ਡਾ ਭੁਪਿੰਦਰ ਸਿੰਘ ਢਿੱਲੋਂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਵਜੋਂ ਨਿਯੁਕਤ
ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾ ਭੁਪਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਚਾਰ ਸਾਲ ਦੀ ਮਿਆਦ ਲਈ ਹੋਈ ਹੈ।
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿਲੋਂ ਨੇ ਪ੍ਰਬੰਧਕੀ ਬੋਰਡ ਵੱਲੋਂ ਕੇ ਵੀ ਕੇ ਅਮ੍ਰਿਤਸਰ ਦੇ ਸਹਿਯੋਗੀ ਨਿਰਦੇਸ਼ਕ(ਸਿਖਲਾਈ) ਡਾ ਭੁਪਿੰਦਰ ਸਿੰਘ ਢਿੱਲੋਂ ਨੂੰ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦਾ ਨਿਰਦੇਸ਼ਕ ਨਿਯੁਕਤ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਡਾ ਭੁਪਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਚਾਰ ਸਾਲ ਦੀ ਮਿਆਦ ਲਈ ਹੋਈ ਹੈ। ਡਾ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੀ ਵਿੱਦਿਆ ਪੀ ਏ ਯੂ ਤੋਂ ਹੀ ਹਾਸਿਲ ਕੀਤੀ।
1997 ਵਿਚ ਯੂਨੀਵਰਸਿਟੀ ਵਿਚ ਬਤੌਰ ਸਹਾਇਕ ਬਾਗਬਾਨੀ ਮਾਹਿਰ ਵਜੋਂ ਨੌਕਰੀ ਦਾ ਆਰੰਭ ਕਰਨ ਵਾਲੇ ਡਾ ਢਿੱਲੋਂ 2013 ਵਿਚ ਪ੍ਰੋਫੈਸਰ ਵਜੋਂ ਪਦਉੱਨਤ ਹੋਏ। ਨਾਲ ਹੀ ਕੇ ਵੀ ਕੇ ਅਮ੍ਰਿਤਸਰ ਵਿਚ ਸਹਾਇਕ ਨਿਰਦੇਸ਼ਕ ਸਿਖਲਾਈ ਵਜੋਂ ਕਾਰਜਭਾਰ ਸੰਭਾਲ ਕੇ ਉਨ੍ਹਾਂ ਨੇ ਥੋੜੀ ਮਿਆਦ ਵਾਲੇ ਵੋਕੇਸ਼ਨਲ ਸਿਖਲਾਈ ਕੋਰਸਾਂ ਅਤੇ ਖੇਤ ਵਿਚ ਖੋਜ ਤਜ਼ਰਬੇ ਕਰਵਾ ਕੇ ਖੇਤੀ ਤਕਨੀਕਾਂ ਦੇ ਪਸਾਰ ਵੱਲ ਧਿਆਨ ਦਿੱਤਾ।
ਉਨ੍ਹਾਂ ਨੇ ਖੇਤ ਦਿਵਸ ਆਯੋਜਿਤ ਕਰਾ ਕੇ ਵੱਖ ਵੱਖ ਫਸਲਾਂ ਦੀਆਂ ਪ੍ਰਦਰਸ਼ਨੀਆਂ ਲਗਾਉਣ ਅਤੇ ਹਰ ਵਿਧੀ ਨਾਲ ਕਿਸਾਨਾਂ ਤਕ ਨੇੜਲੀ ਪਹੁੰਚ ਬਣਾਈ। ਉਨ੍ਹਾਂ ਨੌਜਵਾਨਾਂ ਅਤੇ ਕਿਸਾਨ ਬੀਬੀਆਂ ਨੂੰ ਨਵੀਆਂ ਖੇਤੀ ਤਕਨੀਕਾਂ ਨਾਲ ਜੋੜਨ ਲਈ ਸਿਖਲਾਈ ਪ੍ਰਬੰਧ ਨੂੰ ਵਿਕਸਿਤ ਕੀਤਾ। ਡਾ ਭੁਪਿੰਦਰ ਸਿੰਘ ਢਿੱਲੋਂ ਨੇ ਵੱਖ ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਨਾਲ ਪ੍ਰਸ਼ਾਸਕ ਵਜੋਂ ਜੁੜੇ ਰਹੇ।
2016 ਵਿਚ ਉਨ੍ਹਾਂ ਨੂੰ ਅਜਨਾਲਾ ਦੇ ਖੋਜ ਕੇਂਦਰ ਦਾ ਵਧੀਕ ਚਾਰਜ ਵੀ ਸੌਂਪਿਆ ਗਿਆ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ੍ਰੀ ਐਵਾਰਡੀ ਨੇ ਡਾ ਢਿੱਲੋਂ ਨੂੰ ਇਸ ਨਿਯੁਕਤੀ ਲਈ ਵਧਾਈ ਦਿੰਦਿਆਂ ਨਵੀਂ ਭੂਮਿਕਾ ਵਿਚ ਉਨ੍ਹਾਂ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ।