ਸਮੇਂ ਦੀ ਮੁੱਖ ਮੰਗ ਹੈ ਰਸਾਇਣਕ ਤੋਂ ਜੈਵਿਕ ਖੇਤੀ ਵੱਲ ਆਉਣਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮੁੱਢ ਕਦੀਮ ਤੋਂ ਖੇਤੀ ਸਾਡੀਆਂ ਆਰਥਿਕ ਲੋੜਾਂ ਪੂਰੀਆਂ ਕਰਦੀ ਆਈ ਹੈ।

Organic Farming

ਮੁੱਢ ਕਦੀਮ ਤੋਂ ਖੇਤੀ ਸਾਡੀਆਂ ਆਰਥਿਕ ਲੋੜਾਂ ਪੂਰੀਆਂ ਕਰਦੀ ਆਈ ਹੈ। ਰੋਟੀ, ਕਪੜੇ ਅਤੇ ਮਕਾਨ ਦੀ ਜੱਦੋਜ਼ਹਿਦ ਕਰਦਿਆਂ ਸਾਡੀਆਂ ਬੁਨਿਆਦੀ ਲੋੜਾਂ ਬਹੁਤ ਵੱਧ ਗਈਆਂ ਤੇ ਅਸੀਂ ਖੇਤੀ ਤੋਂ ਕਈ ਗੁਣਾ ਮੁਨਾਫ਼ਾ ਲੈਣ ਦੀਆਂ ਤਰਕੀਬਾਂ ਬਣਾਉਣ ਲੱਗ ਪਏ। ਇਨ੍ਹਾਂ ਤਰਕੀਬਾਂ ਵਿਚ ਸਬ ਤੋਂ ਵੱਧ ਪ੍ਰਭਾਵਸ਼ਾਲੀ ਸੀ ਖੇਤਾਂ ਵਿਚ ਰਸਾਇਣਿਕ ਖਾਦਾਂ ਅਤੇ ਖੇਤੀ ਜ਼ਹਿਰਾਂ ਦੀ ਬਹੁਤਾਤ। ਆਪਣੇ ਆਰਥਿਕ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਆਪਣੀ ਸਿਹਤ ਨੂੰ ਵੀ ਖ਼ਤਰੇ 'ਚ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ।

ਖੇਤੀ 'ਚ ਵੱਡੀ ਤਬਦੀਲੀ ਦੀ ਲੋੜ- ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਵਰਤੇ ਜਾਂਦੇ ਰਸਾਇਣਾਂ ਪਤਾ ਹੀ ਨਹੀਂ ਲੱਗਾ ਕਦੋਂ ਧਰਤੀ, ਪਾਣੀ ਅਤੇ ਹਵਾ ਨੂੰ ਵੀ ਪੂਰੀ ਤਰ੍ਹਾਂ ਨਾਲ ਜ਼ਹਿਰੀਲੇ ਕਰਨ ਲੱਗੇ ਪਏ। ਹੁਣ ਜਦੋਂ ਹਰ ਪਾਸੇ ਜ਼ਹਿਰ ਹੀ ਜ਼ਹਿਰ ਮਹਿਸੂਸ ਹੋਣ ਲੱਗ ਪਿਆ ਹੈ ਤਾਂ ਸਾਨੂੰ ਹੁਣ ਇਸ ਸਮੱਸਿਆ ਤੋਂ ਬਚਣ ਲਈ ਠੋਸ ਕਦਮ ਚੁੱਕਣੇ ਪੈਣਗੇ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਹੁਣ ਇਨ੍ਹਾਂ ਜ਼ਹਿਰਾਂ ਤੋਂ ਆਪਣੀ ਖੇਤੀ ਨੂੰ ਦੂਰ ਰੱਖੀਏ ਤੇ ਮਨੁੱਖੀ ਸਿਹਤ ਨੂੰ ਖ਼ਤਰਨਾਕ ਅਲਾਮਤਾਂ ਤੋਂ ਬਚਾਈਏ। ਇਸ ਦੇ ਜੇ ਕੋਈ ਯੋਗ ਉਪਰਾਲਾ ਹੈ ਤਾਂ ਉਹ ਇਹ ਹੈ ਕਿ ਅਸੀਂ ਆਪਣੀ ਖੇਤੀ ਦੇ ਢੰਗਾਂ ਵਿਚ ਵੱਡੀ ਤਬਦੀਲੀ ਲਿਆਈਏ। ਇਸ ਦੇ ਲਈ ਸਾਨੂੰ ਜੈਵਿਕ ਖੇਤੀ ਵੱਲ ਮੋੜਾ ਕੱਟਣਾ ਪਵੇਗਾ।

ਕੀ ਹੈ ਜੈਵਿਕ ਖੇਤੀ?- ਜੈਵਿਕ ਖੇਤੀ ਭਾਵ ਬਿਨਾਂ ਖਾਦਾਂ ਅਤੇ ਜ਼ਹਿਰਾਂ ਦੀ ਖੇਤੀ। ਆਪਣੀ ਖੇਤੀ ਤੋਂ ਭਾਵੇਂ ਘੱਟ ਉਪਜ ਲਈ ਜਾਵੇ ਪਰ ਉਹ ਸਾਡੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਉਂਦੀ ਹੋਵੇ। ਜ਼ਮੀਨ ਦੀ ਸਿਹਤ ਨੂੰ ਕਾਇਮ ਰੱਖਣ ਲਈ ਖਾਦਾਂ ਤਾਂ ਪਾਈਆਂ ਜਾਣ ਪਰ ਉਹ ਖਾਦਾਂ ਜੈਵਿਕ ਜਾਂ ਕੁਦਰਤੀ ਹੋਣ, ਭਾਵ ਪਸ਼ੂਆਂ ਦੇ ਗੋਹੇ ਅਤੇ ਪਿਸ਼ਾਬ ਤੋਂ ਤਿਆਰ ਕੀਤੀ ਖਾਦ ਇਸ ਦੇ ਲਈ ਸਭ ਤੋਂ ਬਿਹਤਰ ਹੈ। ਇਸ ਤੋਂ ਇਲਾਵਾ ਜ਼ਮੀਨ ਦੇ ਮਿੱਤਰ ਜੀਵ, ਭਾਵ ਗੰਡੋਇਆਂ ਤੋਂ ਵੀ ਇਕ ਖ਼ਾਸ ਕਿਸਮ ਦੀ ਖਾਦ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਖੇਤੀਯੋਗ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਜਿੱਥੋਂ ਤਕ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ ਤੇ ਭਿਆਨਕ ਬਿਮਾਰੀਆਂ ਤੋਂ ਬਚਾਅ ਦੀ ਗੱਲ ਹੈ ਤਾਂ ਕੁਝ ਦੇਸੀ ਜਾਂ ਜੈਵਿਕ ਢੰਗਾਂ ਨੂੰ ਵਰਤ ਕੇ ਬੜੇ ਆਸਾਨ ਅਤੇ ਪ੍ਰਭਾਵਸ਼ਾਲੀ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਕੁਝ ਜ਼ਹਿਰੀਲੇ ਪੌਦੇ, ਜਿਵੇਂ ਅੱਕ, ਧਤੂਰਾ, ਨਿੰਮ, ਲੱਸਣ ਆਦਿ ਦੀ ਵਰਤੋਂ ਨਾਲ ਵੀ ਫ਼ਸਲਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਰਾਹਤ ਮਿਲ ਜਾਂਦੀ ਹੈ।

