ਬਠਿੰਡਾ ਦੀ ਸਰਹੱਦ ਨੇੜੇ ਪੁੱਜਾ ਟਿੱਡੀ ਦਲ ਦਾ ਕਾਫਲਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਬਠਿੰਡਾ ’ਚ ਮੁੜ ਟਿੱਡੀ ਦਲ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਲਿਆ ਦਿਤੀਆਂ ਹਨ।

File Photo

ਬਠਿੰਡਾ: ਬਠਿੰਡਾ ’ਚ ਮੁੜ ਟਿੱਡੀ ਦਲ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਲਿਆ ਦਿਤੀਆਂ ਹਨ। ਪਿਛਲੇ ਕਰੀਬ 6 ਮਹੀਨਿਆਂ ਤੋਂ ਇਸ ਇਲਾਕੇ ’ਚ ਰੁਕ-ਰੁਕ ਕੇ ਦਸਤਕ ਦੇ ਰਹੇ ਟਿੱਡੀਆਂ ਦੇ ਕਾਫ਼ਲੇ ਬੀਤੇ ਕਲ ਬਠਿੰਡਾ ਜ਼ਿਲ੍ਹੇ ਦੀ ਸਰਹੱਦ ਨਾਲ ਸਿਰਸਾ ਤੇ ਹਨੂੰਮਾਨਗੜ੍ਹ ਦੇ ਪਿੰਡਾਂ ਵਿਚ ਦੇਖੇ ਗਏ ਹਨ।

ਖੇਤੀਬਾੜੀ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਤੋਂ ਕਰਾਸ ਕਰ ਕੇ ਰਾਜਸਥਾਨ ਵਿਚ ਦਾਖ਼ਲ ਹੋਏ ਇਹ ਕਾਫ਼ਲੇ ਬਾਅਦ ਵਿਚ ਹਰਿਆਣਾ ’ਚ ਦਾਖ਼ਲ ਹੁੰਦੇ ਹਨ। ਦਖਣੀ ਮਾਲਵਾ ਦੇ ਕਿਸਾਨਾਂ ਲਈ ਮੁਸੀਬਤ ਬਣੀਆਂ ਇਨ੍ਹਾਂ ਟਿੱਡੀਆਂ ਦੇ ਕਾਫ਼ਲੇ ਗੰਗਾਨਗਰ, ਹਨੂੰਮਾਨਗੜ੍ਹ ਦੇ ਪੱਕਾ ਸਰਾਹਨਾ ਤੇ ਸਿਰਸਾ ਦੇ ਟਿੱਬੀ ਪਿੰਡ ਨਜ਼ਦੀਕ ਪੁੱਜੇ ਹੋਏ ਸਨ।

ਹਾਲਾਂਕਿ ਅੱਜ ਦੇਰ ਸ਼ਾਮ ਰਾਹਤ ਵਾਲੀ ਖ਼ਬਰ ਇਹ ਵੀ ਸੁਣਨ ਨੂੰ ਮਿਲੀ ਕਿ ਹਨੂੰਮਾਨਗੜ੍ਹ ਤੇ ਸਿਰਸਾ ਵਾਲਾ ਕਾਫ਼ਲਾ ਇਕ ਵਾਰ ਹਵਾ ਦੇ ਰੁੱਖ ਕਾਰਨ ਸੂਰਤਗੜ੍ਹ ਵਲ ਮੁੜ ਗਿਆ ਹੈ। ਇਹ ਵੀ ਪਤਾ ਚਲਿਆ ਹੈ ਕਿ ਇਹ ਟਿੱਡੀ ਦਲ ਕਰੀਬ ਅੱਧਾ ਕਿਲੋਮੀਟਰ ਕਾਫ਼ਲੇ ਵਿਚ ਚਲ ਰਿਹਾ ਹੈ। ਉਧਰ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਵੀ ਕਿਸਾਨਾਂ ਲਈ ਨਵੀਂ ਬਿਪਤਾ ਸੁਹੇੜਨ ਵਾਲੇ ਇਸ ਦਲ ਦੇ ਹਮਲੇ ਦਾ ਮੋੜਵਾਂ ਜਵਾਬ ਦੇਣ ਲਈ ਸੂਬੇ ਦੇ ਵਿਭਾਗਾਂ ਦੀਆਂ ਇਕ ਦਰਜਨ ਟੀਮਾਂ ਬਣਾ ਕੇ ਉਨ੍ਹਾਂ ਨੂੰ ਗਤੀਸ਼ੀਲ ਰਹਿਣ ਦੇ ਹੁਕਮ ਦਿਤੇ ਹਨ।

ਵਿਭਾਗ ਵਲੋਂ ਦੂਜੇ ਵਿਭਾਗਾਂ ਨਾਲ ਮਿਲ ਕੇ ਟਿੱਡੀ ਦਲ ਦੇ ਹਮਲੇ ਦਾ ਟਾਕਰਾ ਕਰਨ ਲਈ ਅੱਜ ਮੌਕ ਡਰਿੱਲ ਵੀ ਕੀਤੀ ਗਈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਬਹਾਦਰ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਪਾਸ 14 ਤੋਂ ਵੱਧ ਗੰਨ ਸਪਰੇਅ ਪੰਪ ਮੌਜੂਦ ਹਨ। ਇਸ ਤੋਂ ਇਲਾਵਾ ਫ਼ਾਇਰ ਬ੍ਰਿਗੇਡ ਦੀਆਂ 9 ਗੱਡੀਆਂ ਅਤੇ ਯੂ.ਪੀ.ਐਲ. ਕੰਪਨੀ ਦੇ ਪੰਪ ਵੀ ਮੌਜੂਦ ਹਨ।ਉਨ੍ਹਾਂ ਦਸਿਆ ਕਿ ਇਲਾਕੇ ਦੇ ਕਿਸਾਨਾਂ ਨੂੰ ਵੀ ਅਪਣੇ ਟਰੈਕਟਰਾਂ ਰਾਹੀ ਚੱਲਣ ਵਾਲੇ ਸਪਰੇਹ ਪੰਪ ਤੇ ਮਜ਼ਦੂਰਾਂ ਨੂੰ ਤਿਆਰ ਰੱਖਣ ਲਈ ਅਪੀਲਾਂ ਕੀਤੀਆਂ ਗਈਆਂ ਹਨ।

ਖੇਤੀਬਾੜੀ ਵਿਭਾਗ ਦੇ ਨਾਲ ਸਥਾਨਕ ਸਰਕਾਰਾਂ ਵਿਭਾਗ ਨੂੰ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ, ਪੰਚਾਇਤੀ ਵਿਭਾਗ ਨੂੰ ਪੰਚਾਇਤ ਰਾਹੀਂ ਤਾਲਮੇਲ ਬਣਾਉਣ, ਮਾਲ ਵਿਭਾਗ ਦੇ ਅਧਿਕਾਰੀ ਨੰਬਰਦਾਰਾਂ, ਮੰਡੀਕਰਨ ਬੋਰਡ ਪਾਣੀ ਦੀਆਂ ਟੈਕੀਆਂ ਤੇ ਪੁਲਿਸ ਵਿਭਾਗ ਨੂੰ ਸਰਚ ਲਾਈਟਾਂ ਦੇ ਪ੍ਰਬੰਧ ਕਰਨ ਦੇ ਹੁਕਮ ਦਿਤੇ ਗਏ ਹਨ। 

ਫ਼ਸਲਾਂ ਨੂੰ ਟਿੱਡੀ ਦਲ ਤੋਂ ਬਚਾਉਣ ਦੇ ਉਪਾਅ 
ਬਠਿੰਡਾ: ਡਾ. ਸਿੱਧੂ ਨੇ ਟਿੱਡੀ ਦਲ ਦੇ ਹਮਲੇ ਤੋਂ ਕਿਸਾਨਾਂ ਦੀਆਂ ਫ਼ਸਲਾਂ ਬਚਾਉਣ ਦੀ ਰਣਨੀਤੀ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਇਸ ਨੂੰ ਦਿਨ ਸਮੇਂ ਖੇਤਾਂ ਵਿਚ ਬੈਠਣ ਨਹੀਂ ਦਿਤਾ ਜਾਵੇਗਾ, ਇਸ ਲਈ ਜਿਥੇ ਕਿਤੇ ਵੀ ਟਿੱਡੀ ਦਲ ਦਾ ਝੁੰਡ ਵਿਖਾਈ ਦਿੰਦਾ ਹੈ, ਕਿਸਾਨਾਂ ਨੂੰ ਖ਼ਾਲੀ ਪੀਪੇ ਖੜਕਾਉਣ ਜਾਂ ਪਟਾਕੇ ਪਾਉਣ ਲਈ ਕਿਹਾ ਗਿਆ ਹੈ।

ਜਦਕਿ ਰਾਤ ਸਮੇਂ ਵੱਡੇ ਪੰਪਾਂ ਤੇ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਇਨ੍ਹਾਂ ਉਪਰ ਸਪਰੇਅ ਦਾ ਛਿੜਕਾਅ ਕੀਤਾ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਟਿੱਡੀ ਦਲ ਦਾ ਇੱਕ ਕੀੜਾ ਅਪਣੇ ਭਾਰ ਦੇ ਬਰਾਬਰ ਇਕ ਦਿਨ ਵਿਚ ਹਰੀ ਫ਼ਸਲ ਖਾ ਜਾਂਦਾ ਹੈ। ਇਸ ਝੁੰਡ ਦੀ ਉਡਣ ਦੀ ਰਫ਼ਤਾਰ ਪ੍ਰਤੀ ਘੰਟਾ 16 ਤੋਂ 19 ਕਿਲੋਮੀਟਰ ਹੁੰਦੀ ਹੈ ਤੇ ਇਹ ਇਕ ਦਿਨ ਵਿਚ 130 ਕਿਲੋਮੀਟਰ ਤਕ ਸਫ਼ਰ ਤੈਅ ਕਰ ਸਕਦੇ ਹਨ। 

1971 ’ਚ ਪੰਜਾਬ ਵਿਚ ਹੋਇਆ ਸੀ ਟਿੱਡੀ ਦਲ ਦਾ ਭਿਆਨਕ ਹਮਲਾ
ਬਠਿੰਡਾ: ਖੇਤੀਬਾੜੀ ਮਾਹਰਾਂ ਮੁਤਾਬਕ ਇਸ ਤੋਂ ਪਹਿਲਾਂ ਪੰਜਾਬ ਵਿਚ ਸਾਲ 1971 ’ਚ ਟਿੱਡੀ ਦਲ ਵਲੋਂ ਭਿਆਨਕ ਹਮਲਾ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਖ਼ਤਮ ਕਰ ਦਿਤਾ ਗਿਆ ਸੀ। ਉਂਝ ਪਿਛਲੇ ਕੁੱਝ ਸਾਲਾਂ ਤੋਂ ਪਾਕਿਸਤਾਨ ਨਾਲ ਲਗਦੇ ਫ਼ਾਜਲਿਕਾ ਜ਼ਿਲ੍ਹੇ ਵਿਚ ਕਈ ਵਾਰ ਛੋਟੇ ਪੱਧਰ ’ਤੇ ਟਿੱਡੀ ਦਲ ਦਾ ਹਮਲਾ ਹੋ ਚੁਕਿਆ ਹੈ।