Farmers Protest 2024: ਸ਼ੰਭੂ ਮੋਰਚੇ ’ਤੇ ਡਟੇ ਬਜ਼ੁਰਗ ਕਿਸਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚਾਚੋਕੀ ਨਾਲ ਸਬੰਧਤ ਸੀ ਮ੍ਰਿਤਕ

Farmer Gian Singh

Farmers Protest 2024: ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਦੇ ਨਜ਼ਦੀਕ ਪਿੰਡ ਚਾਚੋਕੇ ਦੇ ਕਿਸਾਨ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਚਾਚੋਕੇ ਦੀ ਸ਼ੰਭੂ ਬਾਰਡਰ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਦੇ ਭਤੀਜੇ ਕਸ਼ਮੀਰ ਸਿੰਘ ਨੇ ਦਸਿਆ ਕਿ ਮੇਰਾ ਚਾਚਾ ਗਿਆਨ ਸਿੰਘ ਕਿਸਾਨੀ ਸੰਘਰਸ਼ ਲਈ ਘਰੋ 11 ਫ਼ਰਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਗਿਆ ਸੀ ਜਿਥੇ ਬੀਤੇ ਦਿਨ ਸ਼ੰਭੂ ਬਾਰਡਰ ’ਤੇ ਹਰਿਆਣਾ ਸਰਕਾਰ ਦੀ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵਲੋਂ ਛੰਡੇ ਗਏ ਹੰਝੂ ਗੈਸ ਦੇ ਗੋਲੇ ਅਤੇ ਧੂਏਂ ਦੇ ਬੰਬਾਂ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਰਾਜਪੁਰੇ ਅਤੇ ਫਿਰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿਥੇ ਇਲਾਜ ਅਧੀਨ ਅੱਜ ਸਵੇਰੇ ਉਨ੍ਹਾਂ ਨੇ ਦਮ ਤੋੜ ਦਿਤਾ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ਤੇ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਮੇਰੇ ਚਾਚਾ ਜੀ ਪਹਿਲੇ ਸ਼ਹੀਦ ਹੋਏ ਹਨ।

ਕਿਸਾਨ ਗਿਆਨ ਸਿੰਘ ਦੀ ਮੌਤ ਤੇ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਨੇ ਫ਼ੋਨ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸੰਘਰਸ਼ ਦਾ ਪਹਿਲਾ ਸ਼ਹੀਦ ਮੰਨਿਆ। ਇਸ ਮੌਕੇ ਕਿਸਾਨ ਆਗੂਆਂ ਵਲੋਂ ਭਾਰਤੀ ਜਨਤਾ ਪਾਰਟੀ ਅਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਹੱਕ ਮੰਗਦੇ ਕਿਸਾਨਾਂ ਉਪਰ ਜ਼ਬਰ ਜ਼ੁਲਮ ਕਰ ਕੇ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਮੁੱਢ ਬੰਨਿ੍ਹਆ ਹੈ। ਜਿਸ ਦਾ ਖ਼ਮਿਆਜ਼ਾ ਆਉਣ ਵਾਲੇ ਸਮੇਂ ਵਿਚ ਭਾਜਪਾ ਅਤੇ ਖੱਟਰ ਸਰਕਾਰ ਨੂੰ ਭੁਗਤਣਾ ਪਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।