ਚੋਣ ਕੋਈ ਵੀ ਲੜ ਸਕਦਾ ਹੈ ਪਰ ਅਸੀਂ ਕਿਸੇ ਸਿਆਸੀ ਧਿਰ ਦਾ ਸਾਥ ਨਹੀਂ ਦੇਵਾਂਗੇ- ਜੋਗਿੰਦਰ ਉਗਰਾਹਾਂ
ਉਹਨਾਂ ਕਿਹਾ ਕਿ ਚੋਣ ਲੜਨਾ ਸਾਰਿਆਂ ਦਾ ਹੱਕ ਹੈ ਅਤੇ ਕੋਈ ਵੀ ਚੋਣ ਲੜ ਸਕਦਾ ਹੈ ਪਰ ਉਹਨਾਂ ਦੀ ਜਥੇਬੰਦੀ ਕਿਸੇ ਸਿਆਸੀ ਧਿਰ ਦਾ ਸਾਥ ਨਹੀਂ ਦੇਵੇਗੀ।
ਸੰਗਰੂਰ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਗੱਲ਼ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਲੋਕ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੋਂ ਸਾਰਾ ਹਿਸਾਬ ਲੈਣਗੇ। ਉਹਨਾਂ ਕਿਹਾ ਕਿ ਚੋਣ ਲੜਨਾ ਸਾਰਿਆਂ ਦਾ ਹੱਕ ਹੈ ਅਤੇ ਕੋਈ ਵੀ ਚੋਣ ਲੜ ਸਕਦਾ ਹੈ ਪਰ ਉਹਨਾਂ ਦੀ ਜਥੇਬੰਦੀ ਕਿਸੇ ਸਿਆਸੀ ਧਿਰ ਦਾ ਸਾਥ ਨਹੀਂ ਦੇਵੇਗੀ।
ਭਾਜਪਾ ’ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਚਾਹੇ ਉਹ 117 ਦੀ ਬਜਾਏ 217 ਉਮੀਦਵਾਰ ਖੜੇ ਕਰ ਲੈਣ ਪਰ ਲੋਕ ਉਹਨਾਂ ਨੂੰ ਵੋਟ ਨਹੀਂ ਦੇਣਗੇ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਸਾਰਿਆਂ ਦੀ ਸਾਂਝੀ ਸੂਝ-ਬੂਝ ਅਤੇ ਸਮਝਦਾਰੀ ਨਾਲ ਜਿੱਤਿਆ ਗਿਆ ਹੈ ਅਤੇ ਇਸ ਤੋਂ ਲੋਕਾਂ ਨੂੰ ਸੇਧ ਮਿਲੀ ਹੈ ਕਿ ਹੱਕਾਂ ਲਈ ਕਿਵੇਂ ਲੜਿਆ ਜਾਂਦਾ ਹੈ। ਲੋਕਾਂ ਵਿਚ ਇਸ ਸੰਘਰਸ਼ ਨਾਲ ਭਵਿੱਖ ਵਿਚ ਅੰਦੋਲਨ ਲੜਨ ਦਾ ਹੌਂਸਲਾ ਪੈਦਾ ਹੋਇਆ ਹੈ।
ਡੀਸੀ ਦਫ਼ਤਰਾਂ ਬਾਹਰ ਧਰਨੇ ਦੇਣ ਸਬੰਧੀ ਕਿਸਾਨ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਜਿਹੜੀਆਂ ਮੰਨ ਲਈ ਹਨ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ, ਇਸ ਦੇ ਖਿਲਾਫ਼ 20 ਦਸੰਬਰ ਤੋਂ ਲੈ ਕੇ 24 ਦਸੰਬਰ ਤੱਕ ਡੀਸੀ ਦਫ਼ਤਰਾਂ ਬਾਹਰ ਧਰਨੇ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਸਭ ਤੋਂ ਵੱਡੀਆਂ ਤਿੰਨ ਮੰਗਾਂ ਕਰਜ਼ਾ ਮਾਫੀ, ਰੁਜ਼ਗਾਰ ਅਤੇ ਨਸ਼ੇ ਦੇ ਖਾਤਮੇ ਸਬੰਧੀ ਸਰਕਾਰ ਕੋਲੋਂ ਹਿਸਾਬ ਮੰਗਿਆ ਜਾਵੇਗਾ। ਉਹਨਾਂ ਕਿਹਾ ਕਿ ਟੋਲ ਪਲਾਜ਼ਿਆਂ ਦੀਆਂ ਵਧੀਆਂ ਹੋਈਆਂ ਫੀਸਾਂ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ, ਉਹਨਾਂ ਕਿਹਾ ਕਿ ਟੋਲ ਪਲਾਜ਼ੇ ਸਰਕਾਰੀ ਹੋਣੇ ਚਾਹੀਦੇ ਹਨ।