ਪੰਜਾਬ ‘ਚ ਕੇਸਰ ਦੀ ਖੇਤੀ ਹੋ ਰਹੀ ਕਿਸਾਨਾਂ ਲਈ ਫਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮਾਨਸਾ ਜ਼ਿਲ੍ਹੇ ਦੇ ਇਕ ਕਿਸਾਨ ਨੇ ਦੂਜੇ ਕਿਸਾਨਾਂ ਦਾ ਮਾਰਗ-ਦਰਸ਼ਨ ਕਰਦੇ ਹੋਏ, ਇਕ ਏਕੜ ਜ਼ਮੀਨ ‘ਤੇ ਅਮਰੀਕਨ ਕੇਸਰ ਦੀ ਖੇਤੀ ਕੀਤੀ ਹੈ।

Saffron farming

ਮਾਨਸਾ: ਅੱਜ ਦੇ ਦੌਰ ਵਿਚ ਜਿੱਥੇ ਕਿਸਾਨ ਮੰਦਹਾਲੀ ਦੀ ਜ਼ਿੰਦਗੀ ਜੀ ਕੇ ਕਰਜ਼ੇ ਦੇ ਹੇਠਾਂ ਦੱਬ ਕੇ ਖੁਦਕੁਸ਼ੀ ਦਾ ਰਸਤਾ ਅਪਣਾ ਰਿਹਾ ਹੈ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਇਕ ਕਿਸਾਨ ਨੇ ਦੂਜੇ ਕਿਸਾਨਾਂ ਦਾ ਮਾਰਗ-ਦਰਸ਼ਨ ਕਰਦੇ ਹੋਏ, ਇਕ ਏਕੜ ਜ਼ਮੀਨ ‘ਤੇ ਅਮਰੀਕਨ ਕੇਸਰ ਦੀ ਖੇਤੀ ਕੀਤੀ ਹੈ। ਜਿਸ ਨਾਲ ਉਮੀਦ ਹੈ ਕਿ ਉਸ ਨੂੰ ਪੰਜਾਹ ਲੱਖ ਦੀ ਆਮਦਨ ਹੋਵੇਗੀ। ਉਧਰ ਖੇਤੀਬਾੜੀ ਵਿਭਾਗ, ਜ਼ਿਲ੍ਹਾ ਮਾਨਸਾ ਵਿਚ ਕੇਸਰ ਦੀ ਖੇਤੀ ਕਰਨਾ ਅਸੰਭਵ ਦੱਸ ਰਿਹਾ ਹੈ।

ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਖੋਖਰ ਪਿੰਡ ਦੇ ਕਿਸਾਨ ਜਗਤਾਰ ਸਿੰਘ ਨੇ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਕੇਸਰ ਦੀ ਖੇਤੀ ਕੀਤੀ ਹੈ ਅਤੇ ਖੇਤੀਬਾੜੀ ਵਿਭਾਗ ਇਸ ਜ਼ਿਲ੍ਹੇ ਵਿਚ ਅਜਿਹੀ ਖੇਤੀ ਕਰਨਾ ਅਸੰਭਵ ਦੱਸ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਦੇ ਜਗਤਾਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਦੇ ਕਹਿਣ ‘ਤੇ ਆਪਣੀ ਇਕ ਏਕੜ ਜ਼ਮੀਨ ‘ਤੇ ਅਮਰੀਕਨ ਕੇਸਰ ਦੀ ਖੇਤੀ ਕੀਤੀ ਸੀ।

 

ਇਸ ਅਮਰੀਕਨ ਕੇਸਰ ਦੀ ਫਸਲ ਹੁਣ ਪੱਕ ਕੇ ਤਿਆਰ ਹੋ ਚੁੱਕੀ ਹੈ। ਜਗਤਾਰ ਸਿੰਘ ਨੂੰ ਉਮੀਦ ਹੈ ਕਿ ਇਹ ਫਸਲ ਕਰੀਬ 50 ਲੱਖ ਵਿਚ ਵਿਕੇਗੀ। ਅਮਰੀਕਨ ਕੇਸਰ ਦੀ ਖੇਤੀ ਕਰਨ ਲਈ ਜਗਤਾਰ ਸਿੰਘ ਨੇ ਕਿਹਾ ਕਿ ਉਸਨੇ ਜੋ ਕੇਸਰ ਦੀ ਖੇਤੀ ਕੀਤੀ ਸੀ, ਹੁਣ ਉਹ ਫਸਲ ਪੱਕ ਕੇ ਤਿਆਰ ਹੋ ਗਈ ਹੈ ਅਤੇ ਇਸ ਫਸਲ ਨੂੰ ਉਹ ਦਿੱਲੀ ਵਿਚ ਵੇਚਣਗੇ, ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਖੇਤੀ ਨਾਲ 50 ਲੱਖ ਦੀ ਆਮਦਨ ਹੋਵੇਗੀ।

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਕੇਸਰ ਦੀ ਖੇਤੀ ਲਈ ਉਹਨਾਂ ਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਈ। ਕੇਸਰ ਦੀ ਖੇਤੀ ਵਿਚ ਸਿਰਫ ਖੱਟੀ ਲੱਸੀ ਅਤੇ ਗੋਹੇ ਦੇ ਪਾਣੀ ਦੀ ਸਪਰੇ ਕਰਨੀ ਪੈਂਦੀ ਹੈ। ਇਹ ਫਸਲ ਸਿਰਫ ਧਿਆਨ ਮੰਗਦੀ ਹੈ। ਉਹਨਾਂ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਹੋਰ ਫਸਲਾਂ ਦੇ ਚੱਕਰ ਨੂੰ ਛੱਡ ਕੇ ਅਜਿਹੀ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਜ਼ਿਆਦਾ ਮੁਨਾਫਾ ਹੁੰਦਾ ਹੈ।

ਦੂਜੇ ਪਾਸੇ  ਮਾਨਸਾ ਜ਼ਿਲ੍ਹੇ ਵਿਚ ਕੇਸਰ ਦੀ ਖੇਤੀ ਕੀਤੇ ਜਾਣ ‘ਤੇ ਖੇਤੀਬਾੜੀ ਅਫਸਰ ਗੁਰਮੇਲ ਸਿੰਘ ਨਾਲ ਗੱਲ ਬਾਤ ਦੌਰਾਨ ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਕੇਸਰ ਦੀ ਖੇਤੀ ਕਰਨਾ ਅਸੰਭਵ ਹੈ, ਕੇਸਰ ਦੀ ਖੇਤੀ ਠੰਡੇ ਇਲਾਕੇ ਵਿਚ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਨਾ ਹੀ ਕਿਸੇ ਯੂਨੀਵਰਸਿਟੀ ਨੇ ਅਜਿਹੀ ਕੋਈ ਸਿਫਾਰਿਸ਼ ਕੀਤੀ ਹੈ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਮਾਨਸਾ ਜ਼ਿਲ੍ਹੇ ਵਿਚ ਕੇਸਰ ਦੀ ਖੇਤੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਹ ਚੈੱਕ ਕਰਵਾਉਣਗੇ ਕਿ ਇਹ ਕੇਸਰ ਹੈ ਵੀ ਜਾਂ ਨਹੀਂ।