ਨੌਜਵਾਨਾਂ ਨੂੰ ਖੇਤੀ ਖੇਤਰ ਪ੍ਰਤੀ ਆਕਰਸ਼ਿਤ ਕਰਨਾ ਸਮੇਂ ਦੀ ਮੁੱਖ ਜ਼ਰੂਰਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜੇਕਰ ਕਿਸੇ ਸਮੇਂ ਖੇਤੀ ਵਪਾਰ ਅਤੇ ਨੌਕਰੀ ਤੋਂ ਉੱਤਮ ਸੀ ਤਾਂ ਫਿਰ ਅੱਜਕਲ ਇਹ ਦੋਹਾਂ ਤੋਂ ਪਛੜ ਕਿਉਂ ਗਈ ਹੈ?

Attracting youth towards agriculture sector is the prime need of the hour

 

ਖੇਤੀ ਬਾਰੇ ਕਹੇ ਸ਼ਬਦ ‘ਉੱਤਮ ਖੇਤੀ ਮੱਧਮ ਵਪਾਰ’ ਤੋਂ ਜਾਪਦਾ ਹੈ ਕਿ ਪੁਰਾਤਨ ਸਮਿਆਂ ਵਿਚ ਸਾਡੇ ਬਜ਼ੁਰਗਾਂ ਵਲੋਂ ਖੇਤੀ ਨੂੰ ਵਪਾਰ ਤੋਂ ਵੀ ਵਧੀਆ ਸਮਝਿਆ ਜਾਂਦਾ ਸੀ। ਪੰਜਾਬੀ ਦੀ ਲੋਕ ਬੋਲੀ ‘ਡੂੰਘਾ ਵਾਹ ਲੈ ਹਲ ਵੇ ਤੇਰੀ ਘਰੇ ਨੌਕਰੀ’ ਤਾਂ ਖੇਤੀ ਨੂੰ ਨੌਕਰੀ ਤੋਂ ਵੀ ਬਿਹਤਰੀਨ ਮੰਨਦੀ ਹੈ। ਜੇਕਰ ਕਿਸੇ ਸਮੇਂ ਖੇਤੀ ਵਪਾਰ ਅਤੇ ਨੌਕਰੀ ਤੋਂ ਉੱਤਮ ਸੀ ਤਾਂ ਫਿਰ ਅੱਜਕਲ ਇਹ ਦੋਹਾਂ ਤੋਂ ਪਛੜ ਕਿਉਂ ਗਈ ਹੈ? ਕਿਉਂ ਮਾਪੇ ਅਪਣੇ ਬੱਚਿਆਂ ਨੂੰ ਪਿਤਾ ਪੁਰਖੀ ਕਿੱਤੇ ਖੇਤੀ ਤੋਂ ਦੂਰ ਕਰਨਾ ਚਾਹੁੰਦੇ ਹਨ? ਕਿਉਂ ਅੱਜ ਦਾ ਨੌਜਵਾਨ ਖੇਤੀ ਦੀ ਬਜਾਏ ਵਪਾਰ ਜਾਂ ਨੌਕਰੀ ਨੂੰ ਤਰਜ਼ੀਹ ਦੇਣ ਲੱਗਿਆ ਹੈ? ਕਿੳਂੁ ਕਿਸੇ ਸਮੇਂ “ਨੌਕਰ ਨੂੰ ਨਾ ਦੇਈਂ ਬਾਬਲਾ ਹਾਲੀ ਪੁੱਤ ਬਥੇਰੇ’’ ਕਹਿਣ ਵਾਲੀਆਂ ਪੰਜਾਬਣ ਕੁੜੀਆਂ ਖੇਤੀ ਵਾਲੇ ਪ੍ਰਵਾਰਾਂ ਵਿਚ ਵਿਆਹ ਕਰਵਾਉਣ ਤੋਂ ਕੰਨੀ ਕਤਰਾਉਣ ਲਗੀਆਂ ਹਨ?

