75 ਹਜ਼ਾਰ ਰੁਪਏ ਠੇਕੇ 'ਤੇ ਲਈ ਸੀ ਜ਼ਮੀਨ, ਗੜ੍ਹੇਮਾਰੀ ਨੇ ਝੋਨੇ ਦੀ ਫ਼ਸਲ ਕੀਤੀ ਤਬਾਹ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇਵੇ: ਕਿਸਾਨ ਆਗੂ

Rain, hailstorm damage paddy crop across Punjab

 

ਫਾਜ਼ਿਲਕਾ: ਫਾਜ਼ਿਲਕਾ ਹਲਕੇ ਅੰਦਰ ਬੀਤੀ ਰਾਤ ਤੇਜ਼ ਮੀਂਹ, ਝੱਖੜ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਆਸਾਂ ’ਤੇ ਇਕ ਵਾਰ ਮੁੜ ਪਾਣੀ ਫੇਰ ਦਿਤਾ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰ ਦਿਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਦਸਿਆ ਕਿ ਉਹ ਅਪਣੀ ਟੀਮ ਸਮੇਤ ਫਾਜ਼ਿਲਕਾ ਦੇ ਪਿੰਡ ਲਾਧੂਕਾ, ਚਾਂਦਮਾਰੀ, ਨੂਰਸ਼ਾਹ, ਨਿੳਲਾ, ਬਹਿਕਖਾਸ ਦਾ ਜਾਇਜ਼ਾ ਲੈਣ ਗਏ।

ਉਨ੍ਹਾਂ ਦਸਿਆ ਕਿ ਕਿਸਾਨਾਂ ਲਗਾਤਾਰ ਕੁਦਰਤ ਦੀ ਮਾਰ ਹੇਠ ਰਹਿੰਦਾ ਹੈ, ਜਿਸ ਦੇ ਚੱਲਦੇ ਫਾਜ਼ਿਲਕਾ ਦੇ ਸਰਹੱਦੀ ਖੇਤਰ ਨੂੰ ਪਹਿਲਾ ਤਾਂ ਹੜ੍ਹਾਂ ਨੇ ਤਬਾਹ ਕੀਤਾ  ਅਤੇ ਹੁਣ ਬੀਤੀ ਰਾਤ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੀ ਮਿਹਤਨ ਨੂੰ ਤਬਾਹ ਕਰ ਦਿਤਾ। ਉਨ੍ਹਾਂ ਦਸਿਆ ਕਿ ਬੀਤੀ ਰਾਤ ਤੇਜ਼ ਮੀਂਹ, ਝੱਖੜ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਝੋਨੀ ਦੀ 90 ਪ੍ਰਤੀਸ਼ਤ ਫਸਲ ਤਬਾਹ ਕਰ ਦਿਤੀ ਹੈ, ਜਿਸ ਦੇ ਚੱਲਦੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।

ਉਨ੍ਹਾਂ ਦਸਿਆ ਕਿ ਕਿਸਾਨਾਂ ਨੇ ਅਪਣੀ ਝੋਨੇ ਦੀ ਫਸਲ ਨੂੰ ਪੁੱਤਾਂ ਵਾਂਗ ਪਾਲਿਆ ਸੀ, ਜਦੋਂ ਫ਼ਸਲ ਜਵਾਨ ਹੋਈ ਅਤੇ ਕਿਸਾਨ ਅਪਣੀ ਫਸਲ ਨੂੰ ਵੇਖਕੇ ਖੁਸ਼ ਹੋਏ ਤਾਂ ਕੁਦਰਤ ਨੇ ਅਪਣਾ ਕਹਿਰ ਬਰਸਾਇਆ। ਨੱਢਾ ਨੇ ਕਿਹਾ ਕਿ ਕਿਸਾਨਾਂ ਨੇ 75 ਹਜ਼ਾਰ ਰੁਪਏ ਜ਼ਮੀਨ ਠੇਕੇ ’ਤੇ ਲਈ ਸੀ ਅਤੇ 90 ਪ੍ਰਤੀਸ਼ਤ ਫ਼ਸਲ ਤਬਾਹ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇਵੇ।