ਸਿੱਧੀ ਬਿਜਾਈ ਤਹਿਤ ਟੀਚੇ ਦਾ 10ਵਾਂ ਹਿੱਸਾ ਵੀ ਹਾਸਲ ਕਰਨ 'ਚ ਅਸਫ਼ਲ ਰਿਹਾ ਪੰਜਾਬ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਸਾਲ ਰਖਿਆ ਸੀ ਡੀ.ਐਸ.ਆਰ. ਤਕਨੀਕ ਅਧੀਨ ਤਕਰੀਬਨ 5 ਲੱਖ ਏਕੜ ਰਕਬਾ ਲਿਆਉਣ ਦਾ ਟੀਚਾ

representational Image

  
ਮੋਹਾਲੀ : ਪੰਜਾਬ ਨੇ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਤਕਨੀਕ ਅਧੀਨ ਤਕਰੀਬਨ 5 ਲੱਖ ਏਕੜ ਰਕਬਾ ਲਿਆਉਣ ਦਾ ਟੀਚਾ ਰਖਿਆ ਸੀ, ਪਰ ਸੂਬਾ ਹੁਣ ਤਕ ਟੀਚੇ ਦਾ ਦਸਵਾਂ ਹਿੱਸਾ ਵੀ ਹਾਸਲ ਕਰਨ ਵਿਚ ਵੀ ਅਸਫ਼ਲ ਰਿਹਾ ਹੈ। ਪੰਜਾਬ ਵਿਚ ਡੀ.ਐਸ.ਆਰ. ਤਕਨੀਕ ਲਾਗੂ ਕਰਨ ਦਾ ਢੁਕਵਾਂ ਸਮਾਂ ਸਮਾਪਤ ਹੋ ਰਿਹਾ ਹੈ ਜਿਸ ਨੂੰ ਇਸ ਅਸਫ਼ਲਤਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਪੰਜਾਬ ਵਿਚ ਸਿਰਫ਼ 1.71 ਲੱਖ ਏਕੜ ਜ਼ਮੀਨ ਵਿਚ ਡੀ.ਐਸ.ਆਰ. ਦੀ ਵਰਤੋਂ ਕੀਤੀ ਗਈ ਸੀ।

ਖੇਤੀਬਾੜੀ ਵਿਭਾਗ ਅਨੁਸਾਰ, ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਇਕੱਠੀਆਂ ਕੀਤੀਆਂ ਗਈਆਂ ਫੀਲਡ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਪੰਜਾਬ 12 ਜੂਨ ਤਕ ਸਿਰਫ਼ 33,517 ਏਕੜ ਜ਼ਮੀਨ ਨੂੰ ਡੀ.ਐਸ.ਆਰ. ਤਕਨੀਕ ਅਧੀਨ ਲਿਆਉਣ ਵਿਚ ਕਾਮਯਾਬ ਰਿਹਾ ਹੈ ਅਤੇ ਇਸ ਤਕਨੀਕ ਨੂੰ ਲਾਗੂ ਕਰਨ ਲਈ ਸਿਫ਼ਾਰਸ਼ ਕੀਤੀ ਮਿਆਦ ਜੂਨ ਦੇ ਪਹਿਲੇ ਅੱਧ ਤਕ ਹੈ। 

ਡੀ.ਐਸ.ਆਰ. ਤਕਨੀਕ ਨਾਲ, ਜਿਸ ਨੂੰ ਟੀ-ਡੀ.ਐਸ.ਆਰ. ਜਾਂ 'ਤਰ-ਬਤਰ' ਝੋਨੇ ਦੀ ਸਿੱਧੀ ਬਿਜਾਈ ਵਜੋਂ ਵੀ ਜਾਣਿਆ ਜਾਂਦਾ ਹੈ, ਝੋਨੇ ਦੀ ਕਾਸ਼ਤ ਵਿਚ 15 ਤੋਂ 20 ਪ੍ਰਤੀਸ਼ਤ ਪਾਣੀ ਦੀ ਬਚਤ ਦੀ ਉਮੀਦ ਕੀਤੀ ਜਾਂਦੀ ਹੈ। ਜੇਕਰ ਪੰਜਾਬ ਵਿਚ ਰਿਵਾਇਤੀ ਢੰਗ ਨਾਲ ਝੋਨੇ ਦੀ ਬਿਜਾਈ ਵਾਲੇ ਰਕਬੇ ਯਾਨੀ 75 ਲੱਖ ਏਕੜ ਨੂੰ ਦੇਖਿਆ ਜਾਵੇ ਤਾਂ ਪੰਜ ਲੱਖ ਏਕੜ ਰਕਬਾ ਕੋਈ ਵੱਡਾ ਟੀਚਾ ਨਹੀਂ ਜਾਪਦਾ ਪਰ ਸੂਬਾ ਅਜੇ ਵੀ ਪਛੜ ਰਿਹਾ ਹੈ।ਹਰ ਸਾਲ ਪੰਜਾਬ ਵਿਚ ਝੋਨੇ ਹੇਠ 30 ਲੱਖ ਹੈਕਟੇਅਰ (ਲਗਭਗ 75 ਲੱਖ ਏਕੜ) ਦੀ ਕਾਸ਼ਤ ਰਿਕਾਰਡ ਕੀਤੀ ਜਾਂਦੀ ਹੈ, ਜਿਸ ਵਿਚ ਲਗਭਗ 4 ਤੋਂ 5 ਲੱਖ ਹੈਕਟੇਅਰ ਬਾਸਮਤੀ ਚਾਵਲ ਅਤੇ ਬਾਕੀ 25 ਤੋਂ 26 ਲੱਖ ਹੈਕਟੇਅਰ ਸਾਦਾ ਝੋਨਾ ਸ਼ਾਮਲ ਹੈ।

