ਸੰਯੁਕਤ ਕਿਸਾਨ ਮੋਰਚਾ ਵਲੋਂ ਮੰਤਰੀਆਂ, ਸੰਸਦ ਮੈਂਬਰਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਦੇ ਘਰਾਂ ਸਾਹਮਣੇ ਤਿੰਨ ਦਿਨਾਂ ਧਰਨੇ ਸਮਾਪਤ
ਸੂਬੇ ਵਿਚ 24 ਥਾਵਾਂ ਤੇ ਦਿਤੇ ਗਏ ਵਿਸ਼ਾਲ ਧਰਨੇ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾਂ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਮੰਤਰੀਆਂ, ਸੰਸਦ ਮੈਂਬਰਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਦੇ ਘਰਾਂ ਅਤੇ ਦਫ਼ਤਰਾਂ ਦੇ ਸਾਹਮਣੇ ਦਿਤੇ ਜਾ ਰਹੇ ਤਿੰਨ ਦਿਨਾਂ ਧਰਨੇ ਅੱਜ ਸ਼ਾਮ ਸਮਾਪਤ ਹੋ ਗਏ। ਸੂਬੇ ਭਰ ’ਚ 24 ਥਾਵਾਂ ਤੇ ਇਹ ਧਰਨੇ ਚੱਲ ਰਹੇ ਸਨ। ਕਿਸਾਨ ਜਥੇਬੰਦੀਆਂ ਨੇ ਜ਼ੋਰਦਾਰ ਢੰਗ ਨਾਲ ਕੇਂਦਰੀ ਸਰਵੇ ਟੀਮ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰਦੇ ਹੋਏ ਭਾਜਪਾ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਨਾਲ ਹੋਏ ਵਿਆਪਕ ਨੁਕਸਾਨ ਨੂੰ ਕੌਮੀ ਆਫਤ ਐਲਾਣ ਕੇ ਪੰਜਾਬ ਨੂੰ ਦਸ ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ।
ਕਿਸਾਨੀ ਸੰਘਰਸ਼ ਦੀ ਬਦੌਲਤ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਮੁਆਵਜ਼ੇ ਨੂੰ ਨਿਗੂਣਾ ਕਰਾਰ ਦੱਸਦਿਆ ਇਸਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ 32 ਕਿਸਾਨ ਜਥੇਬੰਦੀਆਂ ਨੇ 11,12,13 ਸਤੰਬਰ ਨੂੰ ਤਿੰਨ ਦਿਨਾਂ ਧਰਨਿਆਂ ਦਾ ਐਲਾਨ ਕੀਤਾ ਸੀ ਜਿਸ ਤਹਿਤ ਸੂਬੇ ਭਰ ਚ ਸੰਗਰੂਰ ਵਿਖੇ ਮੁੱਖ-ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ, ਪਟਿਆਲਾ ਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਕੋਠੀ, ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ, ਸਮਾਣਾ ਵਿਖੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਦਫਤਰ ਵਿਖੇ,ਮੋਹਾਲੀ ਚ ਮੰਤਰੀ ਅਨਮੋਲ ਗਗਨ ਮਾਨ ਦੀ ਕੋਠੀ, ਮਾਨਸਾ ਚ ਆਪ ਆਗੂ ਪ੍ਰਿੰਸੀਪਲ ਬੁੱਧਰਾਮ ਦੇ ਘਰ ਅੱਗੇ, ਬਰਨਾਲਾ ਤੋ ਕੈਬਿਨਟ ਮੰਤਰੀ ਮੀਤ ਹੇਅਰ ਦੇ ਗ੍ਰਹਿ ਅੱਗੇ, ਜਲੰਧਰ ਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਰਿਹਾਇਸ਼ ਅੱਗੇ,ਮੁਕਤਸਰ ਵਿੱਖੇ ਗੁਰਮੀਤ ਖੁੱਡੀਆਂ ਦੇ ਘਰ ਅੱਗੇ, ਫਰੀਦਕੋਟ ਦੇ ਕੁਲਤਾਰ ਸੰਧਵਾ ਦੇ ਘਰ ਅੱਗੇ, ਤਰਨਤਾਰਨ ਤੋ ਲਾਲਜੀਤ ਭੁੱਲਰ ਦੀ ਕੋਠੀ ਅੱਗੇ, ਪਠਾਨਕੋਟ ਤੋਂ ਮੰਤਰੀ ਲਾਲ ਚੰਦ ਕਟਾਰੂਚੱਕ, ਫਗਵਾੜਾ ਵਿਖੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਸਾਹਮਣੇ,ਫਾਜ਼ਿਲਕਾ ਤੋਂ ਭਾਜਪਾ ਦੇ ਸੁਨੀਲ ਜਾਖੜ, ਫਿਰੋਜ਼ਪੁਰ ਚ ਭਾਜਪਾ ਆਗੂ ਗੁਰਮੀਤ ਸਿੰਘ ਰਾਣਾ ਸੋਢੀ, ਸੁਲਤਾਨਪੁਰ ਲੋਧੀ ਚ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਗ੍ਰਹਿ ਵਿਖੇ, ਹੁਸ਼ਿਆਰਪੁਰ ਵਿੱਚ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਜਗਰਾਉਂ ਤੋ ਸਰਬਜੀਤ ਕੌਰ ਮਾਣੂਕੇ ਦੇ ਗ੍ਰਹਿ ਅੱਗੇ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਰੋਪੜ ਤੋਂ ਹਰਜੋਤ ਬੈਂਸ,ਮੋਗਾ ਤੋ ਲਾਡੀ ਧੋਸ ਆਦਿ ਆਪ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦਿਤੇ ਗਏ ।
ਅੱਜ ਚੰਡੀਗੜ੍ਹ ਵਿਖੇ ਹੰਗਾਮੀ ਮੀਟਿੰਗ ਵਿਚ ਕਿਸਾਨ ਜਥੇਬੰਦੀਆਂ ਨੇ ਧਰਨਿਆਂ ਨੂੰ ਸਫਲ ਕਰਨ ਵਿਚ ਸਹਿਯੋਗ ਕਰਨ ਵਾਲੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਹੜਾਂ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਅਗਲੀ ਕੜੀ ਵਜੋਂ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਸੱਦੇ ਤਹਿਤ 22 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦਾ ਚਾਰ ਘੰਟੇ ਲਈ ਘਿਰਾਓ ਕੀਤਾ ਜਾਵੇਗਾ। ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਕਿਰਨਜੀਤ ਸਿੰਘ ਸੇਖੋ ਨੇ ਕੀਤੀ।