪਿਆਜ਼ਾਂ ਨੂੰ ਹਿਲਾਉਂਦੇ ਰਹੋ ਤੇ ਗਲੇ ਹੋਏ ਪਿਆਜ਼ ਬਾਹਰ ਕੱਢ ਦੇਵੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।