ਇਹ ਵੀ ਪੜ੍ਹੋ: ਪ੍ਰਕਾਸ਼ ਵਲੋਂ ਔਰੰਗਜ਼ੇਬ ਦੇ ਮਕਬਰੇ ’ਤੇ ਜਾਣ ਮਗਰੋਂ ਸਿਆਸੀ ਪਾਰਟੀਆਂ ਦੀ ਭਾਸ਼ਾ ਕਿਉਂ ਬਦਲੀ? : ਏ.ਆਈ.ਐਮ.ਆਈ.ਐਮ. ਸੰਸਦ ਮੈਂਬਰ

ਮੁਕਤਸਰ ਸਾਹਿਬ ਵਿਚ ਡੀ.ਐਸ.ਆਰ. ਤਹਿਤ 12 ਜੂਨ ਤਕ ਸਭ ਤੋਂ ਵੱਧ 9,966 ਏਕੜ ਰਕਬਾ ਦਰਜ ਕੀਤਾ ਗਿਆ ਹੈ। ਫ਼ਾਜ਼ਿਲਕਾ 7,687 ਏਕੜ ਦੇ ਨਾਲ ਦੂਜੇ ਅਤੇ ਬਠਿੰਡਾ 2,840 ਏਕੜ ਰਕਬੇ ਨਾਲ ਤੀਜੇ ਸਥਾਨ 'ਤੇ ਹੈ। ਡੀ.ਐਸ.ਆਰ. ਅਧੀਨ ਸਭ ਤੋਂ ਘੱਟ ਰਕਬੇ ਵਿਚ ਫ਼ਤਹਿਗੜ੍ਹ ਸਾਹਿਬ ਸਿਰਫ਼ 55 ਏਕੜ ਰਕਬੇ ਨਾਲ ਸਭ ਤੋਂ ਹੇਠਾਂ ਹੈ। ਰੋਪੜ ਵਿਚ 57.58 ਏਕੜ ਦਾ ਰਿਕਾਰਡ ਹੈ ਅਤੇ ਪਠਾਨਕੋਟ ਵਿਚ ਸਿਰਫ਼ 80 ਏਕੜ ਦੇ ਕਰੀਬ ਰਕਬੇ ਖੇਤੀ ਕੀਤੀ ਗਈ ਸੀ।
ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿਚ 2,238.75 ਏਕੜ, ਅੰਮ੍ਰਿਤਸਰ 'ਚ 2238.64 ਏਕੜ, ਲੁਧਿਆਣਾ ਵਿਖੇ 1458.46 ਏਕੜ, ਪਟਿਆਲਾ 'ਚ 1187.44 ਏਕੜ, ਫ਼ਰੀਦਕੋਟ ਵਿਚ 897.38 ਏਕੜ, ਮਾਨਸਾ 'ਚ 891.38 ਏਕੜ, ਸੰਗ੍ਰੁਰੂ ਵਿਖੇ 758.88 ਏਕੜ, ਤਰਨ ਤਾਰਨ ਵਿਚ 670 ਏਕੜ, ਬਰਨਾਲਾ ਵਿਖੇ 526.52 ਏਕੜ, ਗੁਰਦਾਸਪੁਰ ਵਿਖੇ 522.54 ਏਕੜ, ਮੋਹਾਲੀ ਵਿਚ 298 ਏਕੜ, ਮੋਗਾ ਵਿਖੇ 291.78 ਏਕੜ, ਕਪੂਰਥਲਾ ਵਿਖੇ 289.54 ਏਕੜ, ਨਵਾਂਸ਼ਹਿਰ ਵਿਚ 239.67 ਏਕੜ, ਜਲੰਧਰ ਵਿਖੇ 170.57 ਏਕੜ ਅਤੇ ਹੁਸ਼ਿਆਰਪੁਰ ਵਿਚ 151.67 ਏਕੜ ਰਕਬੇ 'ਤੇ ਡੀ.ਐਸ.ਆਰ. ਤਕਨੀਕ ਅਪਨਾਈ ਗਈ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਹੁਣ ਤਕ 3,400 ਕਿਸਾਨਾਂ ਨੇ ਡੀ.ਐਸ.ਆਰ. ਤਕਨੀਕ ਲਈ ਪੰਜੀਕਰਨ ਕਰਵਾਇਆ  ਹੈ। ਜੇਕਰ ਇਸ ਅੰਕੜੇ ਨੂੰ ਜ਼ਿਲ੍ਹਾਵਾਰ ਦੇਖਿਆ ਜਾਵੇ ਤਾਂ ਫ਼ਾਜ਼ਿਲਕਾ 'ਚ 791 ਕਿਸਾਨ ਰਜਿਸਟਰਡ ਹਨ, ਇਸ ਤੋਂ ਬਾਅਦ ਅੰਮ੍ਰਿਤਸਰ ਵਿਚ 755, ਬਠਿੰਡਾ ਵਿਚ 353, ਫ਼ਿਰੋਜ਼ਪੁਰ ਅਤੇ ਲੁਧਿਆਣਾ ਵਿਚ 158-158, ਪਟਿਆਲਾ ਵਿਚ 163 ਅਤੇ ਸੰਗਰੂਰ ਵਿਚ 112 ਕਿਸਾਨ ਰਜਿਸਟਰਡ ਹਨ। ਬਾਕੀ 11 ਜ਼ਿਲ੍ਹਿਆਂ ਵਿਚ ਸੌ ਤੋਂ ਵੀ ਘੱਟ ਕਿਸਾਨਾਂ ਨੇ ਡੀ.ਐਸ.ਆਰ. ਤਕਨੀਕ ਅਪਨਾਈ ਹੈ। ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਜ਼ਿਲ੍ਹਿਆਂ ਵਿਚ ਡੀ.ਐਸ.ਆਰ. ਤਕਨੀਕ ਅਧੀਨ ਕ੍ਰਮਵਾਰ 10 ਅਤੇ 11 ਕਿਸਾਨਾਂ ਦੇ ਨਾਲ ਸਭ ਤੋਂ ਘੱਟ ਕਿਸਾਨਾਂ ਦੀ ਗਿਣਤੀ ਦਰਜ ਕੀਤੀ ਗਈ।

ਜ਼ਿਕਰਯੋਗ ਹੈ ਕਿ ਸਰਕਾਰ ਨੇ ਇਸ ਸਾਲ ਟੀ-ਡੀ.ਐਸ.ਆਰ. ਤਕਨੀਕ ਦੇ ਪਾਇਲਟ ਪ੍ਰੋਜੈਕਟ ਲਈ ਪੰਜਾਬ ਦੇ 16 ਬਲਾਕਾਂ ਦੀ ਚੋਣ ਕੀਤੀ ਹੈ। ਇਨ੍ਹਾਂ ਬਲਾਕਾਂ ਵਿਚ ਸੰਗਰੂਰ ਵਿਚ ਸੁਨਾਮ, ਬਰਨਾਲਾ ਵਿਚ ਬਰਨਾਲਾ, ਮੋਗਾ 'ਚ ਮੋਗਾ-1, ਪਟਿਆਲਾ, ਫ਼ਤਹਿਗੜ੍ਹ ਸਾਹਿਬ ਵਿਚ ਬੱਸੀ ਪਠਾਣਾ, ਕਪੂਰਥਲਾ ਵਿਚ ਸੁਲਤਾਨਪੁਰ ਲੋਧੀ, ਬਠਿੰਡਾ ਵਿਚ ਫੂਲ, ਲੁਧਿਆਣਾ ਵਿਚ ਰਾਏਕੋਟ/ਮਾਛੀਵਾੜਾ, ਤਰਨਤਾਰਨ ਵਿਚ ਪੱਟੀ, ਅੰਮ੍ਰਿਤਸਰ ਵਿਚ ਅਜਨਾਲਾ, ਫ਼ਰੀਦਕੋਟ ਵਿੱਚ ਕੋਟਕਪੂਰਾ, ਫ਼ਿਰੋਜ਼ਪੁਰ ਵਿਚ ਘੱਲ ਖੁਰਦ ਜ਼ੀਰਾ, ਅਤੇ ਫ਼ਾਜ਼ਿਲਕਾ ਸ਼ਾਮਲ ਹਨ।