ਮਕੌੜਾ ਪੱਤਣ 'ਤੇ ਰਾਵੀ ਦਰਿਆ 'ਚ ਰੁੜ੍ਹ ਰਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ
ਦਰਿਆ 'ਚ ਪਾਣੀ ਵਧਣ ਨਾਲ ਜ਼ਮੀਨਾਂ ਲੱਗ ਰਿਹਾ ਹੈ ਖੋਰਾ, ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਜਾ ਰਿਹਾ ਕੋਈ ਧਿਆਨ
ਗੁਰਦਾਸਪੁਰ (ਨਿਤਿਨ ਲੂਥਰਾ )- ਤਸਵੀਰਾਂ ਗੁਰਦਾਸਪੁਰ 'ਚ ਪੈਂਦੇ ਕਸਬਾ ਮਕੌੜਾ ਪੱਤਣ ਦੇ ਰਾਵੀ ਦਰਿਆ ਦੀਆਂ ਹਨ। ਜਿੱਥੇ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਹਰ ਸਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ 'ਤੇ ਖੋਰਾ ਲੱਗ ਰਿਹਾ ਹੈ।
ਦਰਅਸਲ ਬਰਸਾਤੀ ਮੌਸਮ ਸ਼ੁਰੂ ਹੁੰਦਿਆਂ ਹੀ ਇੱਥੋਂ ਦੇ ਕਿਸਾਨਾਂ ਨੂੰ ਕਦੇ ਹੜ੍ਹ ਅਤੇ ਕਦੇ ਖੋਰੇ ਦੀ ਮਾਰ ਝੱਲਣੀ ਪੈਂਦੀ ਹੈ। ਕਿਉਂਕਿ ਦਰਿਆ ਵਿਚ ਪਾਣੀ ਵਧਣ ਕਾਰਨ ਆਸਪਾਸ ਦੀ ਜ਼ਮੀਨ ਖੁਰ-ਖੁਰ ਕੇ ਦਰਿਆ ਵਿਚ ਵਹਿੰਦੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਦਾਰਾ ਨੇ ਦੱਸਿਆ ਕਿ ਮਕੌੜਾ ਪੱਤਣ ਰਾਵੀ ਦਰਿਆ ਦੇ ਨਾਲ-ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਲਗਦੀ ਹੈ। ਜਿਸ ਨੂੰ ਪਾਣੀ ਦੇ ਤੇਜ਼ ਵਹਾਅ ਕਾਰਨ ਖੋਰਾ ਲੱਗ ਚੁੱਕਿਆ ਹੈ ਅਤੇ ਕਾਫ਼ੀ ਜ਼ਮੀਨ ਦਰਿਆ ਵਿਚ ਰੁੜ੍ਹ ਚੁੱਕੀ ਹੈ।
ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਸਡੀਓ ਅਜੇ ਕੁਮਾਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਜਿੰਨਾ ਫੰਡ ਸੀ, ਉਹ ਲਗਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਰਾਵੀ ਦਰਿਆ ਨਾਲ ਲਗਦੇ ਕਿਸਾਨਾਂ ਨੂੰ ਜੋ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਦਾ ਅਸਟੀਮੇਟ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ, ਫੰਡ ਆਉਣ 'ਤੇ ਹੀ ਕੰਮ ਸ਼ੁਰੂ ਹੋ ਸਕੇਗਾ।
ਦੱਸ ਦਈਏ ਕਿ ਬਰਸਾਤਾਂ ਦਾ ਮੌਸਮ ਆਉਂਦਿਆਂ ਹੀ ਕਿਸਾਨਾਂ 'ਤੇ ਚਿੰਤਾ ਦੀ ਤਲਵਾਰ ਲਟਕ ਜਾਂਦੀ ਹੈ। ਪਰ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਕਦੋਂ ਹੱਲ ਕਰਦੀ ਹੈ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।