ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਸੁੰਗੜੇ ਹੋਏ ਅਨਾਜ ਲਈ ਨਿਯਮਾਂ ’ਚ ਢਿੱਲ ਦੇਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਕਿਉਂਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਲਗਾਤਾਰ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ।

Lal Chand Kataruchak

 

ਚੰਡੀਗੜ੍ਹ: ਪੰਜਾਬ ਸਰਕਾਰ ਨੇ ਗਰਮੀ ਦੀ ਸ਼ੁਰੂਆਤ ਦੇ ਨਤੀਜੇ ਵਜੋਂ ਅਨਾਜ ਦੀ ਦਿੱਖ ਵਿੱਚ ਤਬਦੀਲੀ ਦੇ ਮੱਦੇਨਜਰ ਸੁੰਗੜੇ ਹੋਏ ਅਨਾਜ ਲਈ ਨਿਯਮਾਂ ਵਿਚ ਢਿੱਲ ਦੇਣ ਦੀ ਮੰਗ ਕੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮਾਰਚ ਦੇ ਆਖਰੀ ਹਫਤੇ ਤੋਂ ਹੀ ਸੂਬੇ ’ਚ ਅਚਾਨਕ ਆਈ ਬੇਮਿਸਾਲ ਗਰਮੀ ਦੀ ਲਹਿਰ ਅਤੇ ਪਿਛਲੇ 2 ਹਫਤਿਆਂ ਤੋਂ ਲਗਾਤਾਰ ਜਾਰੀ ਗਰਮੀ ਦੇ ਕਰਨ ਕਣਕ ਦਾ ਦਾਣਾ ਸੁੰਗੜ ਗਿਆ ਹੈ ਜੋ ਕਿ ਇੱਕ ਕੁਦਰਤੀ ਵਰਤਾਰਾ ਹੈ ਅਤੇ ਕਿਸਾਨ ਦੁਆਰਾ ਆਪਣੀ ਫਸਲ ਦੀ ਕਾਸ਼ਤ ਦੇ ਤਰੀਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Lal Chand Kataruchak

ਉਹਨਾਂ ਕਿਹਾ ਕਿ ਇਸ ਤਰਾਂ ਕਿਸਾਨ ਦੁਆਰਾ ਲਿਆਂਦੇ ਗਏ ਕਿਸੇ ਵੀ ਢੇਰ ਨੂੰ, ਜਿਸ ਵਿੱਚ ਨਿਰਧਾਰਤ ਕੀਤੇ ਗਏ ਅਨਾਜ ਨਾਲੋਂ ਸੁੱਕੇ ਅਨਾਜ ਦੀ ਪ੍ਰਤੀਸ਼ਤਤਾ ਵੱਧ ਹੈ, ਖਰੀਦਣ ਤੋਂ ਇਨਕਾਰ ਕਰਨਾ ਬੇਇਨਸਾਫੀ ਹੈ। ਉਹਨਾਂ ਅੱਗੇ ਦੱਸਿਆ ਕਿ ਕੱਲ ਸਕੱਤਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਪੰਜਾਬ ਸਰਕਾਰ ਨੇ ਸਕੱਤਰ, ਖੁਰਾਕ ਅਤੇ ਜਨਤਕ ਵੰਡ, ਭਾਰਤ ਸਰਕਾਰ ਨੂੰ ਇੱਕ ਡੈਮੀ ਅਧਿਕਾਰਤ ਪੱਤਰ ਲਿਖ ਕੇ ਕਣਕ ਲਈ ਸੁੰਗੜੇ ਹੋਏ ਦਾਣਿਆਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਢਿੱਲ ਦੇਣ ਦੀ ਬੇਨਤੀ ਕੀਤੀ ਸੀ। ਮੰਡੀਆਂ ਵਿੱਚ ਫਸਲ ਆ ਰਹੀ ਹੈ।

Wheat procurement

ਉਹਨਾਂ ਕਿਹਾ ਕਿ ਐਫਸੀਆਈ ਖੇਤਰੀ ਦਫਤਰ ਵੀ ਆਪਣੇ ਜ਼ਿਲਾ ਦਫਤਰਾਂ ਤੋਂ ਇਸ ਸਬੰਧ ਵਿੱਚ ਨਮੂਨੇ ਇਕੱਠੇ ਕਰ ਰਿਹਾ ਹੈ ਅਤੇ ਰਿਪੋਰਟਾਂ ਤਿਆਰ ਕਰ ਰਿਹਾ ਹੈ। ਇਹ ਨੋਟ ਕੀਤਾ ਜਾ ਸਕਦਾ ਹੈ ਕਿ ਭਾਰਤ ਸਰਕਾਰ ਨੇ ਖਰੀਦੀ ਜਾ ਰਹੀ ਕਣਕ ਵਿੱਚ ਸਿਰਫ 6% ਸੁੰਗੜੇ ਹੋਏ ਅਨਾਜ ਦੀ ਹੀ ਇਜਾਜ਼ਤ ਦਿੱਤੀ ਹੈ, ਜਦਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਸੁੰਗੜੇ ਹੋਏ ਅਨਾਜ ਦੀ ਪ੍ਰਤੀਸ਼ਤਤਾ ਇਸ ਤੋਂ ਕਿਤੇ ਵੱਧ ਪਾਈ ਜਾਂਦੀ ਹੈ।


Lal Chand Kataruchak

ਮੰਤਰੀ ਨੇ ਕਿਸਾਨਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਕਿਉਂਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਲਗਾਤਾਰ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ। ਉਹਨਾਂ ਨੇ ਖਰੀਦ ਏਜੰਸੀਆਂ ਦੇ ਮੈਨੇਜਿੰਗ ਡਾਇਰੈਕਟਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਨਾਂ ਹਾਲਤਾਂ ਵਿੱਚ ਫੀਲਡ ਵਿੱਚ ਕੰਮ ਕਰ ਰਹੇ ਸਟਾਫ ਦੇ ਹਿੱਤਾਂ ਦੀ ਰਾਖੀ ਕਰਨ। ਉਹਨਾਂ ਨੇ ਮੰਡੀਆਂ ਵਿੱਚ ਆਉਣ ਵਾਲੀ ਕਣਕ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।