ਮੁੱਖ ਮੰਤਰੀ ਵੱਲੋ ਮਹਾਤਮਾ ਗਾਂਧੀ ਨੂੰ ਉਨਾਂ ਦੀ 149ਵੀਂ ਜਨਮ ਵਰੇਗੰਡ ’ਤੇ ਸ਼ਰਧਾਂਜਲੀ ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨਾਂ ਦੀ 149ਵੀਂ ਜਨਮ ਵਰੇਗੰਡ ’ਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਪੰਜਾਬ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ...

Tribute to Mahatma Gandhi

ਐਸ.ਏ.ਐਸ ਨਗਰ (ਮੁਹਾਲੀ) : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨਾਂ ਦੀ 149ਵੀਂ ਜਨਮ ਵਰੇਗੰਡ ’ਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਪੰਜਾਬ ਦੇ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮਹਾਤਮਾ ਗਾਂਧੀ ਦੀ ਸ਼ਾਤੀ ਅਤੇ ਅਹਿੰਸਾ ਦੀ ਫ਼ਿਲਾਸਫੀ ਉਪਰ ਚੱਲਣ ਦਾ ਸੱਦਾ ਦਿਤਾ ਹੈ। ਉਨਾਂ ਨੇ ਸਮਾਨਤਾਵਾਦੀ ਸਮਾਜ ਨੂੰ ਤਰਾਸ਼ਣ ਲਈ ਆਪਣਾ ਦਰਸ਼ਨ ਦਿੱਤਾ ਹੈ।

ਅੱਜ ਇਥੇ ਕਿਸਾਨ ਵਿਕਾਸ ਚੈਂਬਰ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ (ਐਮ.ਜੀ.ਐਸ.ਵੀ.ਵਾਈ) ਬਾਰੇ ਇਕ ਮੈਗਾ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦੁਨਿਆਂ ਭਰ ਦੇ ਸੰਭਵਤ ਇਕੋ-ਇਕ ਆਗੂ ਸਨ ਜਿਨਾਂ ਨੇ ਆਜ਼ਾਦੀ ਦੇ ਸੰਘਰਸ਼  ਨੂੰ ਅਹਿੰਸਾ ਦੀ ਵਿਚਾਰਧਾਰਾ ਨਾਲ ਜਿੱਤਿਆ।

ਉਨਾਂ ਕਿਹਾ ਕਿ ਗਾਂਧੀ ਜੀ ਇਕ ਉੱਘੀ ਅਤੇ ਦਾਨਸ਼ਵਰ ਸ਼ਖਸ਼ੀਅਤ ਸਨ ਜਿਨਾਂ ਨੇ  ਪਿਆਰ, ਸ਼ਾਂਤੀ ਅਤੇ ਅਹਿੰਸਾ ਬਾਰੇ ਆਪਣੀ ਫ਼ਿਲਾਸਫੀ ਨੂੰ ਪਰਚਾਰਤ ਕਰਨ ਲਈ ਵਿਸ਼ਵ ਭਰ ਦੀ ਵੱਡੀ ਪੱਧਰ ਤੇ ਯਾਤਰਾ ਕੀਤੀ। ਇਥੋ ਤੱਕ ਕਿ ਦੱਖਣੀ ਅਫਰੀਕਾ ਦੇ ਨਸਲੀ ਵਿਤਕਰੇ ਦੇ ਵਿਰੋਧੀ ਕ੍ਰਾਂਤੀਕਾਰੀ ਆਗੂ ਨੈਲਸਨ ਮੰਡੇਲਾ ਜਿਨਾਂ ਨੇ ਤਕਰੀਬਨ 27 ਸਾਲ ਜੇਲ ਵਿੱਚ ਗੁਜਾਰੇ ਵੀ ਗਾਂਧੀ ਜੀ ਦੀ ਵਿਚਾਰਧਾਰਾ ਦੇ ਪ੍ਰਸ਼ੰਸਕ ਅਤੇ ਅਨੁਯਾਈ ਸਨ। ਐਮ.ਜੀ.ਐਸ.ਵੀ.ਵਾਈ ਦੀ ਮਹਤੱਤਾ ’ਤੇ ਜ਼ੋਰ ਦਿੰਦੇ ਹੋਏ

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਸੂਬੇ ਵਿੱਚ ਸਮਾਜ ਦੇ ਦੱਬੇ-ਕੁਚਲੇ ਅਤੇ ਸੁਵਿਧਾਵਾਂ ਤੋਂ ਵਾਂਝੇ ਵਰਗਾਂ ਤੱਕ ਪਹੁੰਚ ਕਰਕੇ ਵਿਸ਼ਾਲ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਲਾਜਮੀ ਬਣਾਉਂਣਾ ਹੈ ਕਿ ਸਮਾਜਿਕ ਅਤੇ ਆਰਥਿਕ ਵਿਕਾਸ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਅਤਿ ਗਰੀਬਾਂ ਤੱਕ ਪਹੁੰਚੇ ਜੋ ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਦੇਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਕ ਨੋਡਲ ਵਿਭਾਗ ਵੱਜੋ ਸੂਬੇ ਦੇ ਸਾਰੇ 22 ਜਿਲਿਾਂ ਵਿਚ ਮੈਗਾ ਕੈਂਪ ਆਯੋਜਿਤ ਕੀਤੇ ਹਨ। ਉਨਾਂ ਕਿਹਾ ਕਿ ਸੂਬੇ ਭਰ ਦੇ ਥੁੜਾਂ ਮਾਰੇ/ਸਹੁਲਤਾਂ ਤੋਂ ਵਾਂਝੇ ਲੋਕਾਂ ਨੂੰ ਗਰੀਬਾਂ ਪੱਖੀ 18 ਪਹਿਲਕਦਮੀਆਂ ਦਾ ਲਾਭ ਪਹੁੰਚੇਗਾ ਜਿਨਾਂ ਵਿੱਚ ਰਾਸ਼ਨ ਕਾਰਡ, ਆਟਾ-ਦਾਲ, ਮਨਰੇਗਾ, ਆਸ਼ੀਰਵਾਦ ਸਕੀਮ, ਘਰ-ਘਰ ਰੋਜਗਾਰ, ਕਰਜ਼ਾ ਰਾਹਤ ਆਦਿ ਸਕੀਮਾਂ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੂੰ ਸ਼ੁਰੂ ਕਰਨ ਦਾ ਇਕੋ-ਇਕ ਉਦੇਸ਼ ਇਹ ਯਕੀਨੀ ਬਣਾਉਂਣਾ ਹੈ ਕਿ ਸੂਬਾ ਸਰਕਾਰ ਦੀਆਂ ਗਰੀਬ ਪੱਖੀ ਪਹਿਲਕਦਮੀਆਂ ਦਾ ਲਾਭ ਸਿਰਫ ਸਮਾਜ ਦੇ ਥੁੜਾਂ ਮਾਰੇ ਵਰਗਾਂ ਅਤੇ ਹੱਕਦਾਰ ਲੋਕਾਂ ਨੂੰ ਹੀ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਨੇ ਘਰ-ਘਰ ਰੋਜ਼ਗਾਰ ਸਕੀਮ ਹੇਠ 31 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਇਲਾਵਾ 23 ਕਿਸਾਨਾਂ  ਨੂੰ ਕਰਜ਼ਾ ਮੁਆਫੀ ਦੇ ਚੈਕ ਅਤੇ ਆਸ਼ੀਰਵਾਦ ਸਕੀਮ ਹੇਠ 5 ਲਾਭ ਪਾਤਰੀਆਂ ਨੂੰ ਵਿੱਤੀ ਗਰਾਂਟ ਦੇ ਚੈਕ ਦਿੱਤੇ ਗਏ।

ਮੁੱਖ ਮੰਤਰੀ ਨੇ ਮੈਗਾ ਕੈਂਪ ਦੇ ਦੌਰਾਨ ਵੱਖ-ਵੱਖ ਸਟਾਲਾਂ ’ਤੇ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਜਿਥੇ ਵੱਖ-ਵੱਖ ਨਾਗਰਿਕ ਕੇਂਦਿ੍ਰਤ ਸੇਵਾਵਾਂ ਹੇਠ ਤਕਰੀਬਨ 4000 ਲਾਭਪਾਤਰੀ ਰਜਿਸਟਰਡ ਸਨ। ਮੁੱਖ ਮੰਤਰੀ ਦੀ ਹਾਜਰੀ ਵਿੱਚ ਰਹਿੰਦ-ਖੂਹੰਦ ਨੂੰ ਪ੍ਰਭਾਵੀ ਤਰੀਕੇ ਨਾਲ ਦੌਲਤ ਵਿੱਚ ਤਬਦੀਲ ਕਰਨ ਵਾਸਤੇ 15 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਇਕ ਪ੍ਰਾਜੈਕਟ ਵਾਸਤੇ ਇੰਨਵੈਸਟਮੈਂਟ ਪੰਜਾਬ ਅਤੇ ਮਹਿੰਦਰਾ ਵੇਸਟ-ਟੂ-ਐਨਰਜੀ ਸਲੁਸ਼ਨਜ ਲਿ. ਵਿਚਕਾਰ ਇਕ ਸਹਮਤੀ ਪੱਤਰ ਉੱਤੇ ਹਸਤਾਖਰ ਵੀ ਕੀਤੇ ਗਏ।

ਮਹਿੰਦਰਾ ਐਂਡ ਮਹਿੰਦਰਾ ਵੱਲੋਂ ਪੰਜਾਬ ਵਿਚ ਵੱਡੀ ਪੱਧਰ ’ਤੇ ਖੋਜ ਕਰਨ ਤੋਂ ਬਾਅਦ ਇਸ ਪਾਇਲਟ ਬਾਓ-ਮੈਰਾਥਨ ਪ੍ਰਾਜੈਕਟ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਨੇ ਹਰ ਸਾਲ ਪਰਾਲੀ/ਕਣਕ ਦੇ ਨਾੜ ਦੇ 10 ਹਜ਼ਾਰ ਟਨ ਦੀ ਪ੍ਰੋਸੈਸਿੰਗ ਰਾਹੀਂ ਸੂਬਾ ਸਰਕਾਰ ਦੀ ਮਦਦ ਕਰਨ ਲਈ ਵੀ ਉਤਸੁਕਤਾ ਪ੍ਰਗਟਾਈ। ਇਹ ਪ੍ਰਾਜੈਕਟ ਪਰਾਲੀ ਸਾੜਨ ਦੀ ਸਮੱਸਿਆ ਦਾ ਸਥਾਈ ਹੱਲ ਮੁਹੱਈਆ ਕਰਵਾਉਣ ਵਿੱਚ ਮਦਦ ਦੇਵੇਗਾ। ਇਸ ਪਹਿਲਕਦਮੀ ਨਾਲ 50-75 ਵਿਅਕਤੀਆਂ ਦੇ ਲਈ ਸਿੱਧਾ ਰੋਜਗਾਰ ਪੈਦਾ ਹੋਣ ਅਤੇ ਪਲਾਂਟ ਦੇ ਨਾਲ ਇਸ ਦੇ ਨੇੜਵੇ ਤਕਰੀਬਨ 1000 ਕਿਸਾਨਾਂ ਦੀ ਸਹਾਇਤਾ ਹੋਣ ਦੀ ਉਮੀਦ ਹੈ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਧ ਸਿੱਧੂ ਨੇ ਮੁਹਾਲੀ ਦੇ ਵਿਕਾਸ ਲਈ ਵਿਸ਼ੇਸ਼ ਧਿਆਨ ਦੇਣ ਵਾਸਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਮੋਹਾਲੀ ਦੇ ਛੇਤੀ ਹੀ ਦੇਸ਼ ਦਾ ਵਿਸ਼ਵ ਪੱਧਰੀ ਸ਼ਹਿਰ ਬਣਨ ਦੀ ਆਸ ਹੈ। ਵਿੱਤ ਕਮਿਸ਼ਨਰ ਦੇਹਾਤੀ ਵਿਕਾਸ ਅਤੇ ਪੰਚਾਇਤ ਅਨੁਰਾਗ ਵਰਮਾ ਨੇ ਸੰਖੇਪ ਵਿੱਚ ਐਮ.ਜੀ.ਐਸ.ਵੀ.ਵਾਈ ਦੀਆਂ ਦੀ ਵਿਸ਼ਸ਼ਤਾਵਾਂ ਦੀ ਪੇਸ਼ਕਾਰੀ ਕੀਤੀ। ਉਨਾਂ ਦੱਸਿਆ ਕਿ ਗਰੀਬ ਪੱਖੀ ਵੱਖ-ਵੱਖ ਸਕੀਮਾਂ ਦੇ ਹੇਠ ਲਾਭ ਪ੍ਰਾਪਤ ਕਰਨ ਵਾਲੇ 65 ਹਜ਼ਾਰ ਵਿਅਤੀਆਂ ਦੇ ਨਾਂ ਸੂਬੇ ਦੇ ਵੱਖ-ਵੱਖ ਹਿਸਿੱਆ ਵਿੱਚ ਅੱਜ ਆਯੋਜਿਤ ਕੀਤੇ ਜਾ ਰਹੇ ਅਜਿਹੇ ਮੈਗਾ ਕੈਂਪਾਂ ਵਿੱਚ ਦਰਜ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਸਪਰਾ ਨੇ ਇਸ ਮੌਕੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸੀਨੀਅਰ ਕਾਂਗਰਸ ਆਗੂ ਦੀਪਇੰਦਰ ਸਿੰਘ ਢਿਲੋਂ, ਏ.ਸੀ.ਐਸ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਏ.ਸੀ.ਐਸ ਪਸ਼ੂ ਪਾਲਨ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਜੀ ਵਿਜਰਾਲਿੰਗਮ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਗੁਰਕਿਰਤ ਪਾਲ ਸਿੰਘ, ਸਕੱਤਰ ਰੋਜ਼ਗਾਰ ਪੈਦਾ ਕਰਨਾ ਰਾਹੁਲ ਤਿਵਾੜੀ,

ਸਕੱਤਰ ਖੇਤੀਬਾੜੀ ਕੇ.ਐਸ. ਪਨੂੰ, ਡਾਇਰੈਕਟਰ ਖੁਰਾਕ ਦੇ ਸਿਵਲ ਸਪਲਾਈ ਅਨੰਦਿਤਾ ਮਿਤਰਾ, ਜੁਆਇੰਟ ਡਿਵੈਲਪਮੈਂਟ ਕਮਿਸ਼ਨਰ-ਕਮ-ਮਿਸ਼ਨ ਡਾਇਰੈਕਟਰ ਐਮ.ਜੀ.ਐਸ.ਵੀ.ਵਾਈ ਤਨੂੰ ਕਸ਼ਯਪ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਡਾਇਰੈਕਟਰ ਸਮਾਜਿਕ ਸੁਰੱਖਿਆ ਕਵਿਤਾ ਮੋਹਨ ਸਿੰਘ ਚੌਹਾਨ, ਮੁੱਖ ਮੰਤਰੀ ਦੇ ਓ.ਐਸ.ਡੀ ਜਗਦੀਪ ਸਿੰਘ ਸਿੱਧੂ ਅਤੇ ਸੰਦੀਪ ਸਿੰਘ ਬਰਾੜ ਹਾਜ਼ਰ ਸਨ।