ਪੁਰਾਤਨ ਸਮਿਆਂ ਦੇ ਮੁਕਾਬਲੇ ਆਧੁਨਿਕ ਸਮੇਂ ਦੀ ਖੇਤੀ ਸੁਖਾਲੀ ਵੀ ਹੋ ਗਈ ਹੈ। ਖੇਤੀ ਦੇ ਹੋਏ ਮਸ਼ੀਨੀਕਰਨ ਨੇ ਸਰੀਰਕ ਕੰਮ ਦੀ ਜ਼ਰੂਰਤ ਵੀ ਘਟਾ ਦਿਤੀ ਹੈ। ਦਿਨਾਂ ਵਿਚ ਹੋਣ ਵਾਲਾ ਕੰਮ ਮਸ਼ੀਨਾਂ ਦੀ ਬਦੌਲਤ ਘੰਟਿਆਂ ਵਿਚ ਹੋਣ ਲਗਿਆ ਹੈ। ਖੇਤੀ ਉਪਜਾਂ ਵਿਚ ਵੀ ਪਹਿਲਾਂ ਨਾਲੋਂ ਕਈ ਗੁਣਾ ਇਜ਼ਾਫ਼ਾ ਹੋ ਗਿਆ ਹੈ। ਖੇਤੀ ਖੇਤਰ ਵਿਚ ਸਹੂਲਤਾਂ ਦੀ ਆਮਦ ਦੇ ਬਾਵਜੂਦ ਅਜੋਕੇ ਨੌਜਵਾਨ ਮੁੰਡੇ ਕੁੜੀਆਂ ਖੇਤੀ ਨਾਲ ਜੁੜਨਾ ਪਸੰਦ ਨਹੀਂ ਕਰਦੇ। ਖੇਤੀ ਖੇਤਰ ਲਈ ਤਾਂ ਮਜ਼ਦੂਰਾਂ ਦੀ ਵੀ ਘਾਟ ਰੜਕਣ ਲੱਗੀ ਹੈ। ਪਿੰਡਾਂ ਦੇ ਮਜ਼ਦੂਰ ਕਿਸਾਨ ਪ੍ਰਵਾਰਾਂ ਨਾਲ ਸੀਰੀ ਸਾਂਝੀ ਰਲਣ ਦੀ ਬਜਾਏ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਨੂੰ ਤਰਜ਼ੀਹ ਦੇਣ ਲੱਗੇ ਹਨ।

ਖੇਤੀ ਦੀ ਉਤਮਤਾ ਨੂੰ ਦਰਸਾਉਂਦੀਆਂ ਕਹਾਵਤਾਂ ਅਤੇ ਬੋਲੀਆਂ ਦੇ ਨਾਲ ਨਾਲ ਖੇਤੀ ਉਪਜ ਦੀ ਅਨਿਸ਼ਚਤਤਾ ਦੀ ਗੱਲ ਕਰਦੀ ਕਹਾਵਤ ‘ਖੇਤੀ ਖਸਮਾਂ ਸੇਤੀ’ ਵੀ ਕਹੀ ਜਾਂਦੀ ਰਹੀ ਹੈ ਅਤੇ ਇਹ ਕਹਾਵਤ ਅਜੋਕੇ ਸਮੇਂ ਦੀ ਖੇਤੀ ’ਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਖੇਤੀ ਦੇ ਵਪਾਰ ਅਤੇ ਨੌਕਰੀਆਂ ਤੋਂ ਪਛੜ ਜਾਣ ਪਿੱਛੇ ਸਰਕਾਰਾਂ ਵਲੋਂ ਸਮੇਂ ਦੇ ਹਿਸਾਬ ਨਾਲ ਖੇਤੀ ਦੀ ਪ੍ਰਫੱੁਲਤਾ ਲਈ ਕੀਤੇ ਸੁਹਿਰਦ ਉਪਰਾਲਿਆਂ ਦੀ ਘਾਟ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਸਾਡੀਆਂ ਸਰਕਾਰਾਂ ਖੇਤੀ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀਆਂ ਹਨ। ਖੇਤੀ ਖੇਤਰ ਦੇ ਸੁਧਾਰਾਂ ਅਤੇ ਤਰੱਕੀ ਲਈ ਬਣਾਈਆਂ ਸੰਸਥਾਵਾਂ ਕਿਸਾਨਾਂ ਨੂੰ ਅਪਣੇ ਨਾਲ ਜੋੜਨ ਵਿਚ ਕਾਮਯਾਬ ਨਹੀਂ ਹੋ ਸਕੀਆਂ। ਖੇਤੀਕਰਨ ਦਾ ਤਰੀਕਾ ਅੱਜ ਵੀ ਇਕ ਦੂਜੇ ਦੀ ਵੇਖਾ ਵੇਖੀ ਹੈ। ਜ਼ਮੀਨ ਦੀ ਕਿਸਮ ਅਨੁਸਾਰ ਫ਼ਸਲਾਂ ਬੀਜਣ ਤੋਂ ਲੈ ਕੇ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਇਸਤੇਮਾਲ ਬਾਰੇ ਅਗਵਾਈ ਦਾ ਕਿਸਾਨਾਂ ’ਤੇ ਅਸਰ ਨਜ਼ਰ ਨਹੀਂ ਆ ਰਿਹਾ।