ਸੁਰੱਖਿਅਤ ਤੇ ਉੱਤਮ ਉਤਪਾਦ- ਜੈਵਿਕ ਢੰਗਾਂ ਨਾਲ ਖੇਤੀ ਕਰਨ ਦੇ ਨਾਲ-ਨਾਲ ਖੇਤੀ ਮਾਹਿਰਾਂ ਦੀ ਸਲਾਹ ਜ਼ਰੂਰ ਲਈ ਜਾਵੇ। ਜੋ ਕਿਸਾਨ ਅਜਿਹੀ ਖੇਤੀ ਕਰ ਰਹੇ ਹਨ, ਉਨ੍ਹਾਂ ਦੀ ਰਾਏ ਵੀ ਲਈ ਜਾ ਸਕਦੀ ਹੈ। ਕੁਝ ਛੋਟੇ ਅਤੇ ਉਦਮੀਂ ਕਿਸਾਨ ਜੈਵਿਕ ਖੇਤੀ ਵੱਲ ਕਦਮ ਵਧਾ ਰਹੇ ਹਨ ਅਤੇ ਜੈਵਿਕ ਤੇ ਰਸਾਇਣਿਕ ਖੇਤੀ ਵਿਚ ਵੱਡਾ ਅੰਤਰ ਦੇਖ ਰਹੇ ਹਨ। ਜੈਵਿਕ ਖੇਤੀ ਕਰਦੇ ਕੁਝ ਕਿਸਾਨਾਂ ਦਾ ਮੰਨਣਾ ਹੈ ਕਿ ਖੇਤ ਵਿਚ ਜੈਵਿਕ ਢੰਗ ਨਾਲ ਪੈਦਾ ਕੀਤੀਆਂ ਖ਼ੁਰਾਕੀ ਵਸਤਾਂ ਸਿਹਤ ਲਈ ਤਾਂ ਸੁਰੱਖਿਅਤ ਹਨ ਹੀ, ਇਸ ਦੇ ਨਾਲ ਹੀ ਇਨ੍ਹਾਂ ਵਿਚਲੇ ਪੌਸ਼ਟਿਕ ਤੱਤ ਵੀ ਬਰਕਰਾਰ ਰਹਿੰਦੇ ਹਨ ਅਤੇ ਇਹ ਵਧੇਰੇ ਸੁਆਦਲੀਆਂ ਹੁੰਦੀਆਂ ਹਨ।
ਲਾਇਲਾਜ਼ ਬਿਮਾਰੀਆਂ ਦੀ ਮਾਰ- ਕੁਝ ਵੱਡੇ ਕਿਸਾਨ ਆਪਣੇ ਖਾਣ ਲਈ ਜੈਵਿਕ ਢੰਗ ਨਾਲ ਤਿਆਰ ਕੀਤੀਆਂ ਫ਼ਸਲਾਂ, ਸਬਜ਼ੀਆਂ, ਫਲਾਂ ਆਦਿ ਦੀ ਵਰਤੋਂ ਕਰਨ ਲੱਗ ਪਏ ਹਨ।

ਅਜਿਹੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਆਪਣੀ ਅਤੇ ਪਰਿਵਾਰ ਦੀ ਸਿਹਤ ਲਈ ਹੀ ਚਿੰਤਤ ਹੋਣ ਦੇ ਨਾਲ-ਨਾਲ ਸਮਾਜ ਦੇ ਸਾਰੇ ਲੋਕਾਂ ਲਈ ਵੀ ਚੰਗੀ ਸਿਹਤ ਦੀ ਕਾਮਨਾ ਕਰਨ ਤੇ ਆਪਣੀ ਖੇਤੀ ਨੂੰ ਜੈਵਿਕ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਨ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਖੇਤੀ ਜ਼ਹਿਰਾਂ ਦੀ ਲੋੜ ਤੋਂ ਵੱਧ ਵਰਤੋਂ ਕਾਰਨ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਵੱਡੀ ਪੱਧਰ 'ਤੇ ਪੈਰ ਪਸਾਰ ਚੁੱਕੀਆਂ ਹਨ। ਹੱਸਦੇ-ਖੇਡਦੇ ਘਰਾਂ 'ਚ ਅੱਜ ਮੌਤ ਘਰ ਕਰੀ ਬੈਠੀ ਹੈ। ਇਨ੍ਹਾਂ ਇਲਾਕਿਆਂ ਦੀ ਨਾ ਕੇਵਲ ਜ਼ਮੀਨ ਸਗੋਂ ਪਾਣੀ ਤੇ ਹਵਾ ਵੀ ਬੁਰੀ ਤਰ੍ਹਾਂ ਜ਼ਹਿਰੀਲੇ ਹੋ ਚੁੱਕੇ ਹਨ। ਅਜਿਹੇ ਹਾਲਾਤ ਉੱਪਰ ਤਦ ਹੀ ਕਾਬੂ ਪਾਇਆ ਜਾ ਸਕਦਾ ਹੈ ਜੇਕਰ ਅਸੀਂ ਜ਼ਮੀਨ ਵਿਚ ਲਗਾਤਾਰ ਜ਼ਹਿਰਾਂ ਸੁੱਟਣ ਤੋਂ ਸਦਾ ਲਈ ਹਟ ਜਾਈਏ। ਭਾਵੇਂ ਅੱਜ ਅਸੀਂ ਰਸਾਇਣਕ ਖਾਦਾਂ ਅਤੇ ਖੇਤੀ ਜ਼ਹਿਰਾਂ ਦੀ ਦਲਦਲ 'ਚ ਬਹੁਤ ਜ਼ਿਆਦਾ ਧੱਸ ਚੁੱਕੇ ਹਾਂ ਪਰ ਅਜੇ ਵੀ ਸੰਭਲਿਆ ਜਾ ਸਕਦਾ ਹੈ। ਅਜੇ ਵੀ ਖੇਤੀ ਨੂੰ ਜੈਵਿਕ ਜਾਂ ਕੁਦਰਤੀ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਕੁਦਰਤ ਨੇ ਸਾਨੂੰ ਕਦੇ ਵੀ ਜ਼ਹਿਰਾਂ ਦੀ ਵਰਤੋਂ ਕਰਨ ਲਈ ਸੱਦਾ ਨਹੀਂ ਦਿੱਤਾ। ਅਸੀਂ ਆਪਣੇ ਆਪ ਨੂੰ ਇੰਨਾ ਲਾਲਚੀ ਬਣਾ ਲਿਆ ਹੈ ਕਿ ਪੈਸੇ ਲਈ ਅਸੀਂ ਆਪਣੀ ਸਿਹਤ ਤੇ ਕੁਦਰਤੀ ਸੋਮਿਆਂ ਨਾਲ ਖਿਲਵਾੜ ਕਰਨ ਲੱਗੇ ਹਾਂ।

ਕਿਸਾਨ ਉੱਪਰ ਅਹਿਮ ਜ਼ਿੰਮੇਵਾਰੀ- ਕਿਸਾਨ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਕਰ ਕੇ ਜਿੱਥੇ ਆਪਣੇ ਖੇਤੀ ਖ਼ਰਚੇ ਵਧਾਉਂਦੇ ਹਨ ਉੱਥੇ ਇਨ੍ਹਾਂ ਜ਼ਹਿਰਾਂ ਨਾਲ ਉਪਜਾਈਆਂ ਗਈਆਂ ਖੇਤੀ ਜਿਣਸਾਂ ਦੂਸਰੇ ਲੋਕਾ ਨੂੰ ਵੀ ਜ਼ਹਿਰਾਂ ਖਾਣ ਲਈ ਮਜਬੂਰ ਕਰ ਰਹੇ ਹਾਂ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਉੱਪਰ ਇਨ੍ਹਾਂ ਜ਼ਹਿਰਾਂ ਦਾ ਅਸਰ ਬਹੁਤ ਜ਼ਿਆਦਾ ਤੇ ਜਲਦੀ ਦੇਖਣ ਨੂੰ ਮਿਲਦਾ ਹੈ। ਉਹ ਜਾਨਲੇਵਾ ਤੇ ਭਿਆਨਕ ਬਿਮਾਰੀਆਂ ਲਈ ਸਾਫਟ-ਟਾਰਗੇਟ ਬਣ ਜਾਂਦੇ ਹਨ। ਇਸ ਲਈ ਚਾਹੀਦਾ ਹੈ ਕਿ ਅਸੀਂ ਕੁਦਰਤੀ ਢੰਗਾਂ ਨਾਲ ਖੇਤੀ ਕਰ ਕੇ ਕਿਰਸਾਨੀ ਨੂੰ ਪਹਿਲਾਂ ਤੋਂ ਵੀ ਵੱਧ ਪਵਿੱਤਰ ਬਣਾਈਏ। ਪਹਿਲਾਂ ਸਾਡੇ ਕਿਸਾਨ ਦੇ ਜ਼ਿੰਮੇ ਦੇਸ਼ ਦੇ ਨਾਗਰਿਕ ਦਾ ਢਿੱਡ ਭਰਨ ਦਾ ਟੀਚਾ ਸੀ।

ਇਸ ਲਈ ਉਸ ਨੇ ਸਮੇਂ ਦੀ ਲੋੜ ਅਨੁਸਾਰ ਖੇਤੀ ਰਸਾਇਣਾਂ ਨੂੰ ਅਪਣਾਇਆ ਤੇ ਅਨਾਜ਼ ਦੀ ਉਪਜ 'ਚ ਵਾਧਾ ਕਰ ਕੇ ਅਨਾਜ ਸੁਰੱਖਿਆ ਦੇ ਮਾਮਲੇ 'ਚ ਦੇਸ਼ ਨੂੰ ਆਤਮ-ਨਿਰਭਰ ਬਣਾਇਆ। ਅੱਜ ਕਿਸਾਨ ਦੇ ਸਿਰ ਉੱਤੇ ਆਪਣੇ ਸੂਬੇ ਅਤੇ ਦੇਸ਼ ਦੇ ਲੋਕਾਂ ਦੀ ਸਿਹਤ ਸੁਰੱਖਿਆ ਦਾ ਵੀ ਫ਼ਰਜ਼ ਹੈ। ਉਸ ਉੱਪਰ ਕੁਦਰਤ ਨਾਲ ਵਫ਼ਾਦਾਰੀ ਨਿਭਾਉਣ ਦੀ ਅਹਿਮ ਜ਼ਿੰਮੇਵਾਰੀ ਹੈ। ਪੰਜਾਬ ਦੇ ਕਿਸਾਨ ਨੇ ਹਰ ਔਕੜ ਨਾਲ ਆਢਾ ਲਿਆ ਹੈ। ਜਦੋਂ ਦੇਸ਼ ਅੰਨ ਦੇ ਦਾਣੇ-ਦਾਣੇ ਨੂੰ ਮੁਹਤਾਜ਼ ਸੀ, ਪੰਜਾਬ ਦਾ ਕਿਸਾਨ ਉਦੋਂ ਵੀ ਆਪਣੇ ਫ਼ਰਜ਼ ਤੋਂ ਪਿੱਛੇ ਨਹੀਂ ਸੀ ਹਟਿਆ ਤੇ ਅੱਜ ਹੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ। ਅੱਜ ਸਾਨੂੰ ਰਸਾਇਣਿਕ ਤੋਂ ਜੈਵਿਕ ਖੇਤੀ ਵੱਲ ਮੋੜਾ ਕੱਟਣ ਦੀ ਲੋੜ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਤੇ ਸਿਹਤਮੰਦ ਭਵਿੱਖ ਦਾ ਨਿਰਮਾਣ ਕਰ ਸਕੀਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।