5 ਰੁਪਏ ਵਿਚ ਹਮੇਸ਼ਾਂ ਲਈ ਖਤਮ ਹੋ ਸਕਦੀ ਹੈ ਪਰਾਲੀ ਸਾੜਨ ਦੀ ਸਮੱਸਿਆ, ਜਾਣੋ ਕੀ ਹੈ ਪ੍ਰਕਿਰਿਆ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨੇ ਤਿਆਰ ਕੀਤਾ ਕੈਪਸੂਲ

5 Rs.Capsule Will Solve Stubble Burning Problem

ਨਵੀਂ ਦਿੱਲੀ: ਪਿਛਲੇ ਸਾਲ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ (IARI) ਨੇ ਇਕ ਅਜਿਹਾ ਕੈਪਸੂਲ ਤਿਆਰ ਕੀਤਾ ਹੈ ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹਮੇਸ਼ਾਂ ਲਈ ਖਤਮ ਕਰ ਸਕਦਾ ਹੈ। ਸਿਰਫ਼ ਇਹੀ ਨਹੀਂ ਇਸ ਕੈਪਸੂਲ ਦੀ ਮਦਦ ਨਾਲ ਪਰਾਲ਼ੀ ਨੂੰ ਅਸਾਨੀ ਨਾਲ ਜੈਵਿਕ ਖਾਦ ਵਿਚ ਬਦਲਿਆ ਜਾ ਸਕਦਾ ਹੈ।

ਇਸ ਕੈਪਸੂਲ ਦੀ ਮਦਦ ਨਾਲ ਪਰਾਲੀ ਸਾੜਨ ਦੀ ਸਮੱਸਿਆ ਖਤਮ ਹੋਣ ਤੋਂ ਇਲਾਵਾ ਜ਼ਮੀਨ ਵੀ ਉਪਜਾਊ ਬਣ ਜਾਵੇਗੀ ਅਤੇ ਹਵਾ ਪ੍ਰਦੂਸ਼ਣ ਘੱਟ ਕਰਨ ਵਿਚ ਵੀ ਮਦਦ ਮਿਲੇਗੀ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਕੈਪਸੂਲ ਦੀ ਕੀਮਤ ਸਿਰਫ਼ 5 ਰੁਪਏ ਹੈ, ਇਸ ਕਾਰਨ ਕੋਈ ਗਰੀਬ ਤੋਂ ਗਰੀਬ ਕਿਸਾਨ ਵੀ ਇਸ ਨੂੰ ਅਸਾਨੀ ਨਾਲ ਖਰੀਦ ਸਕਦਾ ਹੈ। 

ਦੇਸ਼ ਦੇ ਜ਼ਿਆਦਾਤਰ ਕਿਸਾਨ ਇਸ ਕੈਪਸੂਲ ਤੋਂ ਅਣਜਾਣ ਹਨ। ਇਹ ਕੈਪਸੂਲ ਪਰਾਲੀ ਨੂੰ ਜੈਵਿਕ ਖਾਦ ਵਿਚ ਤਬਦੀਲ ਕਰਨ ਦਾ ਸਭ ਤੋਂ ਸਸਤਾ ਅਤੇ ਅਸਾਨ ਤਰੀਕਾ ਹੈ। ਇਕ ਏਕੜ ਜ਼ਮੀਨ ਦੀ ਪਰਾਲੀ ਲਈ ਸਿਰਫ਼ 4 ਕੈਪਸੂਲ ਦੀ ਲੋੜ ਪੈਂਦੀ ਹੈ। 

ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸਾ ਦੇ ਮਾਇਕ੍ਰੋਬਾਇਓਲਾਜੀ ਦੇ ਵਿਗਿਆਨੀ ਡਾਕਟਰ ਵਾਈ ਵੀ ਸਿੰਘ ਨੇ ਕਿਹਾ ਹੈ ਕਿ ਇਸ ਕੈਪਸੂਲ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਇਹ ਪਰਾਲੀ ਨੂੰ ਸਾੜ ਕੇ ਉਸ ਨੂੰ ਕੰਪੋਸਟ ਵਿਚ ਬਦਲ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਇਸ ਕੈਪਸੂਲ ਨੂੰ ਬਣਾਉਣ ਲਈ ਵਿਗਿਆਨੀਆਂ ਨੂੰ 15 ਸਾਲ ਦਾ ਸਮਾਂ ਲੱਗਿਆ ਹੈ।

ਕਿਸ ਤਰ੍ਹਾਂ ਕੀਤੀ ਜਾਵੇ ਕੈਪਸੂਲ ਦੀ ਵਰਤੋਂ

- ਖੇਤੀਬਾੜੀ ਵਿਗਿਆਨੀ ਡਾਕਟਰ ਵਾਈ ਵੀ ਸਿੰਘ ਨੇ ਕਿਹਾ ਕਿ ਇਕ ਏਕੜ ਜ਼ਮੀਨ ਲਈ 150 ਗ੍ਰਾਮ ਗੁੜ ਲਓ ਅਤੇ ਇਸ ਨੂੰ ਪਾਣੀ ਵਿਚ ਉਬਾਲ ਕੇ ਰੱਖੋ। ਇਸ ਦੌਰਾਨ ਨਿਕਲਣ ਵਾਲੀ ਗੰਦਗੀ ਨੂੰ ਸੁੱਟ ਦਿਓ।

-ਗੁੜ  ਦੇ ਘੋਲ ਨੂੰ ਠੰਢਾ ਹੋਣ ਲਈ ਰੱਖੋ ਅਤੇ ਇਸ ਵਿਚ 5 ਲੀਟਰ ਪਾਣੀ ਮਿਲਾਓ। ਇਸ ਦੇ ਨਾਲ ਹੀ ਇਸ ਵਿਚ 50 ਗ੍ਰਾਮ ਵੇਸਣ ਮਿਲਾਓ।
-ਇਸ ਤੋਂ ਬਾਅਦ 4 ਕੈਪਸੂਲ ਇਸ ਘੋਲ ਵਿਚ ਚੰਗੀ ਤਰ੍ਹਾਂ ਮਿਲਾਓ, ਇਸ ਦੇ ਲਈ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਦੀ ਵਰਤੋਂ ਕਰੋ।

-ਇਸ ਘੋਲ ਨੂੰ ਕਿਸੇ ਗਰਮ ਜਗ੍ਹਾ 'ਤੇ ਘੱਟੋ ਘੱਟ 5 ਦਿਨਾਂ ਲਈ ਰੱਖੋ। ਅਜਿਹਾ ਕਰਨ ਨਾਲ ਬਰਤਨ ਵਿਚ ਘੋਲ ਉੱਪਰ ਇਕ ਪਰਤ ਬਣ ਜਾਵੇਗੀ। ਇਸ ਨੂੰ ਚੰਗੀ ਤਰ੍ਹਾਂ ਮਿਲਾ ਦਿਓ।
-ਪਾਣੀ ਮਿਲਾਉਂਦੇ ਸਮੇਂ ਮਾਸਕ ਅਤੇ ਦਸਤਾਨੇ ਪਾਉਣਾ ਨਾ ਭੁੱਲੋ।
-ਪਾਣੀ ਮਿਲਾਉਣ ਤੋਂ ਬਾਅਦ ਇਹ ਘੋਲ ਵਰਤੋਂ ਲਈ ਤਿਆਰ ਹੋ ਜਾਵੇਗਾ। ਪੰਜ ਲੀਟਰ ਦੇ ਇਸ ਘੋਲ ਵਿਚ 10 ਕੁਇੰਟਲ ਪਰਾਲੀ ਨੂੰ ਕੰਪੋਸਟ ਕਰਨ ਦੀ ਸਮਰੱਥਾ ਹੁੰਦੀ ਹੈ।