ਹਕੀਕਤ ਤਾਂ ਇਹ ਹੈ ਕਿ ਖੇਤੀ ਅੱਜ ਵੀ ਕਰਮਾਂ ਸੇਤੀ ਹੀ ਹੈ। ਸਿੱਧੇ ਤੌਰ ’ਤੇ ਕੁਦਰਤੀ ਮਾਰਾਂ ਤੋਂ ਪ੍ਰਭਾਵਤ ਹੋਣ ਵਾਲੇ ਖੇਤੀ ਦੇ ਹਾਲਾਤ ਅਨੁਸਾਰ ਖੇਤੀ ਖੇਤਰ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ। ਵਪਾਰ ਅਤੇ ਨੌਕਰੀ ਦੇ ਖੇਤੀ ਤੋਂ ਅੱਗੇ ਨਿਕਲਣ ਪਿੱਛੇ ਸਰਕਾਰੀ ਸਹੂਲਤਾਂ ਦੀ ਉਪਲਭਤਾ ਹੀ ਮੁੱਖ ਹੈ। ਖੇਤੀ ਦੇ ਖ਼ਰਚਿਆਂ ਅਤੇ ਆਮਦਨ ਵਿਚ ਪਏ ਪਾੜੇ ਦੀ ਪੂਰਤੀ ਲਈ ਸਰਕਾਰਾਂ ਦੀਆਂ ਕੋਸ਼ਿਸ਼ਾਂ ਕਿਧਰੇ ਨਜ਼ਰ ਨਹੀਂ ਆ ਰਹੀਆਂ। ਹਰੇ ਇਨਕਲਾਬ ਦੇ ਦੌਰ ਦੌਰਾਨ ਖੇਤੀ ਦੇ ਹੋਏ ਮਸ਼ੀਨੀਕਰਨ, ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਇਸਤੇਮਾਲ ਵਿਚ ਹੋਏ ਇਜ਼ਾਫ਼ੇ ਨੇ ਖੇਤੀ ਦੇ ਖ਼ਰਚਿਆਂ ਵਿਚ ਕਈ ਗੁਣਾਂ ਇਜ਼ਾਫ਼ਾ ਕਰ ਦਿਤਾ ਹੈ। ਡੀਜ਼ਲ ਦੀਆਂ ਪ੍ਰਤੀ ਦਿਨ ਵਧਦੀਆਂ ਕੀਮਤਾਂ ਖੇਤੀ ਖ਼ਰਚਿਆਂ ਦੇ ਇਜ਼ਾਫ਼ੇ ਦਾ ਸਬੱਬ ਬਣ ਰਹੀਆਂ ਹਨ। ਮਹਿੰਗਾਈ ਦੇ ਹਿਸਾਬ ਨਾਲ ਨਾਲ ਖੇਤੀ ਖੇਤਰ ਵਿਚ ਮਜ਼ਦੂਰਾਂ ਦੇ ਖ਼ਰਚਿਆਂ ਵਿਚ ਵੀ ਬੇਸ਼ੁਮਾਰ ਵਾਧਾ ਹੋਣ ਲਗਿਆ ਹੈ। ਖੇਤੀ ਦੀ ਆਮਦਨ ਅਤੇ ਖ਼ਰਚਿਆਂ ਬਾਰੇ ਸਰਕਾਰਾਂ ਦੀ ਗ਼ੈਰ ਜ਼ਿੰਮੇਵਾਰਨਾ ਪਹੁੰਚ ਖੇਤੀ ਨੂੰ ਘਾਟੇ ਵਾਲਾ ਧੰਦਾ ਬਣਾ ਰਹੀ ਹੈ। ਕਣਕ ਅਤੇ ਝੋਨੇ ਤੋਂ ਬਿਨਾਂ ਕਿਸੇ ਜਿਨਸ ਦਾ ਨਿਰਧਾਰਤ ਖ਼ਰੀਦ ਮੁਲ ਕਿਸਾਨਾਂ ਦੇ ਪੱਲੇ ਨਹੀਂ ਪੈਂਦਾ।

ਘਾਟੇ ਦੇ ਧੰਦੇ ਵਿਚ ਕਰਜ਼ੇ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਤੁਰਦੇ ਕਿਸਾਨਾਂ ਦੀਆਂ ਉਦਾਹਰਣਾਂ ਨੌਜਵਾਨਾਂ ਨੂੰ ਲਗਾਤਾਰ ਖੇਤੀ ਤੋਂ ਦੂਰ ਕਰ ਰਹੀਆਂ ਹਨ। ਨੌਜਵਾਨ ਪੀੜ੍ਹੀ ਦੀ ਖੇਤੀ ਖੇਤਰ ਤੋਂ ਪੈ ਰਹੀ ਦੂਰੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ। ਖੇਤੀ ਨੌਜਵਾਨ ਕਰਨਾ ਨਹੀਂ ਚਾਹੁੰਦੇ ਅਤੇ ਨੌਕਰੀਆਂ ਦੇ ਅਵਸਰ ਸਰਕਾਰਾਂ ਵਲੋਂ ਪ੍ਰਦਾਨ ਨਹੀਂ ਕੀਤੇ ਜਾ ਰਹੇ। ਸਿੱਟੇ ਵਜੋਂ ਬੇਰੁਜ਼ਗਾਰੀ ਦਾ ਅੰਕੜਾ ਪ੍ਰਤੀ ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਨੌਜਵਾਨਾਂ ਨੂੰ ਖੇਤੀ ਖੇਤਰ ਪ੍ਰਤੀ ਆਕਰਸ਼ਿਤ ਕਰਨ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਦਾ ਵੱਡੀ ਪੱਧਰ ’ਤੇ ਖ਼ਾਤਮਾ ਕੀਤਾ ਜਾ ਸਕਦਾ ਹੈ।
-ਬਿੰਦਰ ਸਿੰਘ ਖੁੱਡੀ ਕਲਾਂ,
ਮੋਬ:98786